ਰੋਮਾਂਚਕ ਜਿੱਤ ਨਾਲ ਭਾਰਤ ਸੱਤਵੇਂ ਅਸਮਾਨ ਉੱਤੇ


ਕਾਨਪੁਰ - ਰੋਹਿਤ ਸ਼ਰਮਾ (147) ਤੇ ਕਪਤਾਨ ਵਿਰਾਟ ਕੋਹਲੀ (113) ਦੇ ਤੇਜ਼ਤਰਾਰ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਦੂਜੇ ਵਿਕਟ ਲਈ 230 ਦੌੜਾਂ ਦੀ ਭਾਈਵਾਲੀ ਤੇ ਮਗਰੋਂ ਗੇਂਦਬਾਜ਼ ਜਸਪ੍ਰੀਤ ਬਮਰਾਹ ਵੱਲੋਂ ਫ਼ੈਸਲਾਕੁਨ ਮੌਕਿਆਂ ’ਤੇ ਕੀਤੇ ਸਟੀਕ ਹਮਲਿਆਂ ਦੀ ਬਦੌਲਤ ਭਾਰਤ ਨੇ ਅੱਜ ਇਥੇ ਤੀਜੇ ਤੇ ਆਖਰੀ ਇਕ ਰੋਜ਼ਾ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਇਸ ਰੋਮਾਂਚਕ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂ ਕਰ ਲਈ ਅਤੇ ਟੀਮ ਨੇ ਲਗਾਤਾਰ ਸੱਤਵੀਂ ਲੜੀ ’ਚ ਜਿੱਤ ਦਰਜ ਕੀਤੀ ਹੈ। ਰੋਹਿਤ ਸ਼ਰਮਾ ਨੂੰ ਮੈਨ ਆਫ਼ ਦਿ ਮੈਚ ਐਲਾਨਿਆ ਗਿਆ।
ਭਾਰਤ ਵੱਲੋਂ ਜਿੱਤ ਲਈ ਦਿੱਤੇ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਨੇ ਇਕ ਵਾਰ ਭਾਰਤ ਨੂੰ ਪਸੀਨੇ ਲਿਆ ਦਿੱਤੇ। ਮਹਿਮਾਨ ਟੀਮ ਨੇ  7 ਵਿਕਟਾਂ ’ਤੇ 331 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ (75) ਨੇ ਟੀਮ ਨੂੰ ਤੇਜ਼ਤਰਾਰ ਸ਼ੁਰੂਆਤ ਦਿੱਤੀ। ਕਪਤਾਨ ਕੇਨ ਵਿਲੀਅਮਸਨ (64) ਨੇ ਮੁਨਰੋ ਦਾ ਬਾਖੂਬੀ ਸਾਥ ਦਿੱਤਾ। ਮੁਨਰੋ ਨੇ ਤਿੰਨ ਛੱਕਿਆਂ ਤੇ ਸੱਤ ਚੌਕਿਆਂ ਦੀ ਮਦਦ ਨਾਲ 62 ਗੇਂਦਾਂ ’ਚ 72 ਦੌੜਾਂ ਬਣਾਈਆਂ। ਦੋਵਾਂ ਦੇ ਆਊਟ ਹੋਣ ਮਗਰੋਂ ਰੋਸ ਟੇਲਰ(39) ਤੇ ਹੈਨਰੀ ਨਿਕੋਲਸ(37) ਨੇ ਟੌਮ ਲੇਧਮ ਨਾਲ ਪਾਰੀ ਨੂੰ ਸੰਭਾਲਿਆ। ਲੇਧਮ ਨੇ ਹਾਲਾਂਕਿ ਤੇਜ਼ੀ ਨਾਲ ਦੌੜਾਂ ਬਟੋਰੀਆਂ। ਉਸ ਨੇ ਨਾਟਕੀ ਢੰਗ ਨਾਲ ਰਨ ਆਊਟ ਹੋਣ ਤੋਂ ਪਹਿਲਾਂ 52 ਗੇਂਦਾਂ ’ਚ 65 ਦੌੜਾਂ ਬਣਾਈਆਂ। ਮਿਸ਼ੇਲ ਸੇਂਟਨਰ ਨੇ 9 ਦੌੜਾਂ ਬਣਾਈਆਂ ਜਦਕਿ ਕੋਲਿਨ ਡੀਗਰੈਂਡਹੋਮ ਤੇ ਟਿਮ ਸਾਊਦੀ ਕ੍ਰਮਵਾਰ 8 ਤੇ 4 ਦੌੜਾਂ ਨਾਲ ਨਾਬਾਦ ਰਹੇ। ਭਾਰਤ ਲਈ ਬਮਰਾਹ ਨੇ ਤਿੰਨ, ਯੁਜ਼ਵੇਂਦਰ ਚਹਿਲ ਨੇ 2 ਅਤੇ ਭੁਵਨੇਸ਼ਵਰ ਕੁਮਾਰ ਨੇ ਇਕ ਵਿਕਟ ਲਈ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਕਪਤਾਨ ਵਿਰਾਟ ਕੋਹਲੀ ਦੇ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਰਿਕਾਰਡ ਸੈਂਕੜੇ ਵਾਲੀ ਭਾਈਵਾਲੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਤੇ ਆਖਰੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੁਕਾਬਲੇ ਵਿੱਚ ਛੇ ਵਿਕਟਾਂ ਦੇ ਨੁਕਸਾਨ ਨਾਲ 337 ਦੌੜਾਂ ਬਣਾਈਆਂ। ਰੋਹਿਤ (147) ਤੇ ਕੋਹਲੀ(113) ਨੇ ਦੂਜੇ ਵਿਕਟ ਲਈ 230 ਦੌੜਾਂ ਦੀ ਭਾਈਵਾਲੀ ਕੀਤੀ ਤੇ ਇਕ ਰੋਜ਼ਾ ਕ੍ਰਿਕਟ ’ਚ ਚਾਰ ਦੋਹਰੇ ਸੈਂਕੜੇ ਵਾਲੀ ਭਾਈਵਾਲੀ ਕਰਨ ਵਾਲੀ ਦੁਨੀਆ ਦੀ ਪਹਿਲੀ ਜੋੜੀ ਬਣ ਗਈ। ਰੋਹਿਤ ਨੇ 138 ਗੇਂਦਾਂ ’ਚ 18 ਚੌਕੇ ਤੇ ਦੋ ਛੱਕੇ ਜੜੇ ਜਦਕਿ ਕੋਹਲੀ ਨੇ 106 ਗੇਂਦਾਂ ਖੇਡਦਿਆਂ ਨੌਂ ਚੌਕੇ  ਤੇ ਇਕ ਛੱਕਾ ਲਾਇਆ। ਨਿਊਜ਼ੀਲੈਂਡ ਲਈ ਮਿਸ਼ੇਲ ਸੇਂਟਨਰ ਨੇ 58, ਐਡਮ ਮਿਲਨੇ ਨੇ 64 ਅਤੇ ਟਿਮ ਸਾਊਦੀ ਨੇ 66 ਦੌੜਾਂ ਬਦਲੇ ਦੋ ਦੋ ਵਿਕਟ ਲਏ।
ਨਿਊਜ਼ੀਲੈਂਡ ਦਾ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਉਦੋਂ ਦਰੁਸਤ ਜਾਪਿਆ ਜਦੋਂ ਟਿਮ ਸਾਊਦੀ ਨੇ ਜਲਦੀ ਹੀ ਸ਼ਿਖਰ ਧਵਨ (14) ਨੂੰ ਮਿਡ ਆਫ਼ ’ਤੇ ਕਪਤਾਨ ਕੇਨ ਵਿਲੀਅਮਸਨ ਹੱਥੋਂ ਕੈਚ ਆਊਟ ਕਰਵਾ ਕੇ ਮਹਿਮਾਨ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਉਪਰੰਤ ਰੋਹਿਤ ਤੇ ਕੋਹਲੀ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ 35 ਓਵਰਾਂ ਤਕ ਸਫ਼ਲਤਾ ਤੋਂ ਮਹਿਰੂਮ ਰੱਖਿਆ। ਕਿਵੀ ਗੇਂਦਬਾਜ਼ ਦੋਵਾਂ ਨੂੰ ਪ੍ਰੇਸ਼ਾਨ ਕਰਨ ’ਚ ਨਾਕਾਮ ਰਹੇ। ਰੋਹਿਤ ਨੇ 106 ਗੇਂਦਾਂ ’ਚ ਸਾਲ ਪਦਾ ਪੰਜਵਾਂ ਤੇ ਕਰੀਅਰ ਦਾ 15ਵਾਂ ਸੈਂਕੜਾ ਪੂਰਾ ਕੀਤਾ। ਸਲਾਮੀ ਬੱਲੇਬਾਜ਼ ਨੇ ਸੇਂਟਨਰ ਨੂੰ ਛੱਕਾ ਜੜ ਕੇ ਇਕ ਰੋਜ਼ਾ ਕ੍ਰਿਕਟ ’ਚ 165ਵੀਂ ਪਾਰੀ ’ਚ ਡੇਢ ਸੌ ਛੱਕੇ ਪੂਰੇ ਕੀਤੇ। ਰੋਹਿਤ 259 ਦੌੜਾਂ ਦੇ ਟੀਮ ਸਕੋਰ ’ਤੇ ਸੇਂਟਨਰ ਦੀ ਗੇਂਦ ’ਤੇ ਛੱਕਾ ਲਾਉਣ ਦੇ ਚੱਕਰ ’ਚ ਸਾਊਦੀ ਨੂੰ ਕੈਚ ਦੇ ਬੈਠਾ। ਮਗਰੋਂ ਕੋਹਲੀ ਨੇ 96ਵੇਂ ਗੇਂਦਾਂ ’ਤੇ ਆਪਣਾ 32ਵਾਂ ਸੈਂਕੜਾ ਪੂਰਾ ਕੀਤਾ। ਕੋਹਲੀ 113 ਦੌੜਾਂ ’ਤੇ ਸਾਊਦੀ ਦਾ ਸ਼ਿਕਾਰ ਬਣਿਆ। ਹੋਰਨਾਂ ਬੱਲੇਬਾਜ਼ਾਂ ’ਚ ਹਾਰਦਿਕ ਪੰਡਿਆ ਨੇ 8, ਮਹਿੰਦਰ ਸਿੰਘ ਧੋਨੀ ਨੇ 25 ਅਤੇ ਕੇਦਾਰ ਜਾਧਵ ਨੇ 10 ਗੇਂਦਾਂ ’ਤੇ ਤੇਜ਼ਤਰਾਰ 18 ਦੌੜਾਂ ਬਣਾਈਆਂ। ਧੋਨੀ ਤੇ ਜਾਧਵ ਨੇ ਆਖਰੀ ਓਵਰਾਂ ’ਚ ਕੁਝ ਚੰਗੇ ਸ਼ਾਟ ਖੇਡੇ। ਦਿਨੇਸ਼ ਕਾਰਤਿਕ ਚਾਰ ਦੌੜਾਂ ਨਾਲ ਨਾਬਾਦ ਰਿਹਾ।
ਕੋਹਲੀ ਨੇ ਬਣਾਇਆ ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਦਾ ਰਿਕਾਰਡ
ਕਾਨਪੁਰ - ਭਾਰਤੀ ਕਪਤਾਨ ਵਿਰਾਟ ਕੋਹਲੀ ਅੱਜ ਇਥੇ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਇਕ ਰੋਜ਼ਾ ਮੈਚ ਵਿੱਚ 87ਵੀਂ ਦੌੜ ਪੂਰੀ ਕਰਦਿਆਂ ਹੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ’ਚ ਸਭ ਤੋਂ ਘੱਟ ਪਾਰੀਆਂ ’ਚ ਨੌਂ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣ ਗਿਆ। ਕੋਹਲੀ ਦੀ ਇਹ 202ਵੇਂ ਮੈਚ ਵਿੱਚ 194ਵੀਂ ਪਾਰੀ ਸੀ। ਇਸ ਤਰ੍ਹਾਂ ਭਾਰਤੀ ਕਪਤਾਨ ਨੇ ਦੱਖਣੀ ਅਫ਼ਰੀਕਾ ਦੇ ਏਬੀ ਡੀਵਿਲੀਅਰਜ਼ ਦੇ ਰਿਕਾਰਡ ਨੂੰ ਮਾਤ ਪਾਈ, ਜਿਸ ਨੇ 205 ਪਾਰੀਆਂ ਵਿੱਚ 9 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ। ਇਸ ਤੋਂ ਪਹਿਲਾਂ ਸਭ ਤੋਂ ਘੱਟ ਪਾਰੀਆਂ ’ਚ ਇਹ ਮੁਕਾਮ ਹਾਸਲ ਕਰਨ ਦਾ ਭਾਰਤੀ ਰਿਕਾਰਡ ਸੌਰਵ ਗਾਂਗੁਲੀ ਦੇ ਨਾਂ ਸੀ, ਜਿਨ੍ਹਾਂ 228 ਪਾਰੀਆਂ ’ਚ ਇਹ ਪ੍ਰਾਪਤੀ ਕੀਤੀ। ਉਂਜ ਕੋਹਲੀ ਵਿਸ਼ਵ ਦਾ 19ਵਾਂ ਤੇ ਭਾਰਤ ਦਾ ਛੇਵਾਂ ਬੱਲੇਬਾਜ਼ ਹੈ ਜਿਸ ਨੇ ਇਕ ਰੋਜ਼ਾ ਕ੍ਰਿਕਟ ’ਚ ਇਸ ਅੰਕੜੇ ਨੂੰ ਛੋਹਿਆ ਹੈ।

 
Latest News
Magazine Archive