ਤਿੰਨ ਘੰਟੇ ਹੀ ਚੱਲ ਸਕਣਗੇ ਪਟਾਕੇ


ਚੰਡੀਗੜ੍ਹ - ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ’ਚ ਪਟਾਕਿਆਂ ਦੀ ਵਿਕਰੀ ’ਤੇ ਰੋਕ ਲਾਏ ਜਾਣ ਦੇ ਕੁੱਝ ਦਿਨਾਂ ਬਾਅਦ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਾਸੀ ਦੀਵਾਲੀ ਨੂੰ ਮਹਿਜ਼ ਤਿੰਨ ਘੰਟੇ (ਸ਼ਾਮ 6:30 ਤੋਂ ਰਾਤ 9:30 ਵਜੇ ਤਕ) ਹੀ ਪਟਾਕੇ ਚਲਾ ਸਕਣਗੇ। ਪ੍ਰਦੂਸ਼ਣ ਤੋਂ ਚਿੰਤਤ ਹਾਈ ਕੋਰਟ ਨੇ ਇਨ੍ਹਾਂ ਸੂਬਿਆਂ ਤੇ ਯੂਟੀ ’ਚ ਪਟਾਕਿਆਂ ਲਈ ਆਰਜ਼ੀ ਲਾਇਸੈਂਸ ਜਾਰੀ ਕਰਨ ਬਾਰੇ ਵੀ ਕਈ ਹਦਾਇਤਾਂ ਜਾਰੀ ਕੀਤੀਆਂ ਹਨ।
ਜਸਟਿਸ ਏ ਕੇ ਮਿੱਤਲ ਤੇ ਜਸਟਿਸ ਅਮਿਤ ਰਾਵਲ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਭਵਿੱਖ ਲਈ ਵਿਸਥਾਰ ’ਚ ਦਿਸ਼ਾ-ਨਿਰਦੇਸ਼ ਬਾਅਦ ਵਿੱਚ ਬਣਾਏ ਜਾਣਗੇ। ਸੀਨੀਅਰ ਵਕੀਲ ਅਨੂਪਮ ਗੁਪਤਾ ਨੇ ਦੱਸਿਆ, ‘ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਇਹ ਹਦਾਇਤਾਂ ਕੇਵਲ ਇਸ ਦੀਵਾਲੀ ਲਈ ਹੋਣਗੀਆਂ। ਪਟਾਕੇ ਕੇਵਲ ਸ਼ਾਮ ਸਾਢੇ ਛੇ ਤੋਂ ਰਾਤ ਸਾਢੇ ਨੌਂ ਵਜੇ ਤਕ ਹੀ ਚਲਾਏ ਜਾ ਸਕਣਗੇ। ਡਿਪਟੀ ਕਮਿਸ਼ਨਰਜ਼, ਪੁਲੀਸ ਕਮਿਸ਼ਨਰਜ਼ ਅਤੇ ਐਸਐਸਪੀਜ਼ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਹੈ।’
ਇਸ ਮਸਲੇ ’ਤੇ ਅਦਾਲਤੀ ਮਿੱਤਰ ਨਿਯੁਕਤ ਕੀਤੇ ਵਕੀਲ ਗੁਪਤਾ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਡਿਪਟੀ ਕਮਿਸ਼ਨਰਾਂ ਵੱਲੋਂ ਨਿਰਧਾਰਤ ਥਾਵਾਂ ’ਤੇ ਹੀ ਪਟਾਕਿਆਂ ਦੀ ਵਿਕਰੀ ਤੇ ਮਾਰਕੀਟਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਅੱਗੇ ਤੋਂ ਹਾਈ ਕੋਰਟ ਦੀ ਆਗਿਆ ਬਿਨਾਂ ਪਟਾਕਿਆਂ ਲਈ ਸਥਾਈ ਲਾਇਸੈਂਸ ਜਾਰੀ ਨਹੀਂ ਕੀਤੇ ਜਾਣਗੇ। ਇਸ ਸਾਲ ਦੀਵਾਲੀ ਲਈ ਜਾਰੀ ਕੀਤੇ ਜਾਣ ਵਾਲੇ ਆਰਜ਼ੀ ਲਾਇਸੈਂਸਾਂ ਦੀ ਗਿਣਤੀ ਪਿਛਲੇ ਸਾਲ ਜਾਰੀ ਕੀਤੇ ਲਾਇਸੈਂਸਾਂ ਨਾਲੋਂ 20 ਫ਼ੀਸਦ ਤੋਂ ਵੱਧ ਨਹੀਂ ਹੋਵੇਗੀ। ਆਰਜ਼ੀ ਲਾਇਸੈਂਸ ਕੇਵਲ ਡਿਪਟੀ ਕਮਿਸ਼ਨਰਾਂ ਵੱਲੋਂ ਹੀ ਜਾਰੀ ਕੀਤੇ ਜਾਣਗੇ। ਆਰਜ਼ੀ ਲਾਇਸੈਂਸ ਲਾਟਰੀ ਰਾਹੀਂ ਕੱਢੇ ਜਾਣਗੇ ਤੇ ਇਸ ਦੀ ਵੀਡੀਓਗ੍ਰਾਫੀ ਹੋਵੇਗੀ। ਇਸ ਵਾਸਤੇ ਡਰਾਅ 16 ਅਕਤੂਬਰ ਨੂੰ ਸ਼ਾਮ ਪੰਜ ਵਜੇ ਕੱਢੇ ਜਾਣਗੇ। ਜੇਕਰ ਕਿਸੇ ਨੂੰ ਇਸ ਦੀਵਾਲੀ ਲਈ ਪਹਿਲਾਂ ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਇਹ ਰੱਦ ਸਮਝੇ ਜਾਣਗੇ। ਇਸ ਮਸਲੇ ’ਤੇ ਅਗਲੀ ਸੁਣਵਾਈ 26 ਅਕਤੂਬਰ ਨੂੰ ਹੋਵੇਗੀ।
ਦਿੱਲੀ-ਐਨਸੀਆਰ ’ਚ ਨਹੀਂ ਵਿਕਣਗੇ ਪਟਾਕੇ: ਸੁਪਰੀਮ ਕੋਰਟ
ਨਵੀਂ ਦਿੱਲੀ - ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ’ਚ ਦੀਵਾਲੀ ਤੋਂ ਘੱਟੋ ਘੱਟ ਇਕ ਦਿਨ ਪਹਿਲਾਂ ਪਟਾਕਿਆਂ ਦੀ ਵਿਕਰੀ ਲਈ ਆਗਿਆ ਦੇਣ ਬਾਰੇ ਵਪਾਰੀਆਂ ਦੀ ਅਰਜ਼ੀ ਖ਼ਾਰਜ ਕਰਦਿਆਂ ਸੁਪਰੀਮ ਕੋਰਟ ਨੇ ਦੁੱਖ ਜ਼ਾਹਿਰ ਕੀਤਾ ਕਿ ਉਸ ਦੇ ਪਟਾਕਿਆਂ ਦੀ ਵਿਕਰੀ ’ਤੇ ਰੋਕ ਵਾਲੇ ਹੁਕਮਾਂ ਨੂੰ ‘ਫਿਰਕੂ ਰੰਗਤ’ ਦੇਣ ਦੇ ਯਤਨ ਕੀਤੇ ਗਏ ਹਨ। ਸਰਬਉੱਚ ਅਦਾਲਤ ਨੇ ਦਿੱਲੀ-ਐਨਸੀਆਰ ’ਚ 31 ਅਕਤੂਬਰ ਤਕ ਪਟਾਕਿਆਂ ਦੀ ਵਿਕਰੀ ’ਤੇ ਰੋਕ ਲਾਉਣ ਵਾਲੇ 9 ਅਕਤੂਬਰ ਦੇ ਆਪਣੇ ਹੁਕਮਾਂ ’ਚ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਵਪਾਰੀਆਂ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ ਕਿ ਲਾਇਸੈਂਸ ਮੁੜ ਬਹਾਲ ਹੋਣ ਬਾਅਦ ਉਨ੍ਹਾਂ ਵੱਲੋਂ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਗਿਆ ਹੈ ਅਤੇ ਤਾਜ਼ਾ ਹੁਕਮਾਂ ਨਾਲ ਉਨ੍ਹਾਂ ਨੂੰ ਵੱਡੀ ਮਾਲੀ ਸੱਟ ਵੱਜੇਗੀ। ਜਸਟਿਸ ਏਕੇ ਸੀਕਰੀ ਅਤੇ ਅਸ਼ੋਕ ਭੂਸ਼ਨ ਨੇ ਕਿਹਾ, ‘ਜਿਥੋਂ ਤਕ ਪਟਾਕਿਆਂ ਦੀ ਵਿਕਰੀ ਦਾ ਸਵਾਲ ਹੈ ਤਾਂ ਅਸੀਂ ਹੁਕਮਾਂ ਵਿੱਚ ਢਿੱਲ ਨਹੀਂ ਦੇਣ ਜਾ ਰਹੇ।’
ਸੁਣਵਾਈ ਦੌਰਾਨ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਨੇ 9 ਅਕਤੂਬਰ ਦੇ ਹੁਕਮਾਂ ਬਾਅਦ ਕੁੱਝ ਰਾਜਸੀ ਆਗੂਆਂ ਵੱਲੋਂ ਦਿੱਤੇ ਬਿਆਨਾਂ ਦਾ ਜ਼ਿਕਰ ਕੀਤਾ। ਇਸ ’ਤੇ ਬੈਂਚ ਨੇ ਕਿਹਾ, ‘ਇਸ ਨੂੰ ਰਾਜਸੀ ਰੰਗਤ ਨਾ ਦਿਓ। ਸਾਨੂੰ ਸੁਣ ਕੇ ਦੁੱਖ ਹੁੰਦਾ ਹੈ ਕਿ ਕੁੱਝ ਲੋਕਾਂ ਨੇ ਇਸ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ।’ ਅਦਾਲਤ ਨੇ ਕਿਹਾ, ‘ਰੋਕ ਲਾਏ ਜਾਣ ਤੋਂ ਪਹਿਲਾਂ ਪਟਾਕਿਆਂ ਦੀ ਵਿਕਰੀ ਹੋ ਰਹੀ ਸੀ। ਲੋਕਾਂ ਵੱਲੋਂ ਇਹ ਪਟਾਕੇ ਚਲਾਏ ਜਾਣਗੇ ਅਤੇ ਇਹ ਕਾਫ਼ੀ ਹੋਣਗੇ, ਜਿਸ ਕਾਰਨ ਇਹ ਪਟਾਕਾ-ਮੁਕਤ ਦੀਵਾਲੀ ਨਹੀਂ ਹੋਵੇਗੀ।’ ਅਦਾਲਤ ਨੇ ਕਿਹਾ ਕਿ ਉਸ ਨੇ ਇਹ ਰੋਕ ਤਜਰਬੇ ਵਜੋਂ ਲਾਈ ਹੈ ਤਾਂ ਜੋ ਦੇਖਿਆ ਜਾ ਸਕੇ ਕਿ ਇਸ ਨਾਲ ਖੇਤਰ ’ਚ ਪ੍ਰਦੂਸ਼ਣ ਦੇ ਪੱਧਰ ’ਤੇ ਕੀ ਅਸਰ ਪੈਂਦਾ ਹੈ।    
ਫ਼ੈਸਲੇ ਨੂੰ ਦਿੱਤੀ ਜਾ ਰਹੀ ਹੈ ਫਿਰਕੂ ਰੰਗਤ: ਬੈਂਚ
ਪਟਾਕਿਆਂ ਦੀ ਵਿਕਰੀ ’ਤੇ ਰੋਕ ਲਾਉਣ ਵਾਲੇ ਬੈਂਚ ’ਚ ਸ਼ਾਮਲ ਜਸਟਿਸ ਏਕੇ ਸੀਕਰੀ ਨੇ ਕਿਹਾ, ‘ਸਾਨੂੰ ਇਹ ਸੁਣ ਕੇ ਦੁੱਖ ਹੋਇਆ ਹੈ ਕਿ ਕੁੱਝ ਲੋਕ ਇਸ ਫ਼ੈਸਲੇ ਨੂੰ ਫਿਰਕੂ ਰੰਗਤ ਦੇ ਰਹੇ ਹਨ। ਮੈਨੂੰ ਜਾਣਨ ਵਾਲੇ ਲੋਕਾਂ ਨੂੰ ਪਤਾ ਹੈ ਕਿ ਅਜਿਹੇ ਮਾਮਲਿਆਂ ’ਚ ਮੈਂ ਬਹੁਤ ਅਧਿਆਤਮਕ ਇਨਸਾਨ ਹਾਂ।’ ਜਸਟਿਸ ਸੀਕਰੀ ਤੇ ਜਸਟਿਸ ਅਸ਼ੋਕ ਭੂਸ਼ਨ ਨੇ ਕਿਹਾ, ‘ਅਸੀਂ ਕਿਸੇ ਬਹਿਸ ਵਿੱਚ ਸ਼ਾਮਲ ਨਹੀਂ ਹੋਣ ਜਾ ਰਹੇ ਅਤੇ ਸਾਡੇ ਰੋਕ ਵਾਲੇ ਹੁਕਮ ਕਿਸੇ ਧਾਰਮਿਕ ਵਿਚਾਰ ਤੋਂ ਪ੍ਰਭਾਵਿਤ ਨਹੀਂ ਹਨ। ਨਾਲੇ ਅਦਾਲਤ ਨੇ ਲੋਕਾਂ ਨੂੰ ਦੀਵਾਲੀ ਮਨਾਉਣ ਤੋਂ ਨਹੀਂ ਰੋਕਿਆ।’

 

 

fbbg-image

Latest News
Magazine Archive