ਦਿੱਲੀ ਵਿੱਚ ਤੀਜੀ ਵਾਰ ਲਾਗੂ ਹੋਵੇਗਾ ਜਿਸਤ-ਟਾਂਕ ਫਾਰਮੂਲਾ


ਨਵੀਂ ਦਿੱਲੀ - ਦਿੱਲੀ ਵਿਚਲੇ ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਦਿੱਲੀ ਸਰਕਾਰ ਵੱਲੋਂ ਰਾਜਧਾਨੀ ‘ਚ 5 ਦਿਨ ਲਈ ਤੀਜੀ ਵਾਰ ਜਿਸਤ-ਟਾਂਕ ਫਾਰਮੂਲਾ ਲਾਗੂ ਕੀਤਾ ਜਾਵੇਗਾ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਮੀਡੀਆ ਨੂੰ ਦੱਸਿਆ ਕਿ 13 ਤੋਂ 17 ਨਵੰਬਰ ਨੂੰ ਜਿਸਤ-ਟਾਂਕ ਯੋਜਨਾ ਮੁੜ ਸ਼ੁਰੂ ਕੀਤੀ ਜਾ ਰਹੀ ਹੈ, ਜੋ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਲਾਗੂ ਰਹੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮੀਟਿੰਗ ਲਈ ਬੁਲਾਉਣ ਤੇ ਇਸ ਸੰਕਟ ਦਾ ਹੱਲ ਕੱਢਿਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਵਾਰ ਵੀ ਦੋ-ਪਹੀਆ ਵਾਹਨ ਚਾਲਕਾਂ ਤੇ ਔਰਤ ਡਰਾਇਵਰਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਗੱਡੀਆਂ ਨੂੰ ਛੋਟ ਦਿੱਤੀ ਜਾਵੇਗੀ। ‘ਸੀਐਨਜੀ’ ਗੱਡੀਆਂ ਨੂੰ ਇਸ ਫਾਰਮੂਲੇ ਦੌਰਾਨ ਪੂਰੀ ਛੋਟ ਹੋਵੇਗੀ ਪਰ ਉਨ੍ਹਾਂ ‘ਤੇ ਸਟਿੱਕਰ ਲੱਗਾ ਹੋਣਾ ਚਾਹੀਦਾ ਹੈ। ਦਿੱਲੀ ਦੇ 22 ਇੰਦਰਪ੍ਰਸਤ ਗੈਸ ਲਿਮਟਿਡ ਦੇ ਸਟੇਸ਼ਨਾਂ ਤੋਂ ਇਹ ਸਟਿੱਕਰ 10 ਨਵੰਬਰ ਤੋਂ 2 ਵਜੇ ਦਿਨੇ ਮਿਲਣੇ ਸ਼ੁਰੂ ਹੋ ਜਾਣਗੇ। 1 ਤੋਂ 15 ਜਨਵਰੀ 2016 ਤੇ ਅਪਰੈਲ 15 ਤੋਂ 30, 2016 ਦੇ ਜਿਸਤ-ਟਾਂਕ ਫਾਰਮੂੂਲੇ ਲਈ ਜਾਰੀ ਕੀਤੇ ਗਏ ਸਟਿੱਕਰ ਇਸ ਵਾਰ ਵੀ ਮਨਜ਼ੂਰ ਹੋਣਗੇ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਨੇ ਡੀਟੀਸੀ ਨੂੰ 500 ਹੋਰ ਬੱਸਾਂ ਨਿਜੀ ਕੰਟਰੈਟਰਾਂ ਤੋਂ ਭਾੜੇ ‘ਤੇ ਲੈਣ ਲਈ ਕਿਹਾ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵੀ 100 ਬੱਸਾਂ ਮੁਹੱਈਆ ਕਰਵਾਏਗੀ।  ਇਸ ਫਾਰਮੂਲੇ ਮੁਤਾਬਕ ਜਿਨ੍ਹਾਂ ਗੱਡੀਆਂ ਦੇ ਨੰਬਰ 0, 2, 4, 6 ਤੇ 8 ਦੇ ਹਿੰਦਸੇ ਨਾਲ ਖ਼ਤਮ ਹੁੰਦੇ ਹਨ, ਉਹ ਇੱਕ ਦਿਨ ਤੇ ਰਜਿਸਟ੍ਰੇਸ਼ਨ ਦੇ ਆਖ਼ਰੀ 1, 3, 5, 7, 9 ਨੰਬਰ ਵਾਲੀਆਂ ਗੱਡੀਆਂ ਦੂਜੇ ਦਿਨ ਚੱਲਣਗੀਆਂ।
ਮਨੁੱਖੀ ਜਾਨ ਲਈ ਖ਼ਤਰਾ ਬਣ ਚੁੱਕੇ ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੇਂਦਰ ਸਰਕਾਰ ਦੇ ਸਿਹਤ, ਵਾਤਾਵਰਣ ਤੇ ਹਾਈਵੇਅ, ਸੜਕ ਮੰਤਰਾਲੇ, ਦਿੱਲੀ, ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਨੋਟਿਸ ਭੇਜ ਕੇ ਅਸਰਦਾਰ ਕਦਮ ਚੁੱਕਣ ਦੀ ਹਦਾਇਤ ਕੀਤੀ ਹੈ ਤੇ 3 ਹਫ਼ਤਿਆਂ ਵਿੱਚ ਰਿਪੋਰਟ ਮੰਗੀ ਹੈ।
ਐਨਜੀਟੀ ਨੇ ਉਸਾਰੀ ਤੇ ਸਨਅਤੀ ਸਰਗਰਮੀਆਂ ’ਤੇ ਰੋਕ ਲਾਈ
ਐਨਜੀਟੀ ਨੇ ਅਗਲੇ ਹੁਕਮਾਂ ਤੱਕ ਦਿੱਲੀ ‘ਚ ਉਸਾਰੀ, ਖੇਤੀ ਕੱਚਰਾ ਸਾੜਨ ਤੇ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਸਨਅਤੀ ਸਰਗਰਮੀਆਂ 14 ਨਵੰਬਰ ਤੱਕ ਬੰਦ ਕਰਨ ਦੀ ਹਦਾਇਤ ਕੀਤੀ ਹੈ। 10 ਸਾਲ ਪੁਰਾਣੇ ਡੀਜ਼ਲ ਟਰੱਕ ਦਿੱਲੀ ’ਚ ਦਾਖ਼ਲ ਨਹੀਂ ਹੋਣਗੇ ਤੇ ਰਾਜਧਾਨੀ ਅੰਦਰ ਉਸਾਰੀ ਦਾ ਸਾਮਾਨ ਢੋਣ ਵਾਲੇ ਟਰੱਕਾਂ ’ਤੇ ਰੋਕ ਲਾ ਦਿੱਤੀ ਗਈ ਹੈ। ‘ਈਪੀਸੀਏ’ ਦੀਆਂ ਹਦਾਇਤਾਂ ਲਾਗੂ ਕਰਨ ਦੇ ਨਾਲ ਨਾਲ ਜਿੱਥੇ ਪੀਐਸ 10 ਦਾ ਅੰਕੜਾ 600 ਹੋ ਗਿਆ ਹੈ ਉੱਥੇ ਪਾਣੀ ਦਾ ਛਿੜਕਾਅ ਕਰਨ ਦੀ ਹਦਾਇਤ ਕੀਤੀ ਗਈ ਹੈ।

 
Latest News
Magazine Archive