ਏਸ਼ੀਆ ਹਾਕੀ ਕੱਪ: ਪਾਕਿਸਤਾਨ ’ਤੇ ਭਾਰਤ ਦੀ ਜੇਤੂ ਸਰਦਾਰੀ ਕਾਇਮ


ਢਾਕਾ  - ਖ਼ਿਤਾਬ ਦੀ ਮਜ਼ਬੂਤ ਦਾਅਵੇਕਾਰ ਭਾਰਤੀ ਪੁਰਸ਼ ਹਾਕੀ ਟੀਮ ਨੇ ਪਾਕਿਸਤਾਨ ’ਤੇ ਪਿਛਲੇ ਕੁਝ ਸਮੇਂ ਤੋਂ ਚੱਲੀ ਆ ਰਹੀ ਜਿੱਤ ਦੀ ਸਰਦਾਰੀ ਬਰਕਰਾਰ ਰੱਖੀ ਤੇ ਅੱਜ ਇੱਥੇ ਆਪਣੇ ਰਵਾਇਤੀ ਵਿਰੋਧੀ ਨੂੰ 3-1 ਨਾਲ ਹਰਾ ਕੇ ਏਸ਼ੀਆ ਕੱਪ ਦੇ ਪੂਲ-ਏ ’ਚ ਸਿਖਰ ’ਤੇ ਰਹੀ। ਭਾਰਤ ਨੇ ਜਪਾਨ ਖ਼ਿਲਾਫ਼ 5-1 ਤੇ ਬੰਗਲਾਦੇਸ਼ ਖ਼ਿਲਾਫ਼ ਪਿਛਲੇ ਮੈਚ ’ਚ 7-0 ਨਾਲ ਜਿੱਤ ਦਰਜ ਕਰਕੇ ਰਾਉਂਡ ਰੌਬਿਨ ਸੁਪਰ ਚਾਰ ’ਚ ਆਪਣੀ ਥਾਂ ਪੱਕੀ ਕਰ ਲਈ ਸੀ।
ਭਾਰਤ ਨੂੰ ਪਾਕਿਸਤਾਨ ਤੋਂ ਸਖ਼ਤ ਚੁਣੌਤੀ ਮਿਲੀ, ਪਰ ਉਸ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖ ਕੇ ਨੌਂ ਅੰਕ ਹਾਸਲ ਕਰ ਲਏ। ਭਾਰਤ ਵੱਲੋਂ ਚਿੰਗਲੇਨਸਾਨਾ ਸਿੰਘ (17ਵੇਂ ਮਿੰਟ), ਰਮਨਦੀਪ ਸਿੰਘ (44ਵੇਂ ਮਿੰਟ) ਅਤੇ ਹਰਮਨਪ੍ਰੀਤ ਸਿੰਘ (45ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਪਾਕਿਸਤਾਨ ਲਈ ਇੱਕਲੌਤਾ ਗੋਲ ਅਲੀ ਸ਼ਾਲ (48ਵੇਂ ਮਿੰਟ) ਨੇ ਕੀਤਾ। ਇਸ ਹਾਰ ਦੇ ਬਾਵਜੂਦ ਪਾਕਿਸਤਾਨ ਚਾਰ ਅੰਕ ਲੈ ਕੇ ਜਪਾਨ ਤੋਂ ਬਿਹਤਰ ਗੋਲ ਫਰਕ ਕਾਰਨ ਸੁਪਰ ਚਾਰ ’ਚ ਥਾਂ ਬਣਾਉਣ ’ਚ ਸਫ਼ਲ ਰਿਹਾ। ਜਪਾਨ ਨੇ ਇਸ ਤੋਂ ਪਹਿਲਾਂ ਮੇਜ਼ਬਾਨ ਬੰਗਲਾਦੇਸ਼ ਨੂੰ 3-1 ਨਾਲ ਹਰਾਇਆ ਸੀ, ਪਰ ਇਸ ਦੇ ਬਾਵਜੂਦ ਉਹ ਸੁਪਰ ਚਾਰ ’ਚ ਥਾਂ ਨਹੀਂ ਬਣਾ ਸਕਿਆ। ਇਸ ਦਾ ਮਤਲਬ ਹੈ ਕਿ ਟੂਰਨਾਮੈਂਟ ’ਚ ਭਾਰਤ ਤੇ ਪਾਕਿਸਤਾਨ ਵਿਚਾਲੇ ਅਜੇ ਘੱਟੋ ਘੱਟ ਇੱਕ ਹੋਰ ਮੁਕਾਬਲਾ ਦੇਖਣ ਨੂੰ ਮਿਲੇਗਾ
ਪਾਕਿਸਤਾਨ ਖ਼ਿਲਾਫ਼ ਅੱਜ ਦੀ ਜਿੱਤ ’ਚ ਹਾਲਾਂਕਿ ਭਾਰਤੀ ਗੋਲਕੀਪਰਾਂ ਸੂਰਜ ਕਰਕੇਰਾ ਤੇ ਆਕਾਸ਼ ਚਿਕਤੇ ਨੇ ਅਹਿਮ ਭੂਮਿਕਾ ਨਿਭਾਈ। ਸੂਰਜ ਨੇ ਜੇਕਰ ਪਹਿਲੇ ਹਾਫ ’ਚ ਪਾਕਿਸਤਾਨ ਨੂੰ ਇੱਕ ਵੀ ਗੋਲ ਨਾ ਕਰਨ ਦਿੱਤਾ ਤਾਂ ਚਿਕਤੇ ਨੇ ਦੂਜੇ ਹਾਫ ’ਚ ਪਾਕਿਸਤਾਨ ਦੀਆਂ ਕਈ ਸ਼ਾਨਦਾਰ ਕੋਸ਼ਿਸ਼ਾਂ ਨੂੰ ਨਕਾਮ ਕੀਤਾ। ਭਾਰਤ ਨੇ ਆਖਰੀ ਕੁਆਰਟਰ ਨੂੰ ਛੱਡ ਕੇ ਪਹਿਲੇ ਤਿੰਨ ਕੁਆਰਟਰ ’ਤੇ ਕੰਟਰੋਲ ਬਣਾ ਕੇ ਰੱਖਿਆ। ਪਾਕਿਸਤਾਨ ਨੇ 0-3 ਨਾਲ ਪੱਛੜਨ ਮਗਰੋਂ ਆਖਰੀ ਕੁਆਰਟਰ ’ਚ ਹਮਲਾਵਰ ਰੁਖ਼ ਅਪਣਾਇਆ, ਪਰ ਅਖੀਰ ’ਚ ਭਾਰਤੀ ਖਿਡਾਰੀ ਹੀ ਬਿਹਤਰ ਸਾਬਤ ਹੋਏ ਅਤੇ ਉਸ ਪਾਕਿਸਤਾਨ ’ਤੇ ਆਪਣਾ ਦਬਦਬਾ ਬਣਾਈ ਰੱਖਿਆ।
ਇਨ੍ਹਾਂ ’ਚ ਇਸ ਸਾਲ ਦੇ ਸ਼ੁਰੂ ’ਚ ਲੰਡਨ ’ਚ ਵਿਸ਼ਵ ਹਾਕੀ ਲੀਗ ਸੈਮੀ ਫਾਈਨਲ ’ਚ ਲਗਾਤਾਰ ਦੋ ਜਿੱਤਾਂ ਸ਼ਾਮਲ ਹਨ। ਮੈਚ ’ਚ ਪਾਕਿਸਤਾਨ ਨੂੰ ਗੋਲ ਕਰਨ ਦਾ ਪਹਿਲਾ ਮੌਕਾ ਮਿਲਿਆ ਜਦੋਂ ਉਸ ਪਹਿਲਾ ਪੈਨਲਟੀ ਕਾਰਨਰ ਮਿਲਿਆ, ਪਰ ਉਹ ਇਸ ਦਾ ਫਾਇਦਾ ਨਹੀਂ ਚੁੱਕ ਸਕਿਆ।

 

 

fbbg-image

Latest News
Magazine Archive