ਹਿੰਸਾ ਦੀ ਸਿਆਸਤ ਕਮਿਊਨਿਸਟਾਂ ਦਾ ਸੁਭਾਅ: ਅਮਿਤ ਸ਼ਾਹ


ਨਵੀਂ ਦਿੱਲੀ - ਕੇਰਲਾ ਵਿੱਚ ਰਾਜਸੀ ਹਿੰਸਾ ਲਈ ਸੀਪੀਆਈ (ਐਮ) ’ਤੇ ਹੱਲਾ ਬੋਲਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ‘ਹਿੰਸਾ ਦੀ ਸਿਆਸਤ’ ਕਮਿਊਨਿਸਟਾਂ ਦੇ ਸੁਭਾਅ ਵਿੱਚ ਹੈ। ਇਥੇ ‘ਜਨ ਰਕਸ਼ਾ ਯਾਤਰਾ’, ਜੋ ਕੇਰਲਾ ਵਿੱਚ ‘ਖੱਬੇਪੱਖੀਆਂ ਦੇ ਅਤਿਆਚਾਰਾਂ’ ਨੂੰ ਉਭਾਰਨ ਲਈ ਭਾਜਪਾ ਵੱਲੋਂ ਸ਼ੁਰੂ ਕੀਤੀ ਗਈ ਹੈ, ਦੌਰਾਨ ਸ੍ਰੀ ਸ਼ਾਹ ਨੇ ਕਿਹਾ ਕਿ ਖੱਬੇਪੱਖੀਆਂ ਦੇ ਸ਼ਾਸਨ ਵਾਲੇ ਇਸ ਸੂਬੇ ’ਚ ਕੋਈ ਧਮਕੀ ‘ਕਮਲ’ ਨੂੰ ਖਿੜਨ ਤੋਂ ਨਹੀਂ ਰੋਕ ਸਕਦੀ। ਭਾਜਪਾ ਮੁਖੀ ਨੇ ਦੋਸ਼ ਲਾਇਆ ਕਿ ਕੇਰਲਾ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਦੇ ਗ੍ਰਹਿ ਜ਼ਿਲ੍ਹੇ ’ਚ ਭਾਜਪਾ ਤੇ ਆਰਐਸਐਸ ਦੇ ਸਭ ਤੋਂ ਵੱਧ ਵਰਕਰ ਮਾਰੇ ਗਏ ਹਨ।
ਉਨ੍ਹਾਂ ਕਿਹਾ, ‘ਕੇਰਲਾ ਵਿੱਚ ਇਹ ਕਤਲ ਭਾਜਪਾ ਦੇ ਸਮਰਥਕਾਂ ਨੂੰ ਡਰਾਉਣ ਲਈ ਕੀਤੇ ਗਏ ਹਨ। ਪਰ ਉਹ ਜਿੰਨਾ ਜ਼ਿਆਦਾ ਕਤਲਾਂ ਦਾ ‘ਚਿੱਕੜ’ ਪੈਦਾ ਕਰਨਗੇ ਕਮਲ ਓਨਾ ਹੀ ਸੋਹਣਾ ਖਿੜੇਗਾ।’ ਉਨ੍ਹਾਂ ਨੇ ਦਿੱਲੀ ਦੇ ਕਨਾਟ ਪਲੇਸ ਤੋਂ ਸੀਪੀਆਈ(ਐਮ) ਦੇ ਹੈੱਡਕੁਆਰਟਰ ਤਕ, ਜੋ ਤਕਰੀਬਨ ਡੇਢ ਕਿਲੋਮੀਟਰ ਬਣਦਾ ਹੈ, ਤਕ ਮਾਰਚ ਦੀ ਅਗਵਾਈ ਕੀਤੀ। ਉਨ੍ਹਾਂ ਨੇ ਖੱਬੇਪੱਖੀਆਂ ਦੇ ਅਤਿਆਚਾਰ ਖ਼ਿਲਾਫ਼ ‘ਚੁੱਪ’ ਲਈ ‘ਮਨੁੱਖੀ ਅਧਿਕਾਰਾਂ ਦੇ ਚੈਂਪੀਅਨਾਂ’ ਉਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ‘ਚੋਣਵੇਂ ਪ੍ਰਦਰਸ਼ਨਾਂ’ ਨੇ ਉਨ੍ਹਾਂ ਦੇ ਪੱਖਪਾਤੀ ਹੋਣ ਨੂੰ ਉਜਾਗਰ ਕੀਤਾ ਹੈ।
ਰੈਲੀ ਵਾਲੇ ਸਥਾਨ ਉਤੇ ਭਾਜਪਾ ਵੱਲੋਂ ਕੇਰਲਾ ’ਚ ਮਾਰੇ ਗਏ ਵਰਕਰਾਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਉਨ੍ਹਾਂ ਕਿਹਾ, ‘ਖੱਬੇਪੱਖੀ ਸੋਚਦੇ ਹਨ ਕਿ ਹਿੰਸਾ ਰਾਹੀਂ ਉਹ ਵਿਚਾਰ ਨੂੰ ਫ਼ੈਲਣ ਤੋਂ ਰੋਕ ਲੈਣਗੇ। ਮੈਂ ਸੀਪੀਆਈ(ਐਮ) ਤੇ ਕਾਂਗਰਸ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਮਿਊਨਿਸਟ ਵਿਸ਼ਵ ਵਿੱਚੋਂ ਅਤੇ ਕਾਂਗਰਸ ਭਾਰਤ ਵਿੱਚੋਂ ਗਾਇਬ ਹੋ ਗਈ ਹੈ। ਅਤੇ ਭਾਜਪਾ, ਜੋ 10 ਜਣਿਆਂ ਨੇ ਸ਼ੁਰੂ ਕੀਤੀ ਸੀ, ਅੱਜ 11 ਕਰੋੜ ਵਰਕਰਾਂ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੈ।’ ਭਾਜਪਾ ਪ੍ਰਧਾਨ ਨੇ ‘ਜਨ ਰਕਸ਼ਾ ਯਾਤਰਾ’ ਕੇਰਲਾ ਦੇ ਕੰਨੂਰ ਜ਼ਿਲ੍ਹੇ ਤੋਂ 3 ਅਕਤੂਬਰ ਨੂੰ ਸ਼ੁਰੂ ਕੀਤੀ ਸੀ ਅਤੇ ਇਹ 17 ਅਕਤੂਬਰ ਨੂੰ ਤਿਰੂਵਨੰਤਪੁਰਮ ਵਿੱਚ ਸਮਾਪਤ ਹੋਵੇਗੀ।

 

 

fbbg-image

Latest News
Magazine Archive