ਐਤਕੀਂ ‘ਸੁੱਕੀ’ ਹੀ ਲੰਘੇਗੀ ਪੰਜਾਬ ਦੇ ਮੁਲਾਜ਼ਮਾਂ ਦੀ ਦੀਵਾਲੀ


ਚੰਡੀਗੜ੍ਹ - ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਮਹਿੰਗਾਈ ਭੱਤੇ (ਡੀ.ਏ.) ਦੀਆਂ ਜਨਵਰੀ ਤੇ ਜੁਲਾਈ 2017 ਤੋਂ ਪੈਂਡਿੰਗ ਦੋ ਕਿਸ਼ਤਾਂ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਉਨ੍ਹਾਂ ਸਾਫ਼ ਤੌਰ ’ਤੇ ਆਖ ਦਿੱਤਾ ਕਿ ਫਿਲਹਾਲ ਉਹ ਸੂਬੇ ਦੀ ਵਿੱਤੀ ਹਾਲਤ ਨੂੰ ਲੀਹ ’ਤੇ ਲਿਆਉਣ ਲਈ ਜੱਦੋ ਜਹਿਦ ਕਰ ਰਹੇ ਹਨ ਅਤੇ ਸਰਕਾਰ ਦੀ ਮੁੱਖ ਤਰਜੀਹ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਸਮੇਂ ਸਿਰ ਦੇਣ ਦਾ ਪ੍ਰਬੰਧ ਕਰਨਾ ਹੈ। ਦਰਅਸਲ, ਅੱਜ ਪੰਜਾਬ ਸਿਵਲ ਸਕੱਤਰੇਤ ਦੀਆਂ ਸਮੂਹ ਐਸੋਸੀਏਸ਼ਨਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਵਫ਼ਦ ਨੇ ਭਾਰੀ ਆਸਾਂ ਨਾਲ ਖ਼ਜ਼ਾਨਾ ਮੰਤਰੀ ਸ੍ਰੀ ਬਾਦਲ ਨਾਲ ਮੁਲਾਕਾਤ ਕਰ ਕੇ ਪਹਿਲੀ ਜਨਵਰੀ ਅਤੇ ਪਹਿਲੀ ਜੁਲਾਈ 2017 ਤੋਂ  ਕੇਂਦਰੀ ਪੈਟਰਨ ’ਤੇ ਦੋ ਕਿਸ਼ਤਾਂ ਦੇਣ ਦੀ ਅਰਜ਼ੋਈ ਕੀਤੀ ਸੀ। ਵਫ਼ਦ ਨੇ ਡੀ.ਏ. ਦੀਆਂ ਕਿਸ਼ਤਾਂ ਦਾ ਪਿਛਲਾ 22 ਮਹੀਨਿਆਂ ਦਾ ਬਕਾਇਆ ਦੇਣ ਦੀ ਮੰਗ ਵੀ ਕੀਤੀ ਸੀ। ਸਾਂਝੀ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਵਫ਼ਦ ਨੇ ਸ੍ਰੀ ਬਾਦਲ ਦੇ ਧਿਆਨ ਵਿੱਚ ਲਿਆਂਦਾ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਵੀ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਬੇਰੁਖੀ ਕਾਰਨ ਇਸ ਵਰਗ ’ਚ ਕਾਫ਼ੀ ਰੋਸ ਹੈ, ਜਿਸ ਕਾਰਨ ਦੀਵਾਲੀ ਤੋਂ ਪਹਿਲਾਂ ਘੱਟੋ-ਘੱਟ ਡੀ.ਏ. ਦੀਆਂ ਦੋ ਕਿਸ਼ਤਾਂ ਅਤੇ ਡੀ.ਏ. ਦੀਆਂ ਕਿਸ਼ਤਾਂ ਦੇ ਪੁਰਾਣੇ ਬਕਾਏ ਦੇਣ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਤਾਂ ਫਿਲਹਾਲ ਸੂਬੇ ਦੀ ਵਿੱਤੀ ਹਾਲਤ ਨੂੰ ਲੀਹਾਂ ਉਪਰ ਲਿਆਉਣ ਲਈ ਹੀ ਉਪਰਾਲੇ ਕਰ ਰਹੇ ਹਨ ਅਤੇ ਸਰਕਾਰ ਦੀ ਪਹਿਲ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਦੇਣੀਆਂ ਹਨ। ਖ਼ਜ਼ਾਨਾ ਮੰਤਰੀ ਨੇ ਐਸੋਸੀਏਸ਼ਨ ਨੂੰ ਸਰਕਾਰ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਕੱਤਰੇਤ ਦੇ ਮੁਲਾਜ਼ਮਾਂ ਨੂੰ ਤਾਂ ਵਿੱਤੀ ਹਾਲਤ ਦਾ ਪਤਾ ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਵਾਲੀ ਤੋਂ ਪਹਿਲਾਂ ਡੀ.ਏ. ਦੇਣ ਤੋਂ ਅਸਮਰੱਥ ਹੈ ਪਰ ਜਲਦੀ ਹੀ ਮੁਲਾਜ਼ਮਾਂ ਨੂੰ ਡੀ.ਏ. ਦੇਣ ਬਾਰੇ ਫ਼ੈਸਲਾ ਲਿਆ ਜਾਵੇਗਾ। ਪੰਜਾਬ ਸਕੱਤਰੇਤ ਦੇ ਸੂਤਰਾਂ ਅਨੁਸਾਰ ਇਸ ਮੌਕੇ ਮੁਲਾਜ਼ਮਾਂ ਦੇ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਦਾ ਕੋਈ ਦਬਾਅ ਨਾ ਹੋਣ ਕਾਰਨ ਸਰਕਾਰ ਡੀ.ਏ. ਦੀਆਂ ਕਿਸ਼ਤਾਂ ਨੂੰ ਠੰਡੇ ਬਸਤੇ ਵਿੱਚ ਪਾਈ ਬੈਠੀ ਹੈ।
ਆਈਏਐੱਸ ਤੇ ਆਈਪੀਐੱਸ ਅਫ਼ਸਰਾਂ ’ਤੇ ਮਿਹਰਬਾਨੀ
ਖ਼ਜ਼ਾਨਾ ਮੰਤਰੀ ਜਿੱਥੇ ਵਿੱਤੀ ਸੰਕਟ ਦੀ ਆੜ ਹੇਠ ਮੁਲਾਜ਼ਮਾਂ ਨੂੰ ਡੀ.ਏ. ਦੀਆਂ ਕਿਸ਼ਤਾਂ ਦੇਣ ਤੋਂ ਇਨਕਾਰੀ ਹਨ, ਉੱਥੇ ਸਕੱਤਰੇਤ ਦੇ ਸੂਤਰਾਂ ਅਨੁਸਾਰ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ਨੂੰ ਸਰਕਾਰ ਲੰਮਾ ਸਮਾਂ ਪਹਿਲਾਂ ਹੀ ਪਹਿਲੀ ਜਨਵਰੀ 2017 ਤੋਂ 4 ਫ਼ੀਸਦੀ ਡੀ.ਏ. ਦੀ ਕਿਸ਼ਤ ਦੇ ਚੁੱਕੀ ਹੈ। ਇਨ੍ਹਾਂ ਅਧਿਕਾਰੀਆਂ ਨੂੰ ਸੱਤਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸੋਧੀਆਂ ਤਨਖਾਹਾਂ ਦੇ ਗੱਫੇ ਵੀ ਦਿੱਤੇ ਜਾ ਚੁੱਕੇ ਹਨ।

 

Latest News
Magazine Archive