ਭਾਰਤ ਨੇ ਸਹੀ ਸਮੇਂ ’ਤੇ ਕੀਤੇ ਢਾਂਚਾਗਤ ਸੁਧਾਰ: ਜੇਤਲੀ


ਵਾਸ਼ਿੰਗਟਨ - ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਹੈ ਕਿ ਭਾਰਤ ਨੇ ਸਹੀ ਸਮੇਂ ’ਤੇ ਅਹਿਮ ਢਾਂਚਾਗਤ ਸੁਧਾਰ ਕੀਤੇ ਅਤੇ ਮੁਲਕ ਨੂੰ ਇਸ ਦਾ ਫਾਇਦਾ ਆਉਣ ਵਾਲੇ ਸਮੇਂ ’ਚ ਹੋਵੇਗਾ।
ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਸਮੇਤ ਕੁਝ ਅਹਿਮ ਸੁਧਾਰ ਮੁਲਕ ਦੇ ਅਰਥਚਾਰੇ ’ਚ ਲੰਬੇ ਸਮੇਂ ਦੇ ਲਾਭਾਂ ਨੂੰ ਧਿਆਨ ’ਚ ਰਖਦਿਆਂ ਕੀਤੇ ਗਏ ਹਨ ਜਿਸ ਦੇ ਨਤੀਜੇ ਵਜੋਂ ਭਾਰਤ ਦੀ ਵਿਕਾਸ ਦਰ ਵਾਧੇ ਦੇ ਰਾਹ ਪੈ ਗਈ ਹੈ। ਭਾਰਤੀ ਪੱਤਰਕਾਰਾਂ ਦੇ ਗਰੁੱਪ ਨਾਲ ਗੱਲਬਾਤ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ,‘‘ਜਦੋਂ ਦੁਨੀਆ ’ਚ ਢਾਈ ਫ਼ੀਸਦੀ ਦੀ ਦਰ ਨਾਲ ਵਿਕਾਸ ਹੋ ਰਿਹਾ ਸੀ ਤਾਂ ਭਾਰਤ ਸੱਭ ਤੋਂ ਤੇਜ਼ ਵਧਦੇ ਅਰਥਚਾਰੇ ਵਜੋਂ ਉਭਰਿਆ। ਇਹ ਸੁਧਾਰ ਕਰਨ ਦਾ ਵੇਲਾ ਸੀ। ਵਿਕਾਸ ਦਰ ਹੇਠਲੇ ਪੱਧਰ ’ਤੇ ਜਾਣ ਲਈ ਉਡੀਕ ਕਰਨ ਦੀ ਲੋੜ   ਨਹੀਂ ਸੀ।’’
ਨੋਟਬੰਦੀ ਦੀ ਆਲੋਚਨਾ ਕਰਨ ਵਾਲਿਆਂ ’ਤੇ ਵਰ੍ਹਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕੀ ਭਾਰਤ ਨਕਦੀ ’ਤੇ ਆਧਾਰਿਤ ਅਰਥਚਾਰਾ ਬਣਿਆ ਰਹੇ? ਇਹ ਜੋਖ਼ਮ ਭਰਿਆ ਜ਼ਰੂਰ ਹੈ ਪਰ ਇਸ ਦੇ ਇਕ ਜਾਂ ਦੋ ਤਿਮਾਹੀਆਂ ਤਕ ਹੀ ਮਾੜੇ ਅਸਰ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਆਲਮੀ ਆਗੂਆਂ ਵੱਲੋਂ ਭਾਰਤੀ ਅਰਥਚਾਰੇ ਬਾਰੇ ਦਿੱਤੇ ਗਏ ਹਾਂ-ਪੱਖੀ ਜਵਾਬਾਂ ਅਤੇ ਬਿਆਨਾਂ ਨੇ ਭਾਰਤ ਦਾ ਭਰੋਸਾ ਵਧਾਇਆ ਹੈ। 
ਅਮਰੀਕਾ ਵੀਜ਼ਾ ਨੀਤੀ ਬਾਰੇ ਢੁਕਵਾਂ ਫ਼ੈਸਲਾ ਲਏ: ਜੇਤਲੀ
ਵਾਸ਼ਿੰਗਟਨ - ਐਚ-1ਬੀ ਵੀਜ਼ੇ ’ਤੇ ਆ ਰਹੇ ਭਾਰਤੀ ਆਈਟੀ ਮਾਹਿਰਾਂ ਦਾ ਪੱਖ ਪੂਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਉਹ ਗ਼ੈਰ ਕਾਨੂੰਨੀ ਆਰਥਿਕ ਪਰਵਾਸੀ ਨਹੀਂ ਹਨ। ਉਨ੍ਹਾਂ ਕਿਹਾ ਕਿ ਵੀਜ਼ਾ ਨੀਤੀ ਬਾਰੇ ਫ਼ੈਸਲਾ ਲੈਂਦਿਆਂ ਅਮਰੀਕਾ ਨੂੰ ਕੋਈ ਢੁਕਵਾਂ ਫ਼ੈਸਲਾ ਲੈਣਾ ਚਾਹੀਦਾ ਹੈ। ਸ੍ਰੀ ਜੇਤਲੀ ਨੇ ਇਹ ਮੁੱਦਾ ਅਮਰੀਕੀ ਵਿੱਤ ਮੰਤਰੀ ਸਟੀਵਨ ਮਨੁਚਿਨ ਅਤੇ ਵਣਜ ਮੰਤਰੀ ਵਿਲਬਰ ਰੌਸ ਨਾਲ ਵੀ ਵਿਚਾਰਿਆ ਹੈ। 

 

 

fbbg-image

Latest News
Magazine Archive