ਵਾਦੀ ’ਚ ਲਖਵੀ ਦੇ ਭਤੀਜੇ ਸਣੇ ਛੇ ਲਸ਼ਕਰੀ ਹਲਾਕ


ਸ੍ਰੀਨਗਰ - ਮੁੰਬਈ ਹਮਲੇ ਦੇ ਸਾਜ਼ਿਸ਼ਘਾੜੇ ਜ਼ਕੀ-ਉਰ-ਰਹਿਮਾਨ ਲਖਵੀ ਦੇ ਭਤੀਜੇ ਸਣੇ ਲਸ਼ਕਰ-ਏ-ਤੋਇਬਾ ਦੇ ਛੇ ਪਾਕਿਸਤਾਨੀ ਅਤਿਵਾਦੀ ਅੱਜ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਵਿੱਚ ਹੋਏ ਮੁਕਾਬਲੇ ਦੌਰਾਨ ਮਾਰੇ ਗਏ। ਇਸ ਮੁਕਾਬਲੇ ਵਿੱਚ ਹਵਾਈ ਫੌਜ ਦਾ ਇਕ ਗਰੁੜ ਕਮਾਂਡੋ ਵੀ ਮਾਰਿਆ ਗਿਆ।
ਜੰਮੂ ਕਸ਼ਮੀਰ ਦੇ ਡੀਜੀਪੀ ਐਸ.ਪੀ. ਵੈਦ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਲਖਵੀ ਦੇ ਭਤੀਜੇ ਤੋਂ ਇਲਾਵਾ ਲਸ਼ਕਰ ਦੇ ਦੋ ਕਮਾਂਡਰ ਸ਼ਾਮਲ ਹਨ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਖ਼ੁਫ਼ੀਆ ਸੂਚਨਾ ਮਿਲਣ ਮਗਰੋਂ ਇਸ ਜ਼ਿਲ੍ਹੇ ਦੇ ਹਾਜਿਨ ਇਲਾਕੇ ਦੇ ਪਿੰਡ ਚੰਦਰਗੀਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਲੁਕੇ ਅਤਿਵਾਦੀਆਂ ਵੱਲੋਂ ਤਲਾਸ਼ੀ ਪਾਰਟੀ ਉਤੇ ਗੋਲੀ ਚਲਾ ਦੇਣ ਕਾਰਨ ਮੁਕਾਬਲਾ ਸ਼ੁਰੂ ਹੋ ਗਿਆ।
ਡੀਜੀਪੀ ਨੇ ਕਿਹਾ ਕਿ ਮੁਕਾਬਲੇ ਵਿੱਚ ਛੇ ਅਤਿਵਾਦੀ ਮਾਰੇ ਗਏ। ਇਹ ਸਾਰੇ ਪਾਕਿਸਤਾਨੀ ਨਾਗਰਿਕ ਸਨ। ਮਰਨ ਵਾਲਿਆਂ ਵਿੱਚ ਓਵੈਦ ਨਾਂ ਦਾ ਅਤਿਵਾਦੀ ਸ਼ਾਮਲ ਹੈ, ਜੋ ਜ਼ਕੀ-ਉਰ ਰਹਿਮਾਨ ਮਕੀ ਦਾ ਪੁੱਤਰ ਅਤੇ ਜ਼ਕੀ-ਉਰ-ਰਹਿਮਾਨ ਲਖਵੀ ਦਾ ਭਤੀਜਾ ਹੈ। ਉਨ੍ਹਾਂ ਕਿਹਾ ਕਿ ਲਸ਼ਕਰ ਦੇ ਦੋ ਕਮਾਂਡਰ ਜ਼ਰਗਾਮ ਤੇ ਮਹਿਮੂਦ ਵੀ ਮੁਕਾਬਲੇ ਦੌਰਾਨ ਮਾਰੇ ਗਏ। ਮੁਕਾਬਲੇ ਵਾਲੀ ਥਾਂ ਤੋਂ ਛੇ ਹਥਿਆਰ ਵੀ ਬਰਾਮਦ ਹੋਏ।
ਸ੍ਰੀਨਗਰ ਆਧਾਰਤ ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਇਸ ਕਾਰਵਾਈ ਦੌਰਾਨ ਭਾਰਤੀ ਹਵਾਈ ਫੌਜ ਦਾ ਗਰੁੜ ਕਮਾਂਡੋ ਵੀ ਮਾਰਿਆ ਗਿਆ, ਜਦੋਂ ਕਿ ਇਕ ਫੌਜੀ ਜ਼ਖ਼ਮੀ ਹੋ ਗਿਆ। ਇਸ ਦੌਰਾਨ ਸ੍ਰੀਨਗਰ ਦੇ ਬਾਹਰਵਾਰ ਪੁਲੀਸ ਨਾਲ ਮੁਕਾਬਲੇ ਵਿੱਚ ਇਕ ਅਤਿਵਾਦੀ ਦੇ ਮਾਰੇ ਜਾਣ ਤੋਂ ਇਕ ਦਿਨ ਬਾਅਦ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਕਰਫਿਊ ਲਾ ਦਿੱਤਾ ਗਿਆ। ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਸੱਯਦ ਆਬਿਦ ਰਾਸ਼ਿਦ ਸ਼ਾਹ ਨੇ ਦੱਸਿਆ ਕਿ ਸ੍ਰੀਨਗਰ ਦੇ ਅੱਠ ਥਾਣਿਆਂ ਅਧੀਨ ਪੈਂਦੇ ਇਲਾਕਿਆਂ ਵਿੱਚ ਪਾਬੰਦੀਆਂ ਲਾਈਆਂ ਗਈਆਂ। ਸਕੂਲਾਂ ਤੇ ਕਾਲਜਾਂ ਨੂੰ ਇਕ ਦਿਨ ਲਈ ਬੰਦ ਕਰ ਦਿੱਤਾ ਗਿਆ, ਜਦੋਂ ਕਿ ਕਸ਼ਮੀਰ ਯੂਨੀਵਰਸਿਟੀ ਵਿੱਚ ਵੀ ਪੜ੍ਹਾਈ ਠੱਪ ਰਹੀ। ਫਿਰ ਵੀ ਪ੍ਰੀਖਿਆਵਾਂ ਤੈਅ ਪ੍ਰੋਗਰਾਮ ਅਨੁਸਾਰ ਹੋਣਗੀਆਂ।
ਡੀ.ਸੀ. ਸ਼ਾਹ ਨੇ ਕਿਹਾ ਕਿ ‘‘ਪ੍ਰੀਖਿਆ ਦਾਖ਼ਲਾ ਕਾਰਡਾਂ ਨੂੰ ਕਰਫਿਊ ਪਾਸ ਵਜੋਂ ਮੰਨਿਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਪਰੀਮਪੋਰਾ, ਖਨਿਆਰ, ਐਮ.ਆਰ. ਗੁੰਜ, ਨੌਹੱਟਾ, ਰੈਣਾਵਾੜੀ ਅਤੇ ਸਫਕਦਲ ਥਾਣਾ ਇਲਾਕਿਆਂ ਵਿੱਚ ਮੁਕੰਮਲ ਪਾਬੰਦੀਆਂ ਲਾਈਆਂ ਗਈਆਂ ਹਨ, ਜਦੋਂ ਕਿ ਮੈਸੂਮਾ ਤੇ ਕਰਾਲਖੱਡ ਥਾਣਾ ਇਲਾਕਿਆਂ ਵਿੱਚ ਅੰਸ਼ਕ ਪਾਬੰਦੀਆਂ ਲਾਗੂ ਹਨ। ਸ੍ਰੀਨਗਰ ਦੇ ਜ਼ਾਕੂਰਾ ਇਲਾਕੇ ਵਿੱਚ ਗੋਲੀਬਾਰੀ ਦੌਰਾਨ ਕੱਲ੍ਹ ਇਕ ਸਬ ਇੰਸਪੈਕਟਰ ਤੇ ਇਕ ਅਤਿਵਾਦੀ ਮਾਰਿਆ ਗਿਆ ਸੀ।    
ਨਾਬਾਲਗ ਪੱਥਰਬਾਜ਼ਾਂ ਨਾਲ ਨਰਮਾਈ ਦੀ ਨਸੀਹਤ
ਨਵੀਂ ਦਿੱਲੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਸਰਕਾਰ ਨੂੰ ਕਿਹਾ ਕਿ ਉਹ ਪਥਰਾਅ ਤੇ ਹੋਰ ਗ਼ੈਰ ਕਾਨੂੰਨੀ ਗਤੀਵਿਧੀਆਂ ਦੇ ਦੋਸ਼ ਹੇਠ ਫੜੇ ਸਾਰੇ ਨਾਬਾਲਗਾਂ ਨੂੰ ਜੇਲ੍ਹਾਂ ਤੋਂ ਬਾਲ ਸੁਧਾਰ ਘਰਾਂ ਵਿੱਚ ਤਬਦੀਲ ਕਰੇ ਅਤੇ ਉਨ੍ਹਾਂ ਦੇ ਕੇਸਾਂ ਦੀ ਹਮਦਰਦੀ ਨਾਲ ਸਮੀਖਿਆ ਕੀਤੀ ਜਾਵੇ।
ਇਸ ਫੈਸਲੇ ਨੂੰ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੇ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੇਂਦਰ ਨੇ ਰਾਜ ਦੀਆਂ ਸਾਰੀਆਂ ਧਿਰਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਦਿਨੇਸ਼ਵਰ ਸ਼ਰਮਾ ਨੂੰ ਵਿਸ਼ੇਸ਼ ਨੁਮਾਇੰਦਾ ਨਿਯੁਕਤ ਕੀਤਾ ਸੀ। ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਦੀ ਪ੍ਰਧਾਨਗੀ ਹੇਠ ਕਸ਼ਮੀਰ ਬਾਰੇ ਕੋਰ ਗਰੁੱਪ ਦੀ ਮੀਟਿੰਗ ਵਿੱਚ ਇਹ ਮੁੱਦਾ ਵਿਚਾਰਿਆ ਗਿਆ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਹਾਜ਼ਰੀ ਵਾਲੀ ਇਸ ਮੀਟਿੰਗ ਵਿੱਚ ਜੰਮੂ ਕਸ਼ਮੀਰ ਸਰਕਾਰ ਨੂੰ ਨਾਬਾਲਗਾਂ ਦੇ ਕੇਸਾਂ ਉਤੇ ਗੌਰ ਕਰਨ ਲਈ ਕਹਿਣ ਦਾ ਫੈਸਲਾ ਹੋਇਆ ਸੀ।
ਇਸ ਗਤੀਵਿਧੀ ਤੋਂ ਜਾਣੂੰ ਗ੍ਰਹਿ ਮੰਤਰਾਲੇ ਦੇ ਇਕ ਸੂਤਰ ਨੇ ਕਿਹਾ ਕਿ ਕੋਰ ਗਰੁੱਪ ਦੀ ਮੀਟਿੰਗ ਮਗਰੋਂ ਜੰਮੂ ਕਸ਼ਮੀਰ ਸਰਕਾਰ ਨੂੰ ਕਿਹਾ ਗਿਆ ਹੈ ਕਿ ਪਥਰਾਅ ਤੇ ਹੋਰ ਜੁਰਮਾਂ ਲਈ ਗ੍ਰਿਫ਼ਤਾਰ ਕੀਤੇ ਸਾਰੇ ਨਾਬਾਲਗਾਂ ਨੂੰ ਬਾਲ ਸੁਧਾਰ ਘਰਾਂ ਵਿੱਚ ਤਬਦੀਲ ਕੀਤਾ ਜਾਵੇ ਅਤੇ ਉਨ੍ਹਾਂ ਦੇ ਕੇਸਾਂ ਦੀ ਹਮਦਰਦੀ ਨਾਲ ਸਮੀਖਿਆ ਕੀਤੀ ਜਾਵੇ। ਇਸ ਅਧਿਕਾਰੀ ਨੇ ਕਿਹਾ ਕਿ ਸੰਭਾਵਨਾ ਹੈ ਕਿ ਸੂਬਾ ਸਰਕਾਰ ਛੇਤੀ ਸਾਰੇ ਨਾਬਾਲਗਾਂ ਨੂੰ ਬਾਲ ਸੁਧਾਰ ਘਰਾਂ ਵਿੱਚ ਤਬਦੀਲ ਕਰਨ ਦੀ ਪਹਿਲਕਦਮੀ ਕਰੇਗੀ। ਇਸ ਮੀਟਿੰਗ ਵਿੱਚ ਸ਼ਰਮਾ ਤੋਂ ਇਲਾਵਾ ਗ੍ਰਹਿ ਤੇ ਰੱਖਿਆ ਮੰਤਰਾਲਿਆਂ ਦੇ ਉੱਚ ਅਧਿਕਾਰੀ ਅਤੇ ਖ਼ੁਫ਼ੀਆ ਏਜੰਸੀਆਂ ਦੇ ਮੁਖੀ ਸ਼ਾਮਲ ਸਨ।
ਕੇਂਦਰ ਦੇ ਵਿਸ਼ੇਸ਼ ਨੁਮਾਇੰਦੇ ਨੇ ਪਿਛਲੇ ਹਫ਼ਤੇ ਕਸ਼ਮੀਰ ਦੇ ਵੱਖ ਵੱਖ ਵਰਗਾਂ ਨਾਲ ਕੀਤੀ ਗੱਲਬਾਤ ਦੇ ਪਹਿਲੇ ਗੇੜ ਬਾਬਤ ਕੇਂਦਰੀ ਗ੍ਰਹਿ ਮੰਤਰੀ ਤੇ ਹੋਰਾਂ ਨੂੰ ਜਾਣਕਾਰੀ ਦਿੱਤੀ। ਸ਼ਰਮਾ ਗੱਲਬਾਤ ਪ੍ਰਕਿਰਿਆ ਜਾਰੀ ਰੱਖਣ ਲਈ ਆਪਣੇ ਮਿਸ਼ਨ ਤਹਿਤ ਛੇਤੀ ਵਾਦੀ ਦਾ ਮੁੜ ਦੌਰਾ ਕਰਨਗੇ।    

 

 

fbbg-image

Latest News
Magazine Archive