ਭਾਰਤ ਖ਼ਿਲਾਫ਼ ਸ੍ਰੀਲੰਕਾ ਦੀ ਸਥਿਤੀ ਮਜ਼ਬੂਤ


ਤੀਜੇ ਦਿਨ ਭਾਰਤ ਦੀ ਪਹਿਲੀ ਪਾਰੀ 172 ਦੌੜਾਂ ’ਤੇ ਹੀ ਨਿੱਬੜੀ;
ਸ੍ਰੀਲੰਕਾ ਦਾ ਜਵਾਬੀ ਸਕੋਰ 165/4
ਕੋਲਕਾਤਾ - ਲਾਹਿਰੂ ਥਿਰਿਮਾਨੇ ਤੇ ਏਂਜਲੋ ਮੈਥਿਊਜ਼ ਦੇ ਨੀਮ ਸੈਂਕੜਿਆਂ ਤੇ ਦੋਵਾਂ ਦਰਮਿਆਨ ਸ਼ਾਨਦਾਰ ਭਾਈਵਾਲੀ ਦੀ ਮਦਦ ਨਾਲ ਸ੍ਰੀਲੰਕਾ ਨੇ ਭਾਰਤ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਪਹਿਲੀ ਪਾਰੀ ’ਚ ਚਾਰ ਵਿਕਟਾਂ ਦੇ ਨੁਕਸਾਨ ’ਤੇ 165 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਰੱਖੀ ਹੈ, ਜਦਕਿ ਇਸ ਤੋਂ ਪਹਿਲਾਂ ਭਾਰਤ ਦੀ ਪਾਰੀ 172 ਦੌੜਾਂ ’ਤੇ ਨਿੱਬੜ ਗਈ।
ਇੱਕ ਸਾਲ ਤੋਂ ਵੀ ਵੱਧ ਸਮੇਂ ਮਗਰੋਂ ਟੀਮ ’ਚ ਵਾਪਸੀ ਕਰ ਰਹੇ ਥਿਰਿਮਾਨੇ ਨੇ 27 ਦੌੜਾਂ ਦੇ ਸਕੋਰ ’ਤੇ ਸ਼ਿਖਰ ਧਵਨ ਵੱਲੋਂ ਦਿੱਤੇ ਜੀਵਨ ਦਾਨ ਦਾ ਫਾਇਦਾ ਚੁੱਕਦਿਆਂ 51 ਦੌੜਾਂ ਦੀ ਪਾਰੀ ਖੇਡੀ ਜਦਕਿ ਮੈਥਿਊਜ਼ (52) ਨਾਲ ਤੀਜੀ ਵਿਕਟ ਲਈ 99 ਦੌੜਾਂ ਦੀ ਭਾਈਵਾਲੀ ਵੀ ਕੀਤੀ। ਦੋਵਾਂ ਨੇ 94-94 ਗੇਂਦਾਂ ਦਾ ਸਾਹਮਣਾ ਕਰਦਿਆਂ 8-8 ਚੌਕੇ ਜੜੇ। ਖਰਾਬ ਰੌਸ਼ਨੀ ਕਾਰਨ ਜਦੋਂ ਦਿਨ ਦੀ ਖੇਡ ਜਲਦੀ ਸਮਾਪਤ ਕਰ ਦਿੱਤੀ ਗਈ ਤਾਂ ਨਿਰੋਸ਼ਨ ਡਿਕਵੇਲਾ 14 ਜਦਕਿ ਕਪਤਾਨ ਦਿਨੇਸ਼ ਚਾਂਦੀਮਲ 13 ਦੌੜਾਂ ਬਣਾ ਕੇ ਖੇਡ ਰਹੇ ਸਨ। ਭੁਵਨੇਸ਼ਵਰ ਕੁਮਾਰ (49 ਦੌੜਾਂ ਦੇਕੇ ਦੋ ਵਿਕਟਾਂ) ਅਤੇ ਉਮੇਸ਼ ਯਾਦਵ (50 ਦੌੜਾਂ ਦੇ ਕੇ ਦੋ ਵਿਕਟਾਂ) ਨੇ ਭਾਰਤ ਨੂੰ ਵਾਪਸੀ ਦਿਵਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੇ ਬਾਵਜੂਦ ਸ੍ਰੀਲੰਕਾ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਣ ਤੋਂ ਨਾ ਰੋਕ ਸਕੇ।
ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ’ਚ ਸ੍ਰੀਲੰਕਾ ਨੇ ਸੁਰੰਗਾ ਲਕਮਲ ਦੀ ਅਗਵਾਈ ਹੇਠਲੀ ਗੇਂਦਬਾਜ਼ੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਦੀ ਪਹਿਲੀ ਪਾਰੀ 172 ਦੌੜਾਂ ’ਤੇ ਹੀ ਢੇਰ ਕਰ ਦਿੱਤੀ। ਸ੍ਰੀਲੰਕਾ ਹੁਣ ਭਾਰਤ ਤੋਂ ਸਿਰਫ਼ 7 ਦੌੜਾਂ ਪਿੱਛੇ ਹੈ, ਜਦਕਿ ਉਸ ਕੋਲ ਅਜੇ ਛੇ ਵਿਕਟਾਂ ਬਾਕੀ ਹਨ। ਪਹਿਲੇ ਦੋ ਦਿਨ ਸਿਰਫ਼ 32.5 ਓਵਰਾਂ ਦੀ ਖੇਡ ਹੀ ਹੋ ਸਕੀ ਸੀ, ਪਰ ਅੱਜ ਧੁੱਪ ਨਿਕਲਣ ਮਗਰੋਂ 72.2 ਓਵਰ ਸੁੱਟੇ ਗਏ।
ਸ੍ਰੀਲੰਕਾ ਲਈ ਦਿਮੁਥ ਕਰੁਣਾਰਤਨੇ (8) ਅਤੇ ਸਦੀਰਾ ਸਮਰਵਿਕਰਮ (23) ਨੇ ਚਾਰ ਓਵਰਾਂ ’ਚ 29 ਦੌੜਾਂ ਜੋੜੀਆਂ। ਭੁਵਨੇਸ਼ਵਰ ਨੇ ਹਾਲਾਂਕਿ ਲਗਾਤਾਰ ਓਵਰਾਂ ’ਚ ਦੋਵਾਂ ਨੂੰ ਪੈਵੇਲੀਅਨ ਭੇਜ ਕੇ ਭਾਰਤ ਦੀ ਉਮੀਦ ਜਗਾਈ। ਰਿਚਰਡ ਕੈਟਲਬੋਰੇ ਨੂੰ ਗਲੇ ਦੀ ਤਕਲੀਫ ਕਾਰਨ ਉਨ੍ਹਾਂ ਦੀ ਥਾਂ ਅੰਪਾਇਰ ਦੀ ਭੂਮਿਕਾ ਜੋਇਲ ਵਿਲਸਨ ਨੇ ਨਿਭਾਈ। ਇਸ ਤੋਂ ਪਹਿਲਾਂ ਭਾਰਤ ਦੀ ਸਿਖਰਲੀ ਬੱਲੇਬਾਜ਼ੀ ਤੋੜਨ ਵਾਲੇ ਲਕਮਲ ਨੇ ਅੱਜ ਇੱਕ ਹੋਰ ਵਿਕਟ ਹਾਸਲ ਕਰਦਿਆਂ 19 ਓਵਰਾਂ ’ਚ 26 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਲਾਹਿਰੂ ਗਮਾਗੇ, ਦਾਸੁਨ ਸ਼ਨਾਕਾ ਤੇ ਦਿਲਰੁਵਾਨ ਪਰੇਰਾ ਨੇ ਵੀ ਦੋ-ਦੋ ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਭਾਰਤ ਦੀ ਪਾਰੀ 59.3 ਓਵਰਾਂ ’ਚ ਖਤਮ ਹੋ ਗਈ। ਸ੍ਰੀਲੰਕਾ ਖ਼ਿਲਾਫ਼ ਘਰੇਲੂ ਸਰਜ਼ਮੀਂ ’ਤੇ ਭਾਰਤ ਦਾ ਇਹ ਦੂਜਾ ਸਭ ਤੋਂ ਛੋਟਾ ਸਕੋਰ ਹੈ। ਸ੍ਰੀਲੰਕਾ ਨੇ ਇਸ ਤੋਂ ਪਹਿਲਾਂ ਦਸੰਬਰ 2005 ’ਚ ਚੇਨੱਈ ’ਚ ਮੇਜ਼ਬਾਨ ਟੀਮ ਨੂੰ 167 ਦੌੜਾਂ ’ਤੇ ਢੇਰ ਕਰ ਦਿੱਤਾ ਸੀ। ਭਾਰਤ ਵੱਲੋਂ ਚੇਤੇਸ਼ਵਰ ਪੁਜਾਰਾ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ।
ਸ੍ਰੀਲੰਕਾ ਕਰਾਏਗਾ ਤਿਕੋਣੀ ਟੀ-20 ਲੜੀ
ਨਵੀਂ ਦਿੱਲੀ - ਸ੍ਰੀਲੰਕਾ ਦੀ ਕ੍ਰਿਕਟ ਟੀਮ ਦੇਸ਼ ਦੀ ਆਜ਼ਾਦੀ ਦੇ 70 ਵਰ੍ਹੇ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ਮਾਰਚ 2018 ’ਚ ਭਾਰਤ ਤੇ ਬੰਗਲਾਦੇਸ਼ ਨਾਲ ਤਿਕੋਣੀ ਟੀ-20 ਕ੍ਰਿਕਟ ਲੜੀ ਕਰਾਏਗਾ। ਸ੍ਰੀਲੰਕਾ ਕ੍ਰਿਕਟ ਬੋਰਡ (ਐਸਐਲਸੀ) ਨੇ ਬਿਆਨ ’ਚ ਦੱਸਿਆ ਕਿ ਅੱਠ ਤੋਂ 20 ਮਾਰਚ ਤੱਕ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ’ਚ ਸੱਤ ਟੀ-20 ਕੌਮਾਂਤਰੀ ਮੈਚ ਕਰਾਏ ਜਾਣਗੇ। ਹਰ ਟੀਮ ਇੱਕ-ਦੂਜੇ ਨਾਲ 2-2 ਮੈਚ ਖੇਡੇਗੀ ਤੇ ਫਾਈਨਲ 29 ਮਾਰਚ ਨੂੰ ਹੋਵੇਗਾ। ਟੀ-20 ਮੈਚਾਂ ਦੀ ਇਸ ਤਿਕੋਣੀ ਲੜੀ ਨੂੰ ਨਿਦਾਸ ਟਰਾਫੀ ਦਾ ਨਾਂ ਦਿੱਤਾ ਗਿਆ ਹੈ, ਜੋ ਸ੍ਰੀਲੰਕਾ ਬੋਰਡ ਦੇ 70 ਸਾਲ ਪੂਰੇ ਹੋਣ ਦੀ ਵਰ੍ਹੇਗੰਢ ਵੀ ਹੋਵੇਗੀ।
ਫੇਕ ਫੀਲਡਿੰਗ ਤੋਂ ਖਿਝਿਆ ਕੋਹਲੀ
ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇੱਥੇ ਈਡਨ ਗਾਰਡਨ ’ਚ ਚੱਲ ਰਹੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਸ਼ਨਿਚਰਵਾਰ ਨੂੰ ਸ੍ਰੀਲੰਕਾਈ ਫੀਲਡਰਾਂ ਦੀ ‘ਫੇਕ ਫੀਲਡਿੰਗ’ ’ਤੇ ਕਾਫੀ ਗੁੱਸਾ ਆਇਆ, ਪਰ ਮੈਦਾਨੀ ਅੰਪਾਇਰਾਂ ਨੇ ਸ੍ਰੀਲੰਕਾ ’ਤੇ ਕੋਈ ਪੈਨਲਟੀ ਨਹੀਂ ਲਾਈ। ਇਹ ਮਾਮਲਾ ਭਾਰਤੀ ਪਾਰੀ ਦੇ 53ਵੇਂ ਓਵਰ ਦਾ ਹੈ। ਇਸ ਓਵਰ ਦਾ ਚੌਥੀ ਗੇਂਦ ਨੂੰ ਭੁਵਨੇਸ਼ਵਰ ਕੁਮਾਰ ਨੇ ਕਵਰ ਵੱਲ ਖੇਡਿਆ। ਜਦੋਂ ਉਹ ਦੂਜੀ ਦੌੜ ਲੈਣ ਲੱਗੇ ਤਾਂ ਸ੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਡੀਮਲ ਤਿਲਕਦਾ ਹੋਇਆ ਗੇਂਦ ਕੋਲ ਪਹੁੰਚਿਆ, ਪਰ ਉਸ ਨੇ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਆਈਸੀਸੀ ਦੇ ਨਿਯਮਾਂ ਅਨੁਸਾਰ ਇਹ ਫੇਕ ਫੀਲਡਿੰਗ ਹੈ ਮਤਲਬ ਫੀਲਡਰ ਬੱਲੇਬਾਜ਼ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਡਰੈਸਿੰਗ ਰੂਮ ’ਚ ਬੈਠੇ ਭਾਰਤੀ ਕਪਤਾਨ ਨੇ ਇਹ ਫੇਕ ਫੀਲਡਿੰਗ ਦੇਖ ਕੇ ਕੈਮਰੇ ਵੱਲ ਹੱਥ ਨਾਲ ਪੰਜ ਦੌੜਾਂ ਦੀ ਪੈਨਲਟੀ ਦਾ ਇਸ਼ਾਰਾ ਕੀਤਾ, ਪਰ ਮੈਦਾਨੀ ਅੰਪਾਇਰਾਂ ਨੇ ਸ੍ਰੀਲੰਕਾ ’ਤੇ ਕੋਈ ਪੈਨਲਟੀ ਨਹੀਂ ਲਾਈ।

 

 

fbbg-image

Latest News
Magazine Archive