ਹਰਿਆਣਾ ਦੀ ਮਾਨੁਸ਼ੀ ਸਿਰ ਸਜਿਆ ਵਿਸ਼ਵ ਸੁੰਦਰੀ ਦਾ ਤਾਜ


ਸਾਨਿਆ - ਹਰਿਆਣਾ ਦੇ ਜ਼ਿਲ੍ਹਾ ਝੱਜਰ ਦੀ ਮਾਨੁਸ਼ੀ ਛਿੱਲਰ ਸ਼ਨਿਚਰਵਾਰ ਨੂੰ ਮਿਸ ਵਰਲਡ 2017 ਚੁਣੀ ਗਈ। 17 ਸਾਲ ਬਾਅਦ ਕਿਸੇ ਭਾਰਤੀ ਸੁੰਦਰੀ ਸਿਰ ਇਹ ਤਾਜ ਸਜਿਆ ਹੈ। ਚੀਨ ਦੇ ਸਾਨਿਆ ਸਿਟੀ ਐਰੀਨਾ ਵਿੱਚ ਹੋਏ ਇਸ ਮੁਕਾਬਲੇ ਵਿੱਚ ਵੱਖ ਵੱਖ ਮੁਲਕਾਂ ਦੀਆਂ 121 ਸੁੰਦਰੀਆਂ ਨੇ ਹਿੱਸਾ ਲਿਆ ਸੀ। ਮਿਸ ਵਰਲਡ 2016 ਮੁਕਾਬਲੇ ਦੀ ਜੇਤੂ ਪੁਏਰਟੋ ਰਿਕੋ ਦੀ ਸਟੈਫਨੀ ਡੇਲ ਵੈਲੇ ਨੇ ਮਾਨੁਸ਼ੀ ਨੂੰ ਤਾਜ ਪਹਿਨਾਇਆ। ਇਸ ਸਾਲ ਮਈ ਵਿੱਚ ਉਸ ਨੇ ਮਿਸ ਇੰਡੀਆ ਵਰਲਡ ਖ਼ਿਤਾਬ ਜਿੱਤਿਆ ਸੀ। ਮਿਸ ਵਰਲਡ ਮੁਕਾਬਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਮਾਨੂਸ਼ੀ ਦੇ ਜਿੱਤਣ ਦਾ ਐਲਾਨ ਕੀਤਾ ਗਿਆ। ਮਾਨੁਸ਼ੀ ਇੰਗਲੈਂਡ, ਫਰਾਂਸ, ਕੀਨੀਆ, ਮੈਕਸਿਕੋ ਦੀਆਂ ਸੁੰਦਰੀਆਂ ਨਾਲ ਆਖ਼ਰੀ ਪੰਜਾਂ ਵਿੱਚ ਸ਼ਾਮਲ ਹੋਈ ਸੀ। ਇਸ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਮਿਸ ਇੰਗਲੈਂਡ ਸਟੈਫਨੀ ਹਿੱਲ ਅਤੇ ਤੀਜੇ ਸਥਾਨ ’ਤੇ ਮਿਸ ਮੈਕਸਿਕੋ ਆਂਦਰੀਆ ਮੇਜਾ ਰਹੀ। ਮੁਕਾਬਲੇ ਦੇ ਆਖਰੀ ਗੇੜ ਵਿੱਚ ਮਾਨੁਸ਼ੀ ਤੋਂ ਜਿਊਰੀ ਨੇ ਪੁੱਛਿਆ ਕਿ ਕਿਹੜੇ ਪੇਸ਼ੇ ਵਿੱਚ ਸਭ ਤੋਂ ਜ਼ਿਆਦਾ ਤਨਖ਼ਾਹ ਮਿਲਣੀ ਚਾਹੀਦੀ ਹੈ ਅਤੇ ਕਿਉਂ? ਇਸ ਦੇ ਜਵਾਬ ਵਿੱਚ ਮਾਨੁਸ਼ੀ ਨੇ ਕਿਹਾ, ‘ਮਾਂ ਨੂੰ ਸਭ ਤੋਂ ਵੱਧ ਆਦਰ ਮਿਲਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਤਨਖ਼ਾਹ ਨਹੀਂ ਬਲਕਿ ਸਨਮਾਨ ਅਤੇ ਪਿਆਰ ਮਿਲਣਾ ਚਾਹੀਦਾ ਹੈ।’
ਧੀਆਂ ਨੂੰ ਆਜ਼ਾਦ ਛੱਡ ਦੇਵੋ: ਮਾਨੁਸ਼ੀ
ਮਾਨੁਸ਼ੀ ਨੇ ਮੀਡੀਆ ਨੂੰ ਕਿਹਾ ਕਿ ਧੀਆਂ ਨੂੰ ਭਰੋਸੇ ਨਾਲ ਆਜ਼ਾਦ ਛੱਡ ਦੇਣਾ ਚਾਹੀਦਾ ਹੈ। ਧੀਆਂ ਵੀ ਘਰ ਪਰਿਵਾਰ ਦੇ ਨਾਲ ਨਾਲ ਸਮਾਜ ਦਾ ਨਾਂ ਰੌਸ਼ਨ ਕਰਨਗੀਆਂ। ਉਨ੍ਹਾਂ ਕਿਹਾ ਕਿ ਉਸ ਸਾਹਮਣੇ ਕਦੇ ਵੀ ਚੁਣੌਤੀ ਨਹੀਂ ਆਈ ਅਤੇ ਨਾ ਹੀ ਉਸ ਨੇ ਕਿਸੇ ਚੀਜ਼ ਨੂੰ ਚੁਣੌਤੀ ਮੰਨਿਆ ਹੈ।
ਮੈਡੀਕਲ ਦੀ ਕਰ ਰਹੀ ਹੈ ਪੜ੍ਹਾਈ
ਗੋਹਾਣਾ  - ਮਾਨੁਸ਼ੀ ਦਾ ਗੋਹਾਣਾ ਨਾਲ ਦੁਹਰਾ ਰਿਸ਼ਤਾ ਹੈ। ਉਹ ਜਾਗਸੀ ਪਿੰਡ ਦੀ ਦੋਹਤੀ ਹੈ ਅਤੇ ਖਾਨਪੁਰ ਕਲਾਂ ਪਿੰਡ ’ਚ ਪੈਂਦੇ ਮਹਿਲਾ ਮੈਡੀਕਲ ਕਾਲਜ ’ਚ ਪੜ੍ਹਾਈ ਕਰ ਰਹੀ ਹੈ। ਉਹ ਛੁੱਟੀਆਂ ਲੈ ਕੇ ਮਿਸ ਵਰਲਡ ਮੁਕਾਬਲੇ ’ਚ ਹਿੱਸਾ ਲੈਣ ਗਈ ਹੈ। ਉਸ ਦੀ ਜਿੱਤ ’ਤੇ ਦੋਵੇਂ ਪਿੰਡਾਂ ’ਚ ਜ਼ਬਰਦਸਤ ਖੁਸ਼ੀ ਮਨਾਈ ਗਈ। ਉਹ ਜਾਗਸੀ ਪਿੰਡ ਦੇ ਚੰਦਰ ਸਿੰਘ ਸਹਿਰਾਵਤ ਦੀ ਦੋਹਤੀ ਹੈ। ਮਾਨੁਸ਼ੀ ਦੇ ਚਾਚਾ ਦਿਨੇਸ਼ ਛਿੱਲਰ ਸਿਵਲ ਹਸਪਤਾਲ ’ਚ ਡਾਕਟਰ ਅਤੇ ਚਾਚੀ ਊਸ਼ਾ ਕਟਾਰੀਆ ਮਹਿਲਾ ਮੈਡੀਕਲ ਕਾਲਜ ਦੇ ਚਮੜੀ ਰੋਗਾਂ ਬਾਰੇ ਵਿਭਾਗ ਦੀ ਮੁਖੀ ਹੈ। ਮਾਨੂਸ਼ੀ ਦੇ ਨਾਨਾ-ਨਾਨੀ ਰੋਹਤਕ ਦੀ ਬੈਂਕ ਕਾਲੋਨੀ ’ਚ ਰਹਿੰਦੇ ਹਨ ਅਤੇ ਜਿਵੇਂ ਹੀ ਮਿਸ ਵਰਲਡ ਬਣਨ ਦੀ ਖ਼ਬਰ ਆਈ ਤਾਂ ਉਨ੍ਹਾਂ ਦੇ ਘਰ ਬਾਹਰ ਆਤਿਸ਼ਬਾਜ਼ੀ ਸ਼ੁਰੂ ਹੋ ਗਈ ਅਤੇ ਕਮਲ ਕਾਲੋਨੀ ’ਚ ਮਠਿਆਈਆਂ ਵੰਡੀਆਂ ਗਈਆਂ।
 

 

 

fbbg-image

Latest News
Magazine Archive