ਗੁਰਦਾਸਪੁਰ ’ਚ ਕਾਂਗਰਸ ਦੀ ਸ਼ਾਨਦਾਰ ਜਿੱਤ


ਗੁਰਦਾਸਪੁਰ - ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਸ਼ਾਨ ਨਾਲ ਜਿੱਤ ਲਈ ਹੈ। ਉਨ੍ਹਾਂ ਆਪਣੇ ਮੁੱਖ ਵਿਰੋਧੀ ਅਕਾਲੀ-ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ 1,93219 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ। ਜਾਖੜ ਨੂੰ ਕੁੱਲ 4,99,752 ਵੋਟਾਂ ਪਈਆਂ ਜਦੋਂਕਿ ਅਕਾਲੀ-ਭਾਜਪਾ ਦੇ ਸਵਰਨ ਸਲਾਰੀਆ 3,06,533 ਵੋਟਾਂ ਹੀ ਲੈ ਸਕੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਖਜ਼ੂਰੀਆ 23,579 ਵੋਟਾਂ ਲੈ ਕੇ ਤੀਸਰੇ ਨੰਬਰ ਉੱਤੇ ਪਛੜ ਗਏ। ਇਸ ਚੋਣ ਵਿੱਚ ਖਜ਼ੂਰੀਆ ਸਣੇ 9 ਜਣਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। 7580 ਵੋਟਰਾਂ ਨੇ ਨੋਟਾ ਦਾ ਬਟਨ ਦਬਾ ਕੇ ਉਮੀਦਵਾਰਾਂ ਪ੍ਰਤੀ ਨਾਪਸੰਦਗੀ ਪ੍ਰਗਟਾਈ।
ਵੋਟਾਂ ਦੀ ਗਿਣਤੀ ਸਵੇਰੇ ਠੀਕ ਅੱਠ ਵਜੇ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਸਥਾਪਿਤ ਗਿਣਤੀ ਕੇਂਦਰਾਂ ਉੱਤੇ ਸ਼ੁਰੂ ਹੋਈ। ਕਰੀਬ 9 ਵਜੇ ਗਿਣਤੀ ਦੇ ਪਹਿਲੇ ਗੇੜ ਦੀ ਸਮਾਪਤੀ ਉੱਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ 14316 ਵੋਟਾਂ ਦੇ ਫ਼ਰਕ ਨਾਲ ਅਕਾਲੀ-ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆਂ ਤੋਂ ਅੱਗੇ ਹੋ ਗਏ। ਇਸ ਤੋਂ ਬਾਅਦ ਆਖ਼ਰੀ 15ਵੇਂ ਗੇੜ ਤਕ ਹਰੇਕ ਵਿਧਾਨ ਸਭਾ ਹਲਕੇ ਤੋਂ ਹੀ ਲਗਾਤਾਰ ਆਪਣੇ ਵਿਰੋਧੀ ਤੋਂ ਲੀਡ ਲੈਂਦੇ ਰਹੇ। ਜਿੱਤ ਦੇ ਰਸਮੀ ਐਲਾਨ ਤੋਂ ਬਾਅਦ ਸ੍ਰੀ ਜਾਖ਼ੜ ਨੇ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਸਮੇਤ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਪੁੱਜ ਕੇ ਜਿੱਤ ਦਾ ਸਰਟੀਫਿਕੇਟ ਹਾਸਲ ਕੀਤਾ। ਇਸ ਮੌਕੇ ਸ੍ਰੀ ਜਾਖੜ ਨੇ ਆਪਣੀ ਜਿੱਤ ਲਈ ਹਲਕੇ ਦੇ ਸਮੂਹ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਲਾਕਾ ਵਾਸੀਆਂ ਦੇ ਭਰੋਸੇ ਉੱਤੇ ਖ਼ਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ, ਮਹਿੰਗਾਈ, ਬੇਰੁਜ਼ਗਾਰੀ ਅਤੇ ਹੋਰਨਾਂ ਮਸਲਿਆਂ ਨੂੰ ਲੈ ਕੇ ਸਦਨ ਵਿੱਚ ਖੇਤਰ ਦੀ ਆਵਾਜ਼ ਚੁੱਕਣਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਵਿੱਚ ਗਏ ਸਨ ਅਤੇ ਲੋਕਾਂ ਨੇ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਉੱਤੇ ਮੋਹਰ ਲਾਉਣ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਫ਼ਤਵਾ ਦਿੱਤਾ ਹੈ। ਸ੍ਰੀ ਜਾਖ਼ੜ ਦੀ ਜਿੱਤ ਉਪਰੰਤ ਪਾਰਟੀਆਂ  ਆਗੂਆਂ ਤੇ ਵਰਕਰਾਂ ਅੰਦਰ ਜਸ਼ਨ ਦਾ ਮਾਹੌਲ ਬਣਿਆ ਰਿਹਾ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ  ਗੁਰਲਵਲੀਨ ਸਿੰਘ ਸਿੱਧੂ ਨੇ ਜ਼ਿਮਨੀ ਚੋਣ ਦਾ ਨਤੀਜਾ ਐਲਾਨਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹੋਈ ਚੋਣ ਵਿੱਚ ਕੁੱਲ 859462 ਵੋਟਰਾਂ ਵੱਲੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ੍ਰੀ ਸੁਨੀਲ ਜਾਖੜ ਨੂੰ ਕੁੱਲ 4,99,452, ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ  3,06,533 ਵੋਟਾਂ ਅਤੇ ‘ਆਪ’ ਦੇ ਉਮੀਦਵਾਰ ਸੁਰੇਸ਼ ਖਜ਼ੂਰੀਆ ਨੂੰ 23579 ਵੋਟਾਂ ਮਿਲੀਆਂ ਹਨ।  ਇਸੇ ਤਰ੍ਹਾਂ ਐੱਮ.ਡੀ.ਪੀ ਦੀ ਉਮੀਦਵਾਰ ਸ੍ਰੀਮਤੀ ਸੰਤੋਸ਼ ਕੁਮਾਰੀ ਨੂੰ 1011 ਵੋਟਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਕੁਲਵੰਤ ਸਿੰਘ ਨੂੰ 3546, ਐੱਚ.ਐੱਸ.ਐੱਸ ਪਾਰਟੀ ਦੇ ਉਮੀਦਵਾਰ ਰਾਜਿੰਦਰ ਸਿੰਘ ਨੂੰ 1891 ਅਤੇ ਆਜ਼ਾਦ ਉਮੀਦਵਾਰ ਸਤਨਾਮ ਸਿੰਘ ਨੂੰ 996, ਸੰਦੀਪ ਕੁਮਾਰ ਨੂੰ 1922, ਪ੍ਰਦੀਪ ਕੁਮਾਰ ਨੂੰ 2029, ਪਰਵਿੰਦਰ ਸਿੰਘ ਨੂੰ 6825 ਅਤੇ ਪਵਨ ਕੁਮਾਰ ਨੂੰ 3791 ਵੋਟਾਂ ਪਈਆਂ ਹਨ।
ਵਿਧਾਨ ਸਭਾ ਹਲਕਾ ਵਾਰ ਕਾਂਗਰਸੀ ਉਮੀਦਵਾਰ ਸ੍ਰੀ ਜਾਖੜ ਸੁਜਾਨਪੁਰ ਤੋਂ 6701 ਵੋਟਾਂ, ਭੋਆ ਹਲਕੇ ਤੋਂ 7726 ਵੋਟਾਂ ਅਤੇ ਪਠਾਨਕੋਟ ਹਲਕੇ ਤੋਂ 8710 ਵੋਟਾਂ ਨਾਲ ਜੇਤੂ ਰਹੇ। ਇਸੇ ਤਰ੍ਹਾਂ ਗੁਰਦਾਸਪੁਰ ਹਲਕੇ ਤੋਂ 29656, ਦੀਨਾਨਗਰ ਤੋਂ 11387, ਕਾਦੀਆਂ ਹਲਕੇ ਤੋਂ 26348, ਬਟਾਲਾ ਹਲਕੇ ਤੋਂ 26255, ਫਤਿਹਗੜ੍ਹ ਚੂੜੀਆਂ ਹਲਕੇ ਤੋਂ 32296 ਅਤੇ ਡੇਰਾ ਬਾਬਾ ਨਾਨਕ ਹਲਕੇ ਤੋਂ 44074 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ।
ਕਾਂਗਰਸ ਲਈ ਸੰਜੀਵਨੀ ਬਣੇਗੀ ਜਿੱਤ: ਕੈਪਟਨ
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ ਸੰਸਦੀ ਹਲਕੇ ਦੇ ਮੈਂਬਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਇਸ ਜਿੱਤ ਨਾਲ ਕਾਂਗਰਸ ਪਾਰਟੀ ਦੀ ਬਹਾਲੀ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਲੋਕ ਸਭਾ ਦੀਆਂ 2019 ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਜਿੱਤ ਦਾ ਰਾਹ ਪੱਧਰਾ ਹੋ ਗਿਆ ਹੈ। ਜਾਖੜ ਨੇ ਆਪਣੀ ਜਿੱਤ ਦੀ ਤੁਲਨਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਚਿੱਕ ਮੰਗਲੂਰ ਦੀ ਸੀਟ ਤੋਂ ਹੋਈ ਜਿੱਤ ਨਾਲ ਕੀਤੀ ਹੈ। ਅੱਜ ਸ਼ਾਮੀ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਸਾੜਣਾ ਠੀਕ ਨਹੀਂ ਹੈ ਪਰ ਉਨ੍ਹਾਂ ਦੀ ਸਰਕਾਰ ਨੇ ਪਰਾਲੀ ਸਾੜਣ ਵਾਲੇ ਕਿਸਾਨਾਂ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ। ਮੁੱਖ ਮੰਤਰੀ ਨੇ ਇਸ ਰਿਕਾਰਡ ਜਿੱਤ ਲਈ ਪਾਰਟੀ ਵਰਕਰਾਂ ਅਤੇ ਲੋਕਾਂ ਦੇ ਸਣੇ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਜ਼ਿਮਨੀ ਚੋਣ ਦੇ ਨਤੀਜੇ ਨੇ ਭਾਰਤੀ ਜਨਤਾ ਪਾਰਟੀ ਦੇ ਹੋ ਰਹੇ ਨਿਘਾਰ ਉੱਤੇ ਮੋਹਰ ਲਾ ਦਿੱਤੀ ਹੈ ਅਤੇ ਇਸ ਨੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦਿੱਤੀ ਹੈ। ਜ਼ਿਮਨੀ ਚੋਣ ਦਾ ਨਤੀਜਾ ਜੀ.ਐੱਸ.ਟੀ ਅਤੇ ਨੋਟਬੰਦੀ ਕਾਰਨ ਲੋਕਾਂ ਦਾ ਅਕਾਲੀਆਂ ਤੋਂ ਮੋਹ ਭੰਗ ਹੋਣ ਦਾ ਸਿੱਟਾ ਹੈ। ਮੁੱਖ ਮੰਤਰੀ ਨੇ ਜਾਖੜ ਦੇ ਹੱਕ ਵੀ ਸਰਕਾਰੀ ਮਸ਼ੀਨਰੀ ਵਰਤੇ ਜਾਣ ਦੇ ਵਿਰੋਧੀ ਧਿਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਮੁੱਦੇ ਉੱਤੇ ਕੈਪਟਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਰਜ਼ਾ ਹੱਦਬੰਦੀ ਵਿੱਚ ਵਾਧਾ ਕਰਨ ਲਈ ਕੇਂਦਰ ਸਰਕਾਰ ਤੋਂ ਆਗਿਆ ਦੇਣ ਦੀ ਮੰਗ ਕੀਤੀ ਹੈ ਪਰ ਕੇਂਦਰ ਨੇ ਅਜੇ ਇਸ ਸਬੰਧੀ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਰਜ਼ੇ ਮੁਆਫੀ ਦੀ ਸਕੀਮ ਨੂੰ ਲਾਗੂ ਕਰਨ ਲਈ ਸੂਬਾ ਸਰਕਾਰ ਖ਼ੁਦ ਪ੍ਰਬੰਧ ਕਰੇਗੀ। ਮੰਤਰੀ ਮੰਡਲ ਵਿੱਚ ਵਾਧਾ ਕੀਤੇ ਜਾਣ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੁਲ ਹਿੰਦ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸ ਬਾਰੇ ਫੈਸਲਾ ਲੈਣਗੇ।
ਸੁਨੀਲ ਜਾਖੜ ਨੇ ਕਿਹਾ ਕਿ ਇਹ ਜਿੱਤ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਉੱਤੇ ਮੋਹਰ ਹੈ।  ਇਸ ਜਿੱਤ ਨਾਲ ਵਿਰੋਧੀਆਂ ਦੀ ਬੋਲਤੀ ਬੰਦ ਹੋ ਗਈ ਹੈ।ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ,ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ,ਅਮਿਤ ਵਿਜ, ਬਰਿੰਦਰਜੀਤ ਸਿੰਘ ਪਾਹੜਾ, ਫਤਿਹਜੰਗ ਸਿੰਘ ਬਾਜਵਾ ਤੇ ਕਈ ਹੋਰ ਆਗੂ ਮੌਜੁੂਦ ਸਨ।        

 

 

fbbg-image

Latest News
Magazine Archive