ਐਨਜੀਟੀ ਨੇ ਪੰਜਾਬ ਦੇ ਦਾਅਵੇ ’ਤੇ ਜਤਾਈ ਬੇਇਤਬਾਰੀ


ਨਵੀਂ ਦਿੱਲੀ - ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਅਜਿਹੇ 21 ਕਿਸਾਨਾਂ ਨੂੰ ਉਨ੍ਹਾਂ (ਐਨਜੀਟੀ) ਮੂਹਰੇ ਪੇਸ਼ ਕਰੇ ਜਿਨ੍ਹਾਂ ਨੂੰ ਪਰਾਲੀ ਸਾੜੇ ਜਾਣ ਤੋਂ ਰੋਕਣ ਲਈ ਸਰਕਾਰ ਨੇ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਹੈ। ਸੁਣਵਾਈ ਮੌਕੇ 100 ਤੋਂ ਵੱਧ ਕਿਸਾਨ ਵੀ ਅੱਜ ਉਥੇ ਜੁੜੇ ਹੋਏ ਸਨ ਅਤੇ ਉਨ੍ਹਾਂ ਵਕੀਲ ਰਾਹੀਂ ਆਪਣੀਆਂ ਤਕਲੀਫ਼ਾਂ ਐਨਜੀਟੀ ਦੇ ਚੇਅਰਪਰਸਨ ਜਸਟਿਸ ਸਵਤੰਤਰ ਕੁਮਾਰ ਸਾਹਮਣੇ ਰੱਖੀਆਂ।
ਪੰਜਾਬ ਵੱਲੋਂ ਜਦੋਂ ਐਨਜੀਟੀ ’ਚ ਇਹ ਬਿਆਨ ਦਿੱਤਾ ਗਿਆ ਕਿ ਉਨ੍ਹਾਂ ਪਰਾਲੀ ਤੇ ਹੋਰ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਸਹਾਇਤਾ ਦਿੱਤੀ ਹੈ ਤਾਂ ਬੈਂਚ ਨੇ ਪੰਜਾਬ ਸਰਕਾਰ ਨੂੰ 13 ਅਕਤੂਬਰ ਨੂੰ 21 ਕਿਸਾਨ ਪੇਸ਼ ਕਰਨ ਦੀ ਹਦਾਇਤ ਕੀਤੀ। ਬੈਂਚ ਨੇ ਕਿਹਾ, ‘‘ਦੋ ਸਾਲਾਂ ਤੋਂ ਅਸੀਂ ਉਡੀਕ ਕਰ ਰਹੇ ਹਾਂ ਕਿ ਤੁਸੀਂ (ਪੰਜਾਬ) ਸਾਡੀਆਂ ਹਦਾਇਤਾਂ ਦੀ ਪਾਲਣਾ ਕਰੋਗੇ। ਅਸੀਂ ਘੱਟੋ ਘੱਟ ਇਕ ਜ਼ਿਲ੍ਹੇ ਦੀ ਕਾਰਜ ਯੋਜਨਾ ਪੇਸ਼ ਕਰਨ ਲਈ ਕਿਹਾ। ਇਸ ਬਾਬਤ ਤੁਸੀਂ ਕੀ ਕਦਮ ਚੁੱਕੇ? ਕੀ ਤੁਸੀਂ ਪੂਰੇ ਪੰਜਾਬ ’ਚੋਂ ਇਕ ਵੀ ਕਿਸਾਨ ਸਾਡੇ ਮੂਹਰੇ ਪੇਸ਼ ਕਰ ਸਕਦੇ ਹੋ ਅਤੇ ਆਖ ਸਕਦੇ ਹੋ ਕਿ ਤੁਸੀਂ ਉਸ ਨੂੰ ਕਿਸੇ ਕਿਸਮ ਦੀ ਸਹਾਇਤਾ ਦਿੱਤੀ ਹੈ। ਇਹ ਕੋਈ ਸਿਆਸੀ ਮੁੱਦਾ ਨਹੀਂ ਹੈ ਸਗੋਂ ਇਹ ਵਾਤਾਵਰਨ ਨਾਲ ਸਬੰਧਤ ਮੁੱਦਾ ਹੈ।’’ ਸੁਣਵਾਈ ਦੌਰਾਨ ਕਿਸਾਨਾਂ ਵੱਲੋਂ ਪੇਸ਼ ਹੋਏ ਵਕੀਲ ਆਈ ਜੀ ਕਪਿਲਾ ਨੇ ਇਕ ਅਖ਼ਬਾਰ ਦੀ ਰਿਪੋਰਟ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਅਤੇ ਕੁਝ ਹੋਰ ਬਾਇਓ ਮਾਸ ਬਿਜਲੀ ਇਕਾਈਆਂ ਨੇ ਨਾਲ ਲਗਦੇ ਸੂਬਿਆਂ ’ਚ ਫ਼ਸਲੀ ਰਹਿੰਦ-ਖੂੰਹਦ ਕਿਸਾਨਾਂ ਤੋਂ ਖ਼ਰੀਦਣ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੀ ਸਹਾਇਤਾ ਲਈ ਕੋਈ ਪੁਖ਼ਤਾ ਕਦਮ ਨਹੀਂ ਚੁੱਕੇ ਹਨ। ਪੰਜਾਬ ਸਰਕਾਰ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਕੱਲਰ ਮਾਜਰੀ ਨੂੰ ਮਾਡਲ ਪ੍ਰਾਜੈਕਟ ਵਜੋਂ ਦਰਸਾਇਆ ਸੀ। ਅਦਾਲਤ ਦੇ ਕਮਰੇ ਬਾਹਰ ਇਕ ਕਿਸਾਨ ਨੇ ਕਿਹਾ ਕਿ ਪਿੰਡ ਦੇ ਕਿਸਾਨਾਂ ਨੂੰ ਸਰਕਾਰ ਤੋਂ ਕੋਈ ਮਸ਼ੀਨਰੀ ਜਾਂ ਵਿੱਤੀ ਸਹਾਇਤਾ ਨਹੀਂ ਮਿਲੀ ਹੈ।      

 

 

fbbg-image

Latest News
Magazine Archive