ਜੋਹੋਰ ਕੱਪ ਹਾਕੀ: ਭਾਰਤ ਨੇ ਅਮਰੀਕਾ ਨੂੰ 22-0 ਨਾਲ ਭੰਨਿਆ


ਜੋਹੋਰ ਬਾਰੂ (ਮਲੇਸ਼ੀਆ) - ਭਾਰਤੀ ਹਾਕੀ ਟੀਮ ਨੇ ਸੱਤਵੇਂ ਸੁਲਤਾਨ ਜੋਹੋਰ ਕੱਪ ਜੂਨੀਅਰ ਪੁਰਸ਼ ਹਾਕੀ ਟੂਰਨਾਮੈਂਟ ਦੇ ਲੀਗ ਮੈਚ ਵਿੱਚ ਅਮਰੀਕਾ ਨੂੰ 22-0 ਨਾਲ ਹਰਾ ਕੇ 1932 ਦੀਆਂ ਲਾਸ ਏਂਜਲਸ ਓਲੰਪਿਕਸ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਭਾਰਤ ਵੱਲੋਂ ਹਰਮਨਜੀਤ ਸਿੰਘ (25ਵੇਂ, 26ਵੇਂ 40ਵੇਂ 45ਵੇਂ ਤੇ 52ਵੇਂ ਮਿੰਟ) ਨੇ ਪੰਜ ਜਦਕਿ ਅਭਿਸ਼ੇਕ (28ਵੇਂ 37ਵੇਂ 38ਵੇਂ ਤੇ 45ਵੇਂ ਮਿੰਟ) ਵਿੱਚ ਚਾਰ ਗੋਲ ਕੀਤੇ।
ਇਨ੍ਹਾਂ ਤੋਂ ਇਲਾਵਾ ਵਿਸ਼ਾਲ ਪਾਟਿਲ (ਦੂਜੇ, 30ਵੇਂ ਤੇ 40ਵੇਂ ਮਿੰਟ) ਤੇ ਦਿਲਪ੍ਰੀਤ ਸਿੰਘ (ਤੀਜੇ, 54ਵੇਂ ਅਤੇ 59ਵੇਂ ਮਿੰਟ) ਨੇ ਵੀ ਤਿੰਨ ਗੋਲ ਕੀਤੇ। ਮਨਿੰਦਰ ਸਿੰਘ  (42ਵੇਂ ਅਤੇ 43ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਪ੍ਰਤਾਪ ਲਾਕੜਾ, ਐਮ. ਰਵਿਚੰਦਰ, ਰੌਸ਼ਨ ਕੁਮਾਰ, ਸ਼ਿਲਾਨੰਦ ਲਾਕੜਾ ਅਤੇ ਵਿਵੇਕ ਪ੍ਰਸਾਦ ਨੇ ਵੀ ਇੱਕ ਇੱਕ ਗੋਲ ਕਰ ਕੇ ਇਸ ਇਤਿਹਾਸਕ ਮੈਚ ਵਿੱਚ ਆਪਦਾ ਨਾਂ ਦਰਜ ਕਰਵਾਇਆ।
ਇਹ ਭਾਰਤ ਦੀਆਂ ਕੌਮਾਂਤਰੀ ਪੱਧਰ ’ਤੇ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਹੈ। ਮੇਜਰ ਧਿਆਨਚੰਦ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ 1932 ਦੀਆਂ ਲਾਸ ਏਂਜਲਸ ਓਲੰਪਿਕ ਵਿੱਚ ਅਮਰੀਕਾ ਨੂੰ ਹੀ 24-1 ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਇਸ ਟੂਰਨਾਮੈਂਟ ਵਿੱਚ ਅਮਰੀਕਾ ਸਭ ਤੋਂ ਕਮਜ਼ੋਰ ਟੀਮ ਹੈ। ਉਸ ਨੂੰ ਭਾਰਤ ਤੋਂ ਪਹਿਲਾ ਆਸਟਰੇਲੀਆ ਨੇ 19-0 ਅਤੇ ਇੰਗਲੈਂਡ ਨੇ 11-0 ਨਾਲ ਹਰਾਇਆ ਸੀ। ਭਾਰਤ ਦੀ ਇਸ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੇ ਜਾਪਾਨ ਨੂੰ 3-2 ਅਤੇ ਮੇਜ਼ਬਾਨ ਮਲੇਸ਼ੀਆ ਨੂੰ 2-1 ਨਾਲ ਹਰਾਇਆ ਹੈ।  

 
Latest News
Magazine Archive