ਟੈਕਸਸ ਗਿਰਜਾਘਰ ਵਿੱਚ ਗੋਲੀਬਾਰੀ, 26 ਮੌਤਾਂ


ਹਿਊਸਟਨ - ਅਮਰੀਕੀ ਹਵਾਈ ਫੌਜ ਦੇ ਸਾਬਕਾ ਏਅਰਮੈਨ ਨੇ ਟੈਕਸਸ ਦੇ ਗਿਰਜਾਘਰ ਵਿੱਚ ਐਤਵਾਰ ਦੀ ਪ੍ਰਾਰਥਨਾ ਵਿੱਚ ਪੁੱਜੇ ਸ਼ਰਧਾਲੂਆਂ ਉਤੇ ਗੋਲੀਬਾਰੀ ਕਰ ਕੇ ਘੱਟੋ ਘੱਟ 26 ਜਣਿਆਂ ਦੀ ਜਾਨ ਲੈ ਲਈ ਅਤੇ 20 ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ।
ਅਧਿਕਾਰੀਆਂ ਨੇ ਕਿਹਾ ਕਿ ਸਦਰਲੈਂਡ ਸਪਰਿੰਗਜ਼ ਵਿੱਚ ‘ਫਸਟ ਬੈਪਟਿਸਟ ਚਰਚ’ ਵਿੱਚ ਜਿਉਂ ਹੀ ਐਤਵਾਰ ਸਵੇਰ ਦੀ ਪ੍ਰਾਰਥਨਾ ਸ਼ੁਰੂ ਹੋਈ ਤਾਂ ਕਾਲੇ ਕੱਪੜਿਆਂ ਵਿੱਚ ਆਏ ਸ਼ੱਕੀ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸ ਕੋਲ ਫੌਜੀ ਸ਼ੈਲੀ ਦੀ ਰਗਰ ਰਾਈਫਲ ਸੀ। ਪੀੜਤਾਂ ਦੀ ਉਮਰ 5 ਤੋਂ 72 ਸਾਲ ਵਿਚਕਾਰ ਹੈ ਅਤੇ ਇਨ੍ਹਾਂ ਵਿੱਚ ਕਈ ਬੱਚੇ, ਇਕ ਗਰਭਵਤੀ ਔਰਤ ਅਤੇ ਪਾਦਰੀ ਦੀ 14 ਸਾਲਾ ਧੀ ਸ਼ਾਮਲ ਹੈ। ਟੈਕਸਸ ਦੇ ਇਤਿਹਾਸ ਵਿੱਚ ਇਹ ਸਭ ਤੋਂ ਭਿਆਨਕ ਗੋਲੀਬਾਰੀ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਮਰ ਦੇ 20ਵਿਆਂ ਵਾਲਾ ਹਮਲਾਵਰ ਗੋਰਾ ਸੀ ਪਰ ਉਸ ਦਾ ਨਾਮ ਨਹੀਂ ਦੱਸਿਆ ਗਿਆ। ਮੀਡੀਆ ਰਿਪੋਰਟਾਂ ਵਿੱਚ ਬੰਦੂਕਧਾਰੀ ਦਾ ਨਾਮ ਡੇਵਿਨ ਪੈਟਰਿਕ ਕੈਲੇ (26) ਦੱਸਿਆ ਗਿਆ। ਪੁਲੀਸ ਨੇ ਕਿਹਾ ਕਿ ਬੰਦੂਕਧਾਰੀ ਨੇ ਆਪਣੇ ਵਾਹਨ ਵਿੱਚ ਸੜਕ ਪਾਰ ਕੀਤੀ ਅਤੇ ਬਾਹਰ ਆ ਕੇ ਰਗਰ ਏ.ਆਰ. ਅਸਾਲਟ ਰਾਈਫਲ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਉਹ ਗਿਰਜਾਘਰ ਦੇ ਸੱਜੇ ਪਾਸੇ ਮੁੜਿਆ ਅਤੇ ਗੋਲੀਬਾਰੀ ਕਰਦਿਆਂ ਇਮਾਰਤ ਅੰਦਰ ਦਾਖ਼ਲ ਹੋ ਗਿਆ। ਜਦੋਂ ਹਮਲਾਵਰ ਮੁੜਿਆ ਤਾਂ ਇਕ ਵਿਅਕਤੀ ਨੇ ਉਸ ਦਾ ਮੁਕਾਬਲਾ ਕਰਦਿਆਂ ਬੰਦੂਕ ਖੋਹ ਲਈ। ਇਸ ਵਿਅਕਤੀ ਨੇ ਭੱਜਦੇ ਹਮਲਾਵਰ ਉਤੇ ਗੋਲੀ ਵੀ ਚਲਾਈ। ਇਸ ਵਿਅਕਤੀ ਨੇ ਆਪਣੇ ਵਾਹਨ ਵਿੱਚ ਭੱਜ ਰਹੇ ਹਮਲਾਵਰ ਦਾ ਪਿੱਛਾ ਵੀ ਕੀਤਾ। ਹਮਲਾਵਰ ਬਾਅਦ ਵਿੱਚ ਆਪਣੇ ਵਾਹਨ ਵਿੱਚ ਮ੍ਰਿਤ ਮਿਲਿਆ। 
ਟਰੰਪ ਵੱਲੋਂ ਨਿਖੇਧੀ
ਵਾਸ਼ਿੰਗਟਨ/ਟੋਕੀਓ - ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਕਸਸ ਗਿਰਜਾਘਰ ਵਿੱਚ ਹੋਈ ਗੋਲੀਬਾਰੀ ਦੀ ਨਿਖੇਧੀ ਕੀਤੀ ਪਰ ਉਨ੍ਹਾਂ ਬੰਦੂਕ ਸੱਭਿਆਚਾਰ ਉਤੇ ਕਾਬੂ ਪਾਉਣ ਦੀ ਲੋੜ ਨੂੰ ਰੱਦ ਕੀਤਾ। ਜਾਪਾਨ ਦੌਰੇ ਉਤੇ ਗਏ ਟਰੰਪ ਨੇ ਕਿਹਾ ਕਿ ‘‘ਅਸੀਂ ਇਸ ਪੀੜ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਇਸ ਹਮਲੇ ਵਿੱਚ ਆਪਣੇ ਪਿਆਰਿਆਂ ਨੂੰ ਗਵਾ ਦੇਣ ਵਾਲਿਆਂ ਦਾ ਦਰਦ ਸਾਡੀ ਸਮਝ ਤੋਂ ਪਰ੍ਹੇ ਹੈ।’’ 
 

 

 

fbbg-image

Latest News
Magazine Archive