ਨੌਜਵਾਨਾਂ ਨੂੰ ਝੂਠੇ ਆਨਲਾਈਨ ਪ੍ਰਾਪੇਗੰਡੇ ਤੋਂ ਬਚਾਉਣਾ ਤਰਜੀਹ: ਸ਼ਰਮਾ


ਨਵੀਂ ਦਿੱਲੀ - ਕਸ਼ਮੀਰ ਮਸਲੇ ਬਾਰੇ ਕੇਂਦਰ ਦੇ ਵਿਸ਼ੇਸ਼ ਵਾਰਤਾਕਾਰ ਦਿਨੇਸ਼ਵਰ ਸ਼ਰਮਾ ਨੇ ਇੱਥੇ ਜੰਮੂ ਕਸ਼ਮੀਰ ਦੇ ਰਾਜਪਾਲ ਐਨ.ਐਨ. ਵੋਹਰਾ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਕਸ਼ਮੀਰ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਸਬੰਧਤ ਧਿਰਾਂ ਨਾਲ ਵਾਰਤਾ ਦੇ ਪਹਿਲੂਆਂ ਬਾਰੇ ਚਰਚਾ ਕੀਤੀ। ਇਸ ਦੌਰਾਨ ਹੀ ਸ੍ਰੀ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਏਜੰਡੇ ਦੀ ਪਹਿਲੀ ਚੁਣੌਤੀ ਕਸ਼ਮੀਰੀ ਨੌਜਵਾਨਾਂ ਨੂੰ ਇੰਟਰਨੈਟ ਉੱਤੇ ਚੱਲ ਰਹੇ ਝੂਠੇ ਪ੍ਰਾਪੇਗੰਡੇ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਉਨ੍ਹਾਂ ਨੂੰ ਪੁੱਛ ਰਿਹਾ ਹੈ ਕਿ ਕੀ ਉਹ ਹੁਰੀਅਤ ਅਤੇ ਹੋਰ ਵੱਖਵਾਦੀ ਆਗੂਆਂ ਨੂੰ ਮਿਲਣਗੇ, ਇਸ ਬਾਰੇ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਉਹ ਕਿਸੇ ਨੂੰ ਵੀ ਮਿਲ ਸਕਦੇ ਹਨ, ਉਹ ਅੱਖਾਂ ਉੱਤੇ ਖੋਪੇ ਚਾੜ੍ਹ ਕੇ ਨਹੀ ਜਾ ਰਹੇ। ਇਸ ਸਬੰਧੀ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ। ਇੰਟੈਲੀਜੈਂਸ ਬਿਊਰੋ ਦੇ ਸਾਬਕਾ ਡਾਇਰੈਕਟਰ ਸ੍ਰੀ ਸ਼ਰਮਾ ਜੋ ਕਸ਼ਮੀਰ ਵਿੱਚ ਲੰਬਾ ਸਮਾਂ ਡਿਊਟੀ ਕਰ ਚੁੱਕੇ ਹਨ, ਨੇ ਕਿਹਾ ਕਿ ਉਹ ਕਸ਼ਮੀਰ ਵਿੱਚ ਹਰ ਕਿਸ ਨੂੰ ਮਿਲਣ ਦੇ ਚਾਹਵਾਨ ਹਨ। ਉਨ੍ਹਾਂ ਕਿਹਾ ਕਿ ਉਹ ਕਸ਼ਮੀਰ ਦੇ ਦਰਿਆਵਾਂ ਦੇ ਆਲੇ- ਦੁਆਲੇ ਸ਼ਾਂਤੀ ਦੇ ਡੈਮ ਉਸਾਰਨ ਦੇ ਚਾਹਵਾਨ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੁੱਝ ਰਾਜਸੀ ਪਾਰਟੀਆਂ ਦੀ ਮੰਗ ਹੈ ਕਿ ਪਾਕਿਸਤਾਨ ਨੂੰ ਗੱਲਬਾਤ ਵਿੱਚ ਸ਼ਾਮਲ ਕੀਤੀ ਜਾਵੇ ਤਾਂ ਉਨ੍ਹਾਂ ਹੱਸਦਿਆਂ ਕਿਹਾ ਕਿ ਉਨ੍ਹਾਂ ਦਾ ਏਜੰਡਾ ਕਸ਼ਮੀਰ ਵਿੱਚ ਸ਼ਾਤੀ ਸਥਪਿਤ ਕਰਨਾ ਹੈ।
ਇਸ ਦੌਰਾਨ ਅੱਜ ਇੱਥੇ ਕਸ਼ਮੀਰ ਹਾਊਸ ਵਿੱਚ ਇੱਕ ਘੰਟਾ ਲੰਬੀ ਮੀਟਿੰਗ ਵਿੱਚ ਜੰਮੂ ਕਸ਼ਮੀਰ ਦੇ ਰਾਜਪਾਲ ਐਨ ਐਨ ਵੋਹਰਾ ਅਤੇ ਵਿਸ਼ੇਸ਼ ਵਾਰਤਾਕਾਰ ਦਿਨੇਸ਼ਵਰ ਸ਼ਰਮਾ ਨੇ ਵਾਰਤਾ ਸ਼ੁਰੂ ਕਰਨ ਦੀਆਂ  ਸੰਭਾਵਨਾਵਾਂ ਅਤੇ ਪਹਿਲੂਆਂ ਉੱਤੇ ਚਰਚਾ ਕੀਤੀ।
ਇਸ ਮੀਟਿੰਗ ਸਬੰਧੀ ਰਾਜ ਭਵਨ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਰਾਜਪਾਲ  ਵੋਹਰਾ ਨੇ ਵਿਸ਼ੇਸ਼ ਵਾਰਤਾਕਾਰ ਨੂੰ ਸੂਬੇ ਦੀ ਤਾਜ਼ਾ ਰਾਜਸੀ ਸਥਿਤੀ, ਰਾਜਸੀ ਆਗੂਆਂ ਦੀ ਤਰਜੀਹਾਂ, ਸੂਬੇ ਦੇ ਲੋਕਾਂ ਦੀਆਂ ਸਰਕਾਰ ਤੋਂ ਆਸਾਂ ਉਮੰਗਾਂ ਤੋਂ ਜਾਣੂ ਕਰਵਾਇਆ। ਇਹ ਜ਼ਿਕਰਯੋਗ ਹੈ ਕਿ ਸ੍ਰੀ ਵੋਹਰਾ ਜੰਮੂ ਕਸ਼ਮੀਰ ਦੇ ਲੰਬੇ ਸਮੇਂ ਤੋਂ ਰਾਜਪਾਲ ਨਿਯੁਕਤ ਹਨ ਅਤੇ ਉਹ ਕਸ਼ਮੀਰ ਮਸਲੇ ਨਾਲ ਨੇੜਿਓਂ ਜੁੜੇ ਹੋਏ ਹਨ। ਸ੍ਰੀ ਵੋਹਰਾ ਨੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਯਕੀਨ ਦਿਵਾਇਆ ਅਤੇ ਉਨ੍ਹਾਂ ਦੇ ਮਿਸ਼ਨ  ਲਈ ਸਫਲਤਾ ਦੀ ਕਾਮਨਾ ਕੀਤੀ।

 

 

fbbg-image

Latest News
Magazine Archive