ਮੋਦੀ ਵੱਲੋਂ ਗੁਜਰਾਤ ’ਚ ਰੋ-ਰੋ ਜਹਾਜ਼ ਸੇਵਾ ਸ਼ੁਰੂ


ਗੋਗਾ (ਗੁਜਰਾਤ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ’ਚ ਦੇਰੀ ਦੇ ਸਿਆਸੀ ਘਮਾਸਾਣ ਦਰਮਿਆਨ ਅੱਜ ਸੌਰਾਸ਼ਟਰ ਤੋਂ ਦੱਖਣੀ ਗੁਜਰਾਤ ਨੂੰ ਜੋੜਨ ਵਾਲੇ ਰੋਲ-ਆਨ ਰੋਲ-ਆਫ (ਰੋ-ਰੋ) ਜਹਾਜ਼ ਸੇਵਾ ਦੇ ਪਹਿਲੇ ਪੜਾਅ ਦਾ ਅੱਜ ਉਦਘਾਟਨ ਕੀਤਾ। ਆਪਣੇ ਸੁਪਨਮਈ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਇਸ ’ਚ ਦੇਰੀ ਲਈ ਪਿਛਲੀ ਯੂਪੀਏ ਸਰਕਾਰ ’ਤੇ ਦੋਸ਼ ਮੜ੍ਹੇ ਕਿ ਉਸ ਨੇ ਵਾਤਾਵਰਨ ਦੇ ਨਾਮ ’ਤੇ ਪ੍ਰਾਜੈਕਟ ਦੀਆਂ ਬੇੜੀਆਂ ’ਚ ਪੱਥਰ ਪਾਈ ਰੱਖੇ। ਮਹੀਨੇ ’ਚ ਤੀਜੀ ਵਾਰ ਸੂਬੇ ਦੇ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨੇ ਭਾਵਨਗਰ ਦੇ 100 ਨੇਤਰਹੀਣ ਬੱਚਿਆਂ ਨਾਲ ਗੋਗਾ ਤੋਂ ਦਾਹੇਜ ਤਕ ਜਹਾਜ਼ ਦਾ ਸਫ਼ਰ ਵੀ ਕੀਤਾ। ਇਸ ਸੇਵਾ ਨਾਲ ਦੋਵੇਂ ਨਗਰਾਂ ਦੀ ਦੂਰੀ     310 ਤੋਂ ਘੱਟ ਕੇ 30 ਕਿਲੋਮੀਟਰ ਰਹਿ ਜਾਏਗੀ। ਪਹਿਲਾਂ ਦੋ ਜਹਾਜ਼ ਐਮ ਵੀ ਜਯ ਸੋਫੀਆ ਅਤੇ ਆਈਲੈਂਡ ਜੇਡ ਪਾਣੀਆਂ ’ਚ ਉਤਾਰੇ ਗਏ ਹਨ ਜੋ ਕ੍ਰਮਵਾਰ 300 ਅਤੇ 239 ਮੁਸਾਫ਼ਰਾਂ ਨੂੰ ਲੈ ਕੇ ਜਾ ਸਕਣਗੇ। ਸ੍ਰੀ ਮੋਦੀ ਨੇ ਇਥੇ ਕੀਤੀ ਰੈਲੀ ਦੌਰਾਨ ਕਿਹਾ,‘‘ਇਹ ਆਪਣੀ ਤਰ੍ਹਾਂ ਦਾ ਭਾਰਤ ’ਚ ਹੀ ਨਹੀਂ ਸਗੋਂ ਦੱਖਣ-ਪੂਰਬ ਏਸ਼ੀਆ ਦਾ ਪਹਿਲਾ ਪ੍ਰਾਜੈਕਟ ਹੈ।’’ ਪ੍ਰਾਜੈਕਟ ਨੂੰ ਮੁਲਕ ਲਈ  ਬੇਸ਼ਕੀਮਤੀ ਤੋਹਫ਼ਾ ਕਰਾਰ ਦਿੰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਯੂਪੀਏ ਸਰਕਾਰ ਨੇ ਜਹਾਜ਼ਰਾਣੀ ਅਤੇ ਬੰਦਰਗਾਹ ਸੈਕਟਰ ਨੂੰ ਅਣਗੌਲਿਆਂ ਕੀਤਾ। ਪਹਿਲੇ ਗੇੜ ’ਚ ਅਜੇ ਲੋਕ ਹੀ ਜਹਾਜ਼ ’ਚ ਸਫ਼ਰ ਕਰ ਸਕਣਗੇ ਪਰ ਦੂਜੇ ਪੜਾਅ ਤਹਿਤ ਕਾਰਾਂ ਵਰਗੇ ਹਲਕੇ ਵਾਹਨ ਅਤੇ ਤੀਜੇ ਪੜਾਅ ’ਚ ਟਰੱਕ ਵਰਗੇ ਭਾਰੀ ਵਾਹਨਾਂ ਨੂੰ ਵੀ ਲਿਜਾਇਆਜਾ ਸਕੇਗਾ।
ਅਹਿਮ ਆਰਥਿਕ ਸੁਧਾਰਾਂ ਦਾ ਅਮਲ ਰਹੇਗਾ ਜਾਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਰਥਿਕ ਸੁਧਾਰਾਂ ਬਾਬਤ ਲਏ ਜਾ ਰਹੇ ਅਹਿਮ ਫ਼ੈਸਲਿਆਂ ਦਾ ਅਮਲ ਜਾਰੀ ਰਹੇਗਾ। ਗੁਜਰਾਤ ਦੇ ਇਕ ਰੋਜ਼ਾ ਦੌਰੇ ਮੌਕੇ ਸ੍ਰੀ ਮੋਦੀ ਨੇ ਵਪਾਰੀਆਂ ਨੂੰ ਕਿਹਾ ਕਿ ਜੇਕਰ ਉਹ ਜੀਐਸਟੀ ਤਹਿਤ ਰਜਿਸਟਰਡ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਪਿਛਲੇ ਰਿਕਾਰਡ ਨੂੰ ਆਮਦਨ ਕਰ ਵਿਭਾਗ ਚੈੱਕ ਨਹੀਂ ਕਰੇਗਾ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਆਰਥਿਕ ਮਾਹਿਰਾਂ ਨੇ ਸਰਬਸੰਮਤੀ ਜਤਾਈ ਹੈ ਕਿ ਅਰਥਚਾਰਾ ਲੀਹ ’ਤੇ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਕ ’ਚ ਵਿਦੇਸ਼ੀ ਨਿਵੇਸ਼ਕ ਪੈਸਾ ਲਾ ਰਹੇ ਹਨ। ਜੀਐਸਟੀ ਬਾਰੇ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ 27 ਲੱਖ ਵਾਧੂ ਲੋਕ ਅਸਿੱਧੇ ਕਰਾਂ ਨਾਲ ਜੁੜ ਗਏ ਹਨ।

 

 

fbbg-image

Latest News
Magazine Archive