ਚੀਨੀ ਸਰਹੱਦ ’ਤੇ ਤੁਰੰਤ ਫ਼ੌਜ ਪਹੁੰਚਾਉਣ ਦੀ ਚਾਰਾਜੋਈ


ਨਵੀਂ ਦਿੱਲੀ - ਡੋਕਲਾਮ ’ਚ 73 ਦਿਨ ਚੱਲੇ ਅੜਿੱਕੇ ਨੂੰ ਧਿਆਨ ’ਚ ਰੱਖਦਿਆਂ ਫ਼ੌਜ ਨੇ ਫ਼ੈਸਲਾ ਕੀਤਾ ਹੈ ਕਿ ਭਾਰਤ-ਚੀਨ ਸਰਹੱਦ ਲਾਗੇ ਸੜਕ ਬਣਾਉਣ ਦੇ ਕੰਮ ’ਚ ਤੇਜ਼ੀ ਲਿਆਂਦੀ ਜਾਵੇ। ਸੜਕ ਬਣਾਉਣ ਦਾ ਕੰਮ ਕੋਰ ਆਫ਼ ਇੰਜਨੀਅਰਜ਼ (ਸੀਓਈ) ਨੂੰ ਸੌਂਪਿਆ ਗਿਆ ਹੈ ਤਾਂ ਜੋ ਲੋੜ ਪੈਣ ’ਤੇ ਫ਼ੌਜ ਨੂੰ ਤੇਜ਼ੀ ਨਾਲ ਉਥੇ ਪਹੁੰਚਾਇਆ ਜਾ ਸਕੇ। ਯੋਜਨਾ ਮੁਤਾਬਕ ਥਲ ਸੈਨਾ ਦੇ ਇੰਜਨੀਅਰਜ਼ ਸ਼ੁਰੂ ’ਚ ਪਹਾੜੀ ਇਲਾਕਿਆਂ ’ਚ ਸੜਕਾਂ ਵਿਛਾਉਣਗੇ ਅਤੇ ਜੇਕਰ ਲੋੜ ਪਈ ਤਾਂ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਵੱਲੋਂ ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇਗਾ।  ਸਾਲ 2005 ’ਚ ਬੀਆਰਓ ਨੂੰ ਚੀਨ ਨਾਲ ਲਗਦੀ ਸਰਹੱਦ ’ਤੇ ਰਣਨੀਤੀ ਪੱਖੋਂ ਅਹਿਮ 73 ਸੜਕਾਂ ਦੀ ਉਸਾਰੀ ਕਰਨ ਲਈ ਆਖਿਆ ਗਿਆ ਸੀ ਪਰ ਪ੍ਰਾਜੈਕਟ ’ਚ ਦੇਰੀ ਤੋਂ ਸੈਨਾ ਨਾਖੁਸ਼ ਹੈ। ਇਸੇ ਕਰਕੇ ਸੀਓਈ ਨੂੰ ਹੁਣ ਇਹ ਕੰਮ ਸੌਂਪਿਆ ਗਿਆ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਸੀਓਈ ਨੇ ਪਹਾੜੀਆਂ ਨੂੰ ਕੱਟਣ ਵਾਲੇ ਆਧੁਨਿਕ ਯੰਤਰਾਂ ਅਤੇ ਸੜਕ ਵਿਛਾਉਣ ਵਾਲੀਆਂ ਮਸ਼ੀਨਾਂ ਸਮੇਤ ਕਈ ਹੋਰ ਕਦਮ ਪਹਿਲਾਂ ਹੀ ਚੁੱਕ ਲਏ ਹਨ। ਸੂਤਰਾਂ ਨੇ ਕਿਹਾ ਕਿ ਫ਼ੌਜੀ ਹੈੱਡਕੁਆਰਟਰ ਨੇ ਬਾਰੂਦੀ ਸੁਰੰਗਾਂ ਦਾ ਪਤਾ ਲਾਉਣ ਵਾਲੇ 1000 ਡਿਟੈਕਟਰਾਂ ਦੇ ਹੁਕਮ ਦਿੱਤੇ ਹਨ। ਨੌਰਦਰਨ ਸੈਕਟਰ ਦੀਆਂ ਪਹਾੜੀਆਂ ਨਾਲ ਸੜਕ ਵਿਛਾਉਣ ਲਈ ਆਧੁਨਿਕ 100 ਜੇਸੀਬੀਜ਼ ਨੂੰ ਵੀ ਹਾਸਲ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਕਿਹਾ ਕਿ 50 ਤੋਂ ਵਧ ਥੋੜੇ ਸਮੇਂ ’ਚ ਤਿਆਰ ਹੋਣ ਵਾਲੇ ਪੁੱਲਾਂ ਅਤੇ ਵੱਡੀ ਗਿਣਤੀ ’ਚ ਹਮਲੇ ਵਾਲੇ ਟਰੈਕਾਂ ਨੂੰ ਵੀ ਖ਼ਰੀਦਿਆ ਜਾ ਰਿਹਾ ਹੈ ਤਾਂ ਜੋ ਫ਼ੌਜ ਦੀ ਗਤੀਸ਼ੀਲਤਾ ਨੂੰ ਵਧਾਇਆ ਜਾ ਸਕੇ। ਭਾਰਤ ਅਤੇ ਚੀਨ ਨਾਲ 4 ਹਜ਼ਾਰ ਕਿਲੋਮੀਟਰ ਲੰਬੀ ਸਰਹੱਦ ਲਗਦੀ ਹੈ।  

 
Latest News
Magazine Archive