ਗੁਜਰਾਤ ’ਚ ਦੋ-ਪੜਾਵੀ ਚੋਣਾਂ 9 ਤੇ 14 ਦਸੰਬਰ ਨੂੰ


 ਨਵੀਂ ਦਿੱਲੀ - ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ 9 ਅਤੇ 14 ਦਸੰਬਰ ਨੂੰ ਦੋ ਪੜਾਵਾਂ ਵਿੱਚ ਹੋਣਗੀਆਂ। ਚੋਣ ਕਮਿਸ਼ਨ ਵੱਲੋਂ ਅੱਜ ਕੀਤੇ ਇਸ ਐਲਾਨ ਦੇ ਨਾਲ ਹੀ ਮੁਲਕ ਦੇ ਇਸ ਸਿਆਸੀ ਪੱਖੋਂ ਬਹੁਤ ਹੀ ਅਹਿਮ ਸੂਬੇ ਵਿੱਚ ਹਾਕਮ ਭਾਜਪਾ ਅਤੇ ਵਿਰੋਧੀ ਪਾਰਟੀ ਕਾਂਗਰਸ ਦੌਰਾਨ ਚੋਣ ਜੰਗ ਦਾ ਮੰਚ ਤਿਆਰ ਹੋ ਗਿਆ ਹੈ। ਨਾਲ ਹੀ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ।
ਵੋਟਾਂ ਦੀ ਗਿਣਤੀ ਚੋਣਾਂ ਵਾਲੇ ਦੂਜੇ ਸੂਬੇ ਹਿਮਾਚਲ ਪ੍ਰਦੇਸ਼ ਦੇ ਨਾਲ ਹੀ 18 ਦਸੰਬਰ ਨੂੰ ਕੀਤੀ ਜਾਵੇਗੀ। ਇਹ ਐਲਾਨ ਇਥੇ ਮੁੱਖ ਚੋਣ ਕਮਿਸ਼ਨਰ ਏ.ਕੇ. ਜੋਤੀ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਗ਼ੌਰਤਲਬ ਹੈ ਕਿ ਕਮਿਸ਼ਨ ਨੇ ਗੁਜਰਾਤ ਚੋਣਾਂ ਦਾ ਐਲਾਨ ਹਿਮਾਚਲ ਪ੍ਰਦੇਸ਼ ਨਾਲੋਂ ਕਰੀਬ ਦੋ ਹਫ਼ਤੇ ਬਾਅਦ ਕੀਤਾ ਹੈ। ਹਿਮਾਚਲ ਸਬੰਧੀ ਐਲਾਨ 12 ਅਕਤੂਬਰ ਨੂੰ ਕੀਤਾ ਗਿਆ ਸੀ। ਇਸ ’ਤੇ ਵਿਰੋਧੀ ਧਿਰ ਨੇ ਇਤਰਾਜ਼ ਉਠਾਉਂਦਿਆਂ ਦੋਸ਼ ਲਾਇਆ ਸੀ ਕਿ ਕਮਿਸ਼ਨ ਨੇ ਅਜਿਹਾ ਕੇਂਦਰ ਸਰਕਾਰ ਨੂੰ ਗੁਜਰਾਤ ਲਈ ਲੋਕ ਲੁਭਾਊ ਪ੍ਰਾਜੈਕਟਾਂ ਦਾ ਐਲਾਨ ਕਰਨ ਦਾ ਵਾਧੂ ਸਮਾਂ ਦੇਣ ਲਈ ਕੀਤਾ ਹੈ।
ਗੁਜਰਾਤ ਵਿੱਚ 1998 ਤੋਂ ਭਾਜਪਾ ਦੀ ਹਕੂਮਤ ਹੈ ਅਤੇ ਕਾਂਗਰਸ ਵਾਪਸੀ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਲਗਾਤਾਰ ਗੁਜਰਾਤ ਦੇ ਦੌਰੇ ਕੀਤੇ ਜਾ ਰਹੇ ਹਨ, ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਥੋਂ ਦੀਆਂ ਗੇੜੀਆਂ ਲਾ ਰਹੇ ਹਨ। ਜੱਦੀ ਸੂਬਾ ਅਤੇ ਲੰਬਾ ਸਮਾਂ ਮੁੱਖ ਮੰਤਰੀ ਰਹੇ ਹੋਣ ਕਾਰਨ ਇਹ ਚੋਣਾਂ ਸ੍ਰੀ ਮੋਦੀ ਲਈ ਵੱਕਾਰ ਦਾ ਵੱਡਾ ਸਵਾਲ ਬਣੀਆਂ ਹੋਈਆਂ ਹਨ। ਸੱਤਾ ਵਿੱਚ ਬਣੇ ਰਹਿਣ ਲਈ ਭਾਜਪਾ ਦੀ ਵੀ ਸਾਰੀ ਟੇਕ ਵਿਕਾਸ ਦੇ ਨਾਅਰੇ ਅਤੇ ਸ੍ਰੀ ਮੋਦੀ ਦੀ ਮਕਬੂਲੀਅਤ ਉਤੇ ਹੀ ਹੈ, ਜੋ ਪਿਛਲੀਆਂ 2012 ਦੀਆਂ ਚੋਣਾਂ ਵਿੱਚ ਸੂਬੇ ਦੇ ਮੁੱਖ ਮੰਤਰੀ ਸਨ।  ਸ੍ਰੀ ਜੋਤੀ ਨੇ ਐਲਾਨ ਕੀਤਾ ਕਿ ਚੋਣ ਅਮਲ 14 ਨਵੰਬਰ ਨੂੰ ਪਹਿਲੇ ਗੇੜ ਲਈ ਗਜ਼ਟ ਨੋਟੀਫਿਕੇਸ਼ਨ ਨਾਲ ਸ਼ੁਰੂ ਹੋਵੇਗਾ। ਕੁੱਲ 182 ਸੀਟਾਂ ਵਿੱਚੋਂ ਪਹਿਲੇ ਗੇੜ ’ਚ 89 ਲਈ ਵੋਟਾਂ ਪੈਣਗੀਆਂ। ਇਹ ਹਲਕੇ 33 ਵਿੱਚੋਂ 19 ਜ਼ਿਲ੍ਹਿਆਂ ਨਾਲ ਸਬੰਧਤ ਹਨ। ਦੂਜੇ ਗੇੜ ਲਈ 14 ਜ਼ਿਲ੍ਹਿਆਂ ਦੇ 93 ਹਲਕਿਆਂ ਲਈ 20 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ। ਪਹਿਲੇ ਗੇੜ ਲਈ ਨਾਮਜ਼ਦਗੀਆਂ 21 ਤੇ ਦੂਜੇ ਗੇੜ ਲਈ 27 ਨਵੰਬਰ ਤੱਕ ਭਰੀਆਂ ਜਾਣਗੀਆਂ ਲਤੇ ਕ੍ਰਮਵਾਰ 24 ਤੇ 30 ਨਵੰਬਰ ਤੱਕ ਵਾਪਸ ਲਈਆਂ ਜਾ ਸਕਣਗੀਆਂ। ਇਸ ਦੇ ਨਾਲ ਹੀ ਸ੍ਰੀ ਜੋਤੀ ਨੇ ਚੋਣਾਂ ਦਾ ਐਲਾਨ ਪਛੜ ਕੇ ਕਰਨ ਦੇ ਮਾਮਲੇ ਵਿੱਚ ਕਮਿਸ਼ਨ ਸਰਕਾਰ  ਨਾਲ ‘ਮਿਲੀ-ਭੁਗਤ’ ਦੇ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ। ਪ੍ਰੈਸ ਕਾਨਫਰੰਸ ਦੌਰਾਨ ਸਵਾਲ-ਜਵਾਬ ਦਾ ਸਮਾਂ ਬਹੁਤਾ ਇਸ ਮੁੱਦੇ ਨਾਲ ਸਬੰਧਤ ਸਵਾਲਾਂ ਦੀ ਭੇਟ ਚੜ੍ਹਿਆ। ਸ੍ਰੀ ਜੋਤੀ ਨੇ ਦੇਰੀ ਨਾਲ ਐਲਾਨ ਨੂੰ ਆਪਣਾ ‘ਮਾੜਾ ਫ਼ੈਸਲਾ’ ਮੰਨਣ ਤੋਂ ਵੀ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਜੁਲਾਈ ’ਚ ਆਏ ਹੜ੍ਹਾਂ ਕਾਰਨ ਮੁੜ-ਵਸੇਬੇ ਦੇ ਕੰਮ ਜਾਰੀ ਹੋਣ ਕਾਰਨ ਵੀ ਰਾਜ ਸਰਕਾਰ ਨੇ ਚੋਣਾਂ ਦਾ ਐਲਾਨ ਛੇਤੀ ਨਾ ਕਰਨ ਦੀ ਬੇਨਤੀ ਕੀਤੀ ਸੀ।
ਇਸ ਦੌਰਾਨ ਕਾਂਗਰਸ ਦੇ ਸਾਬਕਾ ਆਗੂ ਸ਼ੰਕਰਸਿੰਹ ਵਘੇਲਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਸਿਆਸੀ ਫਰੰਟ ‘ਜਨ ਵਿਕਲਪ’ ਸਾਰੀਆਂ 182 ਸੀਟਾਂ ਉਤੇ ਇਕੱਲਿਆਂ ਹੀ ਰਾਜਸਥਾਨ ਵਿੱਚ ਰਜਿਸਟਰਡ ‘ਆਲ ਇੰਡੀਆ ਹਿੰਦੂਸਤਾਨ ਕਾਂਗਰਸ’ ਪਾਰਟੀ ਦੇ ਚੋਣ ਨਿਸ਼ਾਨ ‘ਟਰੈਕਟਰ ਚਲਾ ਰਿਹਾ ਕਿਸਾਨ’ ਉਤੇ ਚੋਣ ਲੜੇਗਾ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਵਘੇਲਾ ਨੇ ਕਿਹਾ ਕਿ ਉਹ ਆਪਣਾ ਚੋਣ ਨਿਸ਼ਾਨ ਲੈਣ ਵਿੱਚ ਲੇਟ ਹੋ ਗਏ ਹਨ।    

 

 

fbbg-image

Latest News
Magazine Archive