ਅਭਿਆਸ ਮੈਚ: ਸ੍ਰੀਲੰਕਾ ਵੱਲੋਂ 411 ਦੌੜਾਂ ’ਤੇ ਪਾਰੀ ਸਮਾਪਤ


ਕੋਲਕਾਤਾ - ਚਾਰ ਬੱਲੇਬਾਜ਼ਾਂ ਦੇ ਨੀਮ ਸੈਂਕੜੇ ਦੀ ਬਦੌਲਤ ਸ੍ਰੀਲੰਕਾ ਦੀ ਕ੍ਰਿਕਟ ਟੀਮ ਨੇ ਬੋਰਡ ਇਲੈਵਨ ਖ਼ਿਲਾਫ਼ ਦੋ ਰੋਜ਼ਾ ਅਭਿਆਸ ਮੈਚ ਦੇ ਪਹਿਲੇ ਦਿਨ ਛੇ ਵਿਕਟਾਂ ਦੇ ਨੁਕਸਾਨ ਨਾਲ 411 ਦੌੜਾਂ ਬਣਾਈਆਂ। ਸਦੀਰਾ ਸਮਰਵਿਕਰਮਾ ਨੇ 77 ਗੇਂਦਾਂ ’ਤੇ 74 ਦੌੜਾਂ ਬਣਾਈਆਂ ਤੇ ਦਿਮੁਥ ਕਰੁਣਾਰਤਨੇ (50 ਦੌੜਾਂ ’ਤੇ ਰਿਟਾਇਰਡ ਹਰਟ) ਨਾਲ 134  ਦੌੜਾਂ ਦੀ ਭਾਈਵਾਲੀ ਕੀਤੀ। ਸ੍ਰੀਲੰਕਾ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਮਗਰੋਂ ਆਪਣੀ ਪਾਰੀ ਐਲਾਨ ਦਿੱਤੀ ਹੈ। ਖ਼ਰਾਬ ਰੌਸ਼ਨੀ ਕਰਕੇ ਅੱਜ ਦੋ ਓਵਰ ਪਹਿਲਾਂ ਹੀ ਖੇਡ ਰੋਕ ਦਿੱਤੀ ਗਈ।
ਇਸ ਤੋਂ ਪਹਿਲਾਂ ਬੋਰਡ ਇਲੈਵਨ  ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫ਼ੈਸਲਾ ਕੀਤਾ। ਮਹਿਮਾਨ ਟੀਮ ਨੂੰ ਸਮਰਵਿਕਰਮਾ ਤੇ ਦਿਮੁਥ ਕਰੁਣਾਰਤਨੇ ਨੇ ਚੰਗੀ ਸ਼ੁਰੂਆਤ ਦਿੱਤੀ। ਪਿਛਲੇ ਮਹੀਨੇ ਪਾਕਿਸਤਾਨ ਖ਼ਿਲਾਫ਼ ਦੁਬਈ ਵਿੱਚ ਦੂਜੇ ਤੇ ਆਖਰੀ ਟੈਸਟ ਨਾਲ ਕਰੀਅਰ ਦਾ ਆਗਾਜ਼ ਕਰਨ ਵਾਲੇ ਸਮਰਵਿਕਰਮਾ ਨੇ ਸ਼ਾਨਦਾਰ ਸ਼ਾਟ ਖੇਡੇ। ਖੱਬੇ ਹੱਥ  ਦੇ ਸਲਾਮੀ ਬੱਲੇਬਾਜ਼ ਕਰੁਣਾਰਤਨੇ ਨੇ ਦੂਜੇ ਸਿਰੇ ’ਤੇ ਉਸ ਦਾ ਪੂਰਾ  ਸਾਥ ਦਿੱਤਾ।
ਦੋਵਾਂ ਨੇ ਪਹਿਲੇ ਵਿਕਟ ਲਈ 16 ਓਵਰਾਂ ’ਚ 102 ਦੌੜਾਂ ਜੋੜੀਆਂ। ਵਿਕਟਕੀਪਰ ਨਿਰੋਸ਼ਨ ਡਿਕਵੇਲਾ 53 ਦੌੜਾਂ ’ਤੇ ਰਿਟਾਇਰ ਹਰਟ ਹੋ ਕੇ ਮੈਦਾਨ ਤੋਂ ਬਾਹਰ ਚਲਾ ਗਿਆ ਸੀ, ਪਰ ਉਸ ਨੇ 80ਵੇਂ ਓਵਰ ਵਿੱਚ ਸੁਰੰਗਾ ਲਕਮਲ ਦੇ ਆਊਟ ਹੋਣ ਮਗਰੋਂ ਮੁੜ ਆਪਣੀ ਪਾਰੀ ਸ਼ੁਰੂ ਕੀਤੀ। ਉਸ ਨੇ 59 ਗੇਂਦਾਂ ’ਚ ਨਾਬਾਦ 73 ਦੌੜਾਂ ਬਣਾਈਆਂ, ਜਿਸ ਵਿੱਚ 13 ਚੌਕੇ ਸ਼ਾਮਲ ਹਨ।
ਟੀਮ ’ਚ ਵਾਪਸੀ ਕਰ ਰਹੇ ਸਾਬਕਾ ਕਪਤਾਨ ਏਂਜਲੋ ਮੈਥਿਊਜ਼ ਨੇ ਨਾਬਾਦ 54 ਦੌੜਾਂ ਦਾ ਯੋਗਦਾਨ ਪਾਇਆ। ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੇ ਦਿਲਰੁਵਾਨ ਪਰੇਰਾ ਨੇ 44 ਗੇਂਦਾਂ ’ਚ 48 ਦੌੜਾਂ ਬਣਾਈਆਂ। ਬੋਰਡ ਲਈ ਸੰਦੀਪ ਵਾਰੀਅਰ ਤੇ ਆਕਾਸ਼ ਭੰਡਾਰੀ ਨੇ ਦੋ ਦੋ ਜਦਕਿ ਅਵੇਸ਼ ਖ਼ਾਨ ਤੇ ਜਲਜ ਸਕਸੈਨਾ ਦੇ ਹਿੱਸੇ ਇਕ ਇਕ ਵਿਕਟ ਆਈ।

 

Latest News
Magazine Archive