ਕਸ਼ਮੀਰ ਨੂੰ ਸੀਰੀਆ ਬਣਨ ਤੋਂ ਰੋਕਣਾ ਰਹੇਗੀ ਤਰਜੀਹ: ਦਿਨੇਸ਼ਵਰ ਸ਼ਰਮਾ


*    ਵਾਦੀ ਵਿੱਚ ਸ਼ਾਂਤੀ ਲਈ ਵਾਰਤਾਕਾਰ ਕਿਸੇ ਨਾਲ ਵੀ ਗੱਲਬਾਤ ਲਈ ਤਿਆਰ
ਨਵੀਂ ਦਿੱਲੀ - ਜੰਮੂ ਕਸ਼ਮੀਰ ਵਿੱਚ ਗੱਲਬਾਤ ਲਈ ਨਵ-ਨਿਯੁਕਤ ਵਾਰਤਾਕਾਰ ਦਿਨੇਸ਼ਵਰ ਸ਼ਰਮਾ ਨੇ ਕਿਹਾ ਕਿ ਕਸ਼ਮੀਰ ਦੀ ਨੌਜਵਾਨ ਪੀੜ੍ਹੀ ਤੋਂ ਕੱਟੜਪੁਣੇ ਦੀ ਪੁੱਠ ਲਾਹੁਣਾ, ਅਤਿਵਾਦੀਆਂ ਨੂੰ ਮੁੱਖ ਧਾਰਾ ’ਚ ਲਿਆਉਣਾ ਅਤੇ ਜੰਨਤ ਨੂੰ ਭਾਰਤ ਦੇ ਸੀਰੀਆ ਵਿੱਚ ਤਬਦੀਲ ਹੋਣ ਤੋਂ ਰੋਕਣਾ ਵਾਦੀ ’ਚ ਸਭ ਤੋਂ ਵੱਡੀ ਚੁਣੌਤੀ ਅਤੇ ਤਰਜੀਹ ਹੈ। ਦਸੰਬਰ 2015 ਤੋਂ ਦੋ ਸਾਲਾਂ ਲਈ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਮੁਖੀ ਰਹੇ ਸ੍ਰੀ ਸ਼ਰਮਾ ਨੇ ਕਿਹਾ ਕਿ ਹਿੰਸਾ ਦਾ ਅੰਤ ਕਰਨਾ ਉਨ੍ਹਾਂ ਦਾ ਮਿਸ਼ਨ ਹੈ। ਸੂਬੇ ਵਿੱਚ ਜਲਦੀ ਤੋਂ ਜਲਦੀ ਸ਼ਾਂਤੀ ਕਾਇਮ ਕਰਨ ਲਈ ਕਿਸੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਭਾਵੇਂ ਉਹ ਰਿਕਸ਼ਾ ਚਾਲਕ ਹੀ ਕਿਉਂ ਨਾ ਹੋਵੇ।’
ਇਸ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਨਵੀਂ ਉਮਰ ਦੇ ਕਸ਼ਮੀਰੀ ਅਤਿਵਾਦੀ ਕਮਾਂਡਰਾਂ ਦਾ ਜ਼ਿਕਰ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ, ‘ਮੈਨੂੰ ਦੁੱਖ ਹੁੰਦਾ ਹੈ ਅਤੇ ਕਈ ਵਾਰ ਮੈਂ ਭਾਵੁਕ ਵੀ ਹੋ ਜਾਂਦਾ ਹਾਂ। ਜਿੰਨੀ ਛੇਤੀ ਹੋ ਸਕੇ ਮੈਂ ਇਸ ਤਰ੍ਹਾਂ ਦੀ ਹਿੰਸਾ ਨੂੰ ਸਾਰੇ ਪਾਸਿਆਂ ਤੋਂ ਬੰਦ ਹੋਈ ਦੇਖਣਾ ਚਾਹੁੰਦਾ ਹਾਂ। ਜ਼ਾਕਿਰ ਮੂਸਾ (ਕਸ਼ਮੀਰ ਅਲ-ਕਾਇਦਾ ਮੁਖੀ) ਅਤੇ ਬੁਰਹਾਨ ਵਾਨੀ (ਮਾਰਿਆ ਗਿਆ ਹਿਜ਼ਬੁਲ ਮੁਜਾਹਿਦੀਨ ਕਮਾਂਡਰ) ਵਰਗੇ ਕਸ਼ਮੀਰੀ ਨੌਜਵਾਨ ਜਦੋਂ ਇਸਲਾਮਿਕ ਰਾਜ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਹੱਲਾ-ਸ਼ੇਰੀ ਮਿਲਦੀ ਹੈ।’ ਉਨ੍ਹਾਂ ਕਿਹਾ ਕਿ ਕੱਟੜਤਾ ਵਾਲੇ ਜਿਸ ਰਾਹ ’ਤੇ ਕਸ਼ਮੀਰ ਤੁਰ ਰਿਹਾ ਹੈ ਅਖ਼ੀਰ ਉਹ ਆਪਣੇ ਆਪ ‘ਕਸ਼ਮੀਰੀ ਸਮਾਜ ਦਾ ਅੰਤ’ ਕਰ ਦੇਵੇਗਾ।
ਸਾਬਕਾ ਆਈਪੀਐਸ ਅਫ਼ਸਰ ਸ੍ਰੀ ਸ਼ਰਮਾ ਨੇ ਕਿਹਾ, ‘ਮੈਨੂੰ ਕਸ਼ਮੀਰ ਦੇ ਲੋਕਾਂ ਦੀ ਚਿੰਤਾ ਹੈ। ਜੇਕਰ ਇਹ ਸਾਰਾ ਕੁੱਝ ਜਾਰੀ ਰਿਹਾ ਤਾਂ ਹਾਲਾਤ ਯਮਨ, ਸੀਰੀਆ ਅਤੇ ਲਿਬੀਆ ਵਰਗੇ ਹੋ ਜਾਣਗੇ। ਲੋਕ ਕਈ ਧੜਿਆਂ ਵਿੱਚ ਰਲ ਕੇ ਲੜਾਈ ਸ਼ੁਰੂ ਕਰਨਗੇ। ਇਸ ਲਈ ਇਹ ਬਹੁਤ ਅਹਿਮ ਹੈ ਕਿ ਸਾਨੂੰ ਸਾਰਿਆਂ ਨੂੰ ਕਸ਼ਮੀਰੀਆਂ ਦੇ ਦੁੱਖਾਂ ਦੇ ਅੰਤ ’ਚ ਯੋਗਦਾਨ ਪਾਉਣਾ ਚਾਹੀਦਾ ਹੈ। ਮੈਨੂੰ ਕਸ਼ਮੀਰ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਪਵੇਗਾ ਕਿ ਉਹ ਕੇਵਲ ਆਪਣਾ ਹੀ ਨਹੀਂ ਬਲਕਿ ਸਾਰੇ ਕਸ਼ਮੀਰੀਆਂ ਦਾ ਆਜ਼ਾਦੀ, ਇਸਲਾਮਿਕ ਰਾਜ ਜਾਂ ਇਸਲਾਮ ਦੇ ਨਾਂ ਉਤੇ ਭਵਿੱਖ ਖ਼ਰਾਬ ਕਰ ਰਹੇ ਹਨ। ਤੁਸੀਂ ਪਾਕਿਸਤਾਨ, ਲਿਬੀਆ, ਯਮਨ ਜਾਂ ਹੋਰ ਕਿਸੇ ਵੀ ਮੁਲਕ ਜਿਥੇ ਅਜਿਹੇ ਹਾਲਾਤ ਸਨ ਦੀ ਉਦਾਹਰਣ ਲੈ ਸਕਦੇ ਹੋ।
 

 

 

fbbg-image

Latest News
Magazine Archive