ਚੰਡੀਗਡ਼੍ਹ ’ਚ ਮਾਂ ਬੋਲੀ ਲਾਗੂ ਕਰਾਉਣ ਲਈ ਜੁਟੇ ਪੰਜਾਬੀ


ਚੰਡੀਗਡ਼੍ਹ - ਚੰਡੀਗਡ਼੍ਹ ਪੰਜਾਬੀ ਮੰਚ ਵੱਲੋਂ ਅੱਜ ਇਥੇ ਸੈਕਟਰ-17 ਵਿਖੇ ਯੂਟੀ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਪੰਜਾਬੀ ਨਿਰਧਾਰਿਤ ਕਰਨ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਦੌਰਾਨ ਹੀ ਮੰਚ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗਡ਼੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨਾਲ ਪੰਜਾਬ ਰਾਜ ਭਵਨ ਵਿਖੇ ਜਾ ਕੇ ਮੁਲਾਕਾਤ ਕੀਤੀ। ਮੰਚ ਦੇ ਆਗੂਆਂ ਦੇਵੀ ਦਿਆਲ ਸ਼ਰਮਾ, ਡਾਕਟਰ ਸੁਖਦੇਵ ਸਿੰਘ ਸਿਰਸਾ, ਬਾਬਾ ਸਾਧੂ ਸਿੰਘ, ਬਾਬਾ ਗੁਰਦਿਆਲ ਸਿੰਘ, ਜੋਗਿੰਦਰ ਸਿੰਘ ਬੁਡ਼ੈਲ, ਸਿਰੀਰਾਮ ਅਰਸ਼, ਗੁਰਨਾਮ ਸਿੰਘ ਸਿੱਧੂ, ਕੈਪਟਨ ਅਜਾਇਬ ਸਿੰਘ, ਰਘਬੀਰ ਸਿੰਘ ਰਾਮਪੁਰ,  ਗੁਰਪ੍ਰੀਤ ਸਿੰਘ ਹੈਪੀ, ਗੁਰਪ੍ਰੀਤ ਸਿੰਘ ਸੋਮਲ, ਸੁਖਜੀਤ ਸਿੰਘ ਹੱਲੋਮਾਜਰਾ, ਜਥੇਦਾਰ ਤਾਰਾ ਸਿੰਘ, ਦੀਪਕ ਸ਼ਰਮਾ ਆਦਿ ਨੇ ਸ੍ਰੀ ਬਦਨੌਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਪੰਜਾਬ ਰਾਜ ਭਵਨ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ। ਉਨ੍ਹਾਂ ਅਲਟੀਮੇਟਮ ਦਿੱਤਾ ਕਿ ਜੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਤੁਰੰਤ ਰੁਤਬਾ ਨਾ ਦਿੱਤਾ ਗਿਆ ਤਾਂ 21 ਫਰਵਰੀ 2018 ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਸੰਘਰਸ਼ ਮੁਡ਼ ਸ਼ੁਰੂ ਕਰ ਦਿੱਤਾ ਜਾਵੇਗਾ। ਰੈਲੀ ਵਿੱਚ ਪਿੰਡਾਂ ਦੇ ਵਸਨੀਕਾਂ, ਵਿਦਿਆਰਥੀਆਂ, ਲੇਖਕਾਂ, ਮੁਲਾਜ਼ਮਾਂ, ਗੁਰਦੁਆਰਾ ਸੰਗਠਨ ਅਤੇ ਹੋਰ ਕਈ ਸੰਸਥਾਵਾਂ ਦੇ ਪ੍ਰਤੀਨਿਧ ਪੁੱਜੇ। ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੀਆਂ ਪਾਰਟੀਆਂ ਨੇ ਰੈਲੀ ’ਚ ਪੁੱਜ ਕੇ ਸੰਘਰਸ਼ ਨੂੰ ਹਮਾਇਤ ਦਾ ਐਲਾਨ ਕੀਤਾ। ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਤੇ ਵਿਧਾਇਕ ਅਮਨ ਅਰੋਡ਼ਾ ਤੇ ਮੀਡੀਆ ਇੰਚਾਰਜ ਮਨਜੀਤ ਸਿੱਧੂ, ਪੰਜਾਬ ਕਾਂਗਰਸ ਦੇ ਬੁਲਾਰੇ ਰਿੰਪਲ ਮਿੱਢਾ ਤੇ ਚੰਡੀਗਡ਼੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬਡ਼ਾ, ਸ਼੍ਰੋਮਣੀ ਅਕਾਲੀ ਦਲ ਦੇ ਬਲਜੀਤ ਸਿੰਘ ਕੁੰਬਡ਼ਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੁਲਦੀਪ ਸਿੰਘ ਗਡ਼ਗੰਜ, ਸੀਪੀਆਈ ਦੇ ਡਾਕਟਰ ਜੋਗਿੰਦਰ ਦਿਆਲ ਆਦਿ ਨੇ ਆਪਣੇ ਸੰਬੋਧਨ ਦੌਰਾਨ ਸੰਘਰਸ਼ ਨੂੰ ਪੂਰਨ ਸਹਿਯੋਗ ਦਾ ਵਾਅਦਾ ਕਰਦਿਆਂ ਦੋਸ਼ ਲਾਇਆ ਕਿ ਯੂਟੀ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਥੋਪ ਕੇ ਭਾਰੀ ਧੱਕਾ ਕੀਤਾ ਜਾ ਰਿਹਾ ਹੈ। ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਇਹ ਮੁੱਦਾ ਸੰਸਦ ’ਚ ਉਠਾਉਣ ਦਾ ਐਲਾਨ ਕੀਤਾ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਚੰਡੀਗਡ਼੍ਹ ਨੂੰ ਪੰਜਾਬ ਦੇ ਪਿੰਡ ਉਜਾਡ਼ ਕੇ ਪੰਜਾਬ ਦੀ ਰਾਜਧਾਨੀ ਵਜੋਂ ਵਸਾਇਆ ਗਿਆ ਸੀ ਅਤੇ ਇਥੋਂ ਪੰਜਾਬੀਆਂ ਦੀ ਮਾਂ ਬੋਲੀ ਦਾ ਸਫਾਇਆ ਕਰਨਾ ਵੱਡਾ ਧ੍ਰੋਹ ਹੈ।  ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮਸ੍ਰੀ ਸੁਰਜੀਤ ਪਾਤਰ ਨੇ ਕਿਹਾ ਕਿ ਚੰਡੀਗਡ਼੍ਹ ’ਚ ਪੰਜਾਬੀ ਦੀ ਥਾਂ ਅੰਗਰੇਜ਼ੀ ਨੂੰ ਥੋਪਣਾ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ,‘‘ਆਪਣੀ ਮਾਂ ਬੋਲੀ ਨੂੰ ਬਚਾਉਣ ਦਾ ਮਤਲਬ ਆਪਣੇ-ਆਪ ਨੂੰ ਬਚਾਉਣਾ ਹੈ ਕਿਉਂਕਿ ਜਿਸ ਕੌਮ ਦੀ ਜ਼ੁਬਾਨ ਹੀ ਖ਼ਤਮ ਕਰ ਦਿੱਤੀ ਜਾਵੇ, ਉਸ ਦੀ ਹੋਂਦ ਆਪਣੇ-ਆਪ ਮਿਟ ਜਾਂਦੀ ਹੈ। ਸਾਡਾ ਹੋਰ ਕਿਸੇ ਭਾਸ਼ਾ ਨਾਲ ਵੈਰ ਨਹੀਂ ਹੈ ਪਰ ਪੰਜਾਬੀ ਦੀ ਕੀਮਤ ’ਤੇ ਕਿਸੇ ਹੋਰ ਭਾਸ਼ਾ ਨੂੰ ਸਹਿਣ ਕਰਨਾ ਵੀ ਸੰਭਵ ਨਹੀਂ ਹੈ।’’ ਪੰਜਾਬੀ ਲੋਕ ਗਾਇਕਾ ਸੁੱਖੀ ਬਰਾਡ਼ ਅਤੇ ਗਾਇਕ ਰਾਜ ਕਾਕਡ਼ਾ ਨੇ ਵੀ ਆਪਣੇ ਵਿਲੱਖਣ ਸ਼ਬਦਾਂ ਰਾਹੀਂ ਮਾਂ ਬੋਲੀ ਦੇ ਸੰਘਰਸ਼ ਨੂੰ ਹੁਲਾਰਾ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਨੁਕਰੇ ਲਾਉਣ ਲਈ ਚੰਡੀਗਡ਼੍ਹ ਪ੍ਰਸ਼ਾਸਨ ਦੀ ਨਿਖੇਧੀ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਨੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਰੈਲੀ ਵਿੱਚ ਪੰਜਾਬ ਭਰ ਵਿੱਚੋਂ ਲੇਖਕ ਸਭਾਵਾਂ ਦੀਆਂ ਇਕਾਈਆਂ ਸ਼ਾਮਲ ਹੋਈਆਂ। ਰੈਲੀ ਵਿੱਚ ਮਹਿਤਾਬ ਸਿੰਘ ਤੇ ਹਰਮਨ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਵਿਦਿਆਰਥੀ ਵੀ ਸ਼ਾਮਲ ਹੋਏ। ਡਾਕਟਰ ਜੋਗਾ ਸਿੰਘ, ਡਾਕਟਰ ਹਰਵਿੰਦਰ ਸਿੰਘ ਸਿਰਸਾ, ਪ੍ਰੋਫੈਸਰ ਮਨਜੀਤ ਸਿੰਘ, ਰਣਜੀਤ ਸਿੰਘ ਸੀਟੀਯੂ, ਏਟਕ ਦੇ ਰਾਜਕੁਮਾਰ, ਰਾਜਿੰਦਰ ਸਿੰਘ ਖ਼ਾਲਸਾ, ਰਾਜਿੰਦਰ ਸਿੰਘ ਬਡਹੇਡ਼ੀ, ਨਰਿੰਦਰ ਕੰਗ, ਪਰਮਜੀਤ ਬੈਦਵਾਨ, ਡਾਕਟਰ ਸੁਰਿੰਦਰ ਸਿੰਘ ਗਿੱਲ, ਮਨਮੋਹਨ ਸਿੰਘ ਦਾਊਂ, ਸਤਵੀਰ ਸਿੰਘ ਧਨੋਆ, ਸੰਜੀਵਨ ਸਿੰਘ, ਬਲਜਿੰਦਰ ਸਿੰਘ ਭਾਗੋਮਾਜਰਾ, ਮਹਿੰਦਰ ਸਿੰਘ ਸੇਖੋਂ, ਸਰਬਜੀਤ ਸਿੰਘ ਸੋਹਲ ਆਦਿ ਨੇ ਚੰਡੀਗਡ਼੍ਹ ਵਿੱਚ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਐਲਾਨ ਕੀਤਾ।

 

 

fbbg-image

Latest News
Magazine Archive