ਕਾਂਗਰਸ ਨੇ ਜੀਐਸਟੀ ਦਰਾਂ ਘਟਾਉਣ ਦਾ ਸਿਹਰਾ ਰਾਹੁਲ ਸਿਰ ਬੰਨ੍ਹਿਆ


ਨਵੀਂ ਦਿੱਲੀ - ਜੀਐਸਟੀ ਕੌਂਸਲ ਦਾ ਰੋਜ਼ਾਨਾ ਲੋੜ ਦੀਆਂ 178 ਵਸਤਾਂ ’ਤੋਂ ਟੈਕਸ ਘਟਾਉਣ ਦਾ ਫੈਸਲਾ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬਣਾਏ ਦਬਾਅ ਕਾਰਨ ਲਿਆ ਗਿਆ ਹੈ। ਇਹ ਦਾਅਵਾ ਅੱਜ ਕਾਂਗਰਸ ਦੇ ਜਨਰਲ ਸਕੱਤਰ ਅਤੇ ਗੁਜਰਾਤ ਦੇ ਇੰਚਾਰਜ ਅਸ਼ੋਕ ਗਹਿਲੋਤ ਨੇ ਕੀਤਾ। ਕਾਂਗਰਸ ਦਾ ਕਹਿਣਾ ਹੈ ਕਿ ਗੁਜਰਾਤ ਚੋਣ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਜੀਐਸਟੀ ਸਬੰਧੀ ਚਲਾਈ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਦੂਜੇ ਪਾਸੇ ਰਾਹੁਲ ਗਾਂਧੀ ਨੇ ਅੱਜ ਅਕਸ਼ਰਧਾਮ ਮੰਦਿਰ ਵਿੱਚ ਮੱਥਾ ਟੇਕ ਕੇ ਉੱਤਰੀ ਗੁਜਰਾਤ ਵਿੱਚ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਉਹ ਸਵੇਰੇ ਮੰਦਿਰ ਵਿੱਚ ਪੁੱਜੇ ਅਤੇ ਭਗਵਾਨ ਸਵਾਮੀਨਾਰਾਇਣ ਦੀ ਪੂਜਾ ਕੀਤੀ। ਉਹ ਤਿੰਨ ਦਿਨਾਂ ਗੁਜਰਾਤ ਦੌਰ ’ਤੇ ਹਨ ਤੇ ਆਪਣੇ ਦੌਰੇ ਦੌਰਾਨ ਉਹ ਛੇ ਜ਼ਿਲ੍ਹਿਆਂ ਵਿੱਚ ਜਾਣਗੇ। ਇਸੇ ਦੌਰਾਨ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਇਸ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਸ੍ਰੀ ਗਾਂਧੀ ਚੋਣਾਂ ਦੇ ਮੱਦੇਨਜ਼ਰ ਵੋਟਾਂ ਹਾਸਲ ਕਰਨ ਲਈ ਮੰਦਿਰਾਂ ਵਿੱਚ ਜਾ ਰਹੇ ਹਨ, ਜਿਸ ਦਾ ਜਵਾਬ ਦਿੰਦਿਆਂ ਕਾਂਗਰਸ ਨੇ ਕਿਹਾ ਕਿ ਮੰਦਿਰਾਂ ਵਿੱਚ ਜਾਣ ਦੇ ਵਿਰੋਧ ਦਾ ਲੋਕ ਭਾਜਪਾ ਨੂੰ ਸਬਕ ਜ਼ਰੂਰ ਸਿਖਾਉਣਗੇ।
ਰਾਹੁਲ ਗਾਂਧੀ ਨੇ ਇਥੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਕੇਂਦਰ ’ਤੇ ਦਬਾਅ ਬਣਾਇਆ, ਗੁਜਰਾਤ ਦੇ ਲੋਕਾਂ ਤੇ ਛੋਟੇ ਦੁਕਾਨਦਾਰਾਂ ਨੇ ਵੀ ਦਬਾਅ ਬਣਾਇਆ ਜਿਸ ਕਾਰਨ ਕੇਂਦਰੀ ਵਿੱਤ ਮੰਤਰੀ ਨੇ ਜ਼ਿਆਦਾਤਰ ਵਸਤਾਂ ਨੂੰ 28 ਦੀ ਥਾਂ 18 ਫੀਸਦੀ ਦੀ ਦਰ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਉਹ ਉਦੋਂ ਤਕ ਆਰਾਮ ਨਾਲ ਨਹੀਂ ਬੈਠਣਗੇ ਜਦੋਂ ਤਕ ‘ਗੱਬਰ ਸਿੰਘ ਟੈਕਸ’ ਜੀਐਸਟੀ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਪੰਜ ਤਰ੍ਹਾਂ ਦੀਆਂ ਦਰਾਂ ਨਾਲ ਇਹ ਗੱਬਰ ਸਿੰਘ ਟੈਕਸ ਹੈ ਪਰ ਇਕ ਟੈਕਸ ਨਾਲ ਇਹ ਜੀਐਸਟੀ ਹੈ। ਇਸ ਮੌਕੇ ਉਨ੍ਹਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਦੀ ਕੰਪਨੀ ਜੇ ਸ਼ਾਹ ਦਾ ਮੁੱਦਾ ਵੀ ਉਭਾਰਿਆ। ਜ਼ਿਕਰਯੋਗ ਹੈ ਕਿ ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਗ੍ਰਹਿ ਰਾਜ ਹੈ ਅਤੇ ਬੀਤੇ ਦੋ ਦਹਾਕਿਆਂ ਤੋਂ ਉਥੇ ਭਾਜਪਾ ਦਾ ਸ਼ਾਸਨ ਹੈ। ਕਾਂਗਰਸ ਉਥੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੀ ਹੈ। ਸ੍ਰੀ ਗਹਿਲੋਤ ਨੇ ਕਿਹਾ ਕਿ ਭਾਜਪਾ ਨੇ ਗੁਜਰਾਤ ਚੋਣਾਂ ਦੇ   ਮੱਦੇਨਜ਼ਰ ਜੀਐਸਟੀ ਦਰ ਘਟਾਈ ਹੈ। ਗੁਜਰਾਤ ਵਿੱਚ 9 ਅਤੇ 14 ਦਸੰਬਰ ਨੂੰ ਦੋ ਗੇੜ ਵਿੱਚ ਚੋਣਾਂ ਹੋਣੀਆਂ ਹਨ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਮੰਗ ਕੀਤੀ ਕਿ ਤੇਲ ਪਦਾਰਥ, ਰੀਅਲ ਅਸਟੇਟ ਅਤੇ ਬਿਜਲੀ ਨੂੰ ਜੀਐਸਟੀ ਅਧੀਨ ਲਿਆਇਆ ਜਾਣਾ ਚਾਹੀਦਾ ਹੈ।  

 

 

fbbg-image

Latest News
Magazine Archive