ਫਰਨੇਸ ਫੈਕਟਰੀ ਵਿੱਚ ਧਮਾਕਾ ਦੋ ਮਜ਼ਦੂਰ ਹਲਾਕ, ਪੰਜ ਜ਼ਖਮੀ


ਫਤਹਿਗੜ੍ਹ ਸਾਹਿਬ - ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਭਾਦਸੋਂ ਸੜਕ ਨੇੜੇ ਪਿੰਡ ਤਰਖਾਣ ਮਾਜਰਾ ਕੋਲ ਸਥਿਤ ਐਸ.ਐਸ. ਸਟੀਲ ਇੰਡਸਟਰੀ (ਫਰਨੇਸ ਇਕਾਈ) ਦੀ ਭੱਠੀ ਵਿਚ ਜ਼ੋਰਦਾਰ ਧਮਾਕਾ ਹੋਣ ਕਾਰਨ ਸੱਤ ਪਰਵਾਸੀ ਮਜ਼ਦੂਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਦੋ ਮਜ਼ਦੂਰਾਂ ਰਾਜੂ ਅਤੇ ਸੋਨੂੰ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀਆਂ ਵਿਚ ਦੁਰਗਾ ਪਾਸਵਾਨ, ਰਣਜੀਤ, ਰਮਾਕਾਂਤ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਡੀ.ਐਮ.ਸੀ. ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਜਦ ਕਿ ਮਨੋਜ ਕੁਮਾਰ ਤੇ ਸਿਵ ਜੀ ਮੰਡੀ ਗੋਬਿੰਦਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਰਹਿੰਦ ਥਾਣੇ ਦੇ ਐਸਐਚਓ ਪ੍ਰਦੀਪ ਸਿੰਘ ਬਾਜਵਾ ਪੁਲੀਸ ਪਾਰਟੀ ਸਮੇਤ ਮੌਕੇ ਉੱਪਰ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭੱਠੀ ਵਿਚ ਲੋਹਾ ਪਿਘਲਾਇਆ ਜਾ ਰਿਹਾ ਕਿ ਧਮਾਕਾ ਹੋ ਗਿਆ ਤੇ ਪਿੰਗਲਿਆ ਲੋਹਾ ਭੱਠੀ ਉੱਪਰ ਕੰਮ ਕਰ ਰਹੇ ਮਜ਼ਦੂਰਾਂ ’ਤੇ ਪੈ ਗਿਆ ਤੇ ਸੱਤ ਪਰਵਾਸੀ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਧਮਾਕਾ ਇਨ੍ਹਾਂ ਸ਼ਕਤੀਸ਼ਾਲੀ ਸੀ ਕਿ ਫਰਨੈਸ ਇਕਾਈ ਵਿੱਚ ਲਗਪਗ 50 ਫੁੱਟ ਉੱਚੀ ਚਾਦਰਾਂ ਦੀ ਸ਼ੈੱਡ ਦੇ ਪਰਖੱਚੇ ਉੱਡ ਗਏ। ਫੈਕਟਰ ਦੇ ਮਾਲਕ ਸੁਰੇਸ਼ ਕੁਮਾਰ ਨੇ ਕਿਹਾ ਕਿ ਜਦੋਂ ਹੀ ਉਨ੍ਹਾਂ ਨੂੰ ਧਮਾਕੇ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪੁੱਜੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿਚ ਭਰਤੀ ਕਰਵਾਇਆ ਹੈ। ਹਾਲਾਂ ਕਿ ਮਾਲਕ ਜ਼ਖਮੀ ਮਜ਼ਦੂਰਾਂ ਦੀ ਗਿਣਤੀ ਚਾਰ ਦੱਸ ਰਿਹਾ ਹੈ।
ਦੂਜੇ ਪਾਸੇ ਥਾਣੇਦਾਰ ਪ੍ਰਦੀਪ ਬਾਜਵਾ ਨੇ ਦੋ ਵਿਅਕਤੀਆਂ ਦੀ ਮੌਤ ਅਤੇ ਪੰਜ ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਸ਼ਿਕਾਰ ਸਾਰੇ ਮਜ਼ਦੂਰ ਪਰਵਾਸੀ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਫੈਕਟਰੀ ਮਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗI।

 

Latest News
Magazine Archive