ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ


ਚੰਡੀਗੜ੍ਹ - ਪੰਜਾਬ ਵਿੱਚ ਅੱਜ ਤੋਂ ਮੰਡੀਆਂ ਖੁੱਲ੍ਹ ਗਈਆਂ ਹਨ ਅਤੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਅੱਜ ਪਹਿਲੇ  ਦਿਨ ਦਸ ਹਜ਼ਾਰ ਮੀਟਰਿਕ ਟਨ  ਝੋਨਾ ਮੰਡੀਆਂ ਵਿੱਚ  ਹੈ, ਪਰ  ਬੋਲੀ ਅੱਧ-ਪਚੱਧੀ ਜਿਣਸ ਦੀ ਲੱਗੀ ਹੈ। ਸਰਕਾਰ ਵੱਲੋਂ 17 ਫ਼ੀਸਦੀ ਤਕ ਨਮੀ ਵਾਲਾ ਝੋਨਾ ਖ਼ਰੀਦਣ ਦੀਆਂ ਹਦਾਇਤਾਂ ਹਨ, ਪਰ ਮੰਡੀਆਂ ’ਚ ਆ ਰਹੀ ਜਿਣਸ ਵਿੱਚ 21 ਪ੍ਰਤੀਸ਼ਤ  ਤਕ ਨਮੀ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਸਰਕਾਰ ਨੇ ਬਾਰਦਾਨੇ ਅਤੇ ਚੁਕਾਈ ਸਮੇਤ ਝੋਨੇ ਦੀ ਸੰਭਾਲ ਦੇ ਸਾਰੇ ਬੰਦੋਬਸਤ ਪੂਰੇ ਕਰਨ ਦਾ ਦਾਅਵਾ ਕੀਤਾ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਜਿਣਸ ਦੀ ਅਦਾਇਗੀ 48 ਘੰਟਿਆਂ ਵਿੱਚ ਕਰਨ ਦੀਆਂ ਹਦਾਇਤਾਂ ਹਨ ਜਿਸ ਲਈ ਸਰਕਾਰੀ ਖ਼ਜ਼ਾਨੇ ਵਿੱਚ ਕੈਸ਼ ਕ੍ਰੈਡਿਟ ਲਿਮਟ ਦੇ ਤੇਤੀ ਹਜ਼ਾਰ ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ।
ਸੂਬੇ ਵਿੱਚ ਝੋਨੇ ਦੀ ਖ਼ਰੀਦ ਲਈ 1873 ਮੰਡੀਆਂ ਬਣਾਈਆਂ ਗਈਆਂ ਹਨ।   ਸਰਕਾਰੀ ਤੌਰ ’ਤੇ ਮਿਲੀ ਜਾਣਕਾਰੀ ਮੁਤਾਬਿਕ ਅੱਜ ਪਹਿਲੇ ਦਿਨ ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਅੰਮ੍ਰਿਤਸਰ ਦੀਆਂ ਮੰਡੀਆਂ ਵਿੱਚ ਜਿਣਸ ਆਉਣ ਲੱਗੀ ਹੈ। ਇਸ ਤੋਂ ਪਹਿਲਾਂ ਮੰਡੀਆਂ ਵਿੱਚ ਵਿਕਣ ਲਈ ਆਏ ਝੋਨੇ ਦੀ ਖ਼ਰੀਦ ਸਰਕਾਰੀ ਤੌਰ ’ਤੇ ਨਹੀਂ ਕੀਤੀ ਗਈ ਸੀ। ਇਸ ਵਾਰ ਸਰਕਾਰੀ ਏਜੰਸੀਆਂ ਵਿੱਚੋਂ ਸਭ ਤੋਂ ਵੱਧ ਪਨਗਰੇਨ 30 ਫ਼ੀਸਦੀ ਜਿਣਸ ਦੀ ਖ਼ਰੀਦ ਕਰੇਗੀ। ਮਾਰਕਫੈੱਡ ਨੂੰ 23 ਫ਼ੀਸਦੀ, ਪੰਜਾਬ ਐਗਰੋ ਨੂੰ 15 ਫ਼ੀਸਦੀ, ਪੰਜਾਬ ਵੇਅਰ ਹਾਊਸਿੰਗ ਨੂੰ ਅੱਠ ਫ਼ੀਸਦੀ ਅਤੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਪੰਜ ਫ਼ੀਸਦੀ ਝੋਨੇ ਦੀ ਖ਼ਰੀਦ ਦੀਆਂ ਹਦਾਇਤਾਂ ਹਨ। ਪ੍ਰਾਈਵੇਟ ਵਪਾਰੀਆਂ ਦਾ ਹਿੱਸਾ ਨਿਰਧਾਰਿਤ ਨਹੀਂ ਕੀਤਾ ਜਾਂਦਾ।
ਪੰਜਾਬ ਸਰਕਾਰ ਵੱਲੋਂ ਇਸ ਵਾਰ ਬਾਰਦਾਨੇ ਦੀ ਨੀਤੀ ਸਬੰਧੀ ਵੱਡਾ ਬਦਲਾਅ ਕੀਤਾ ਗਿਆ ਹੈ। ਸਾਉਣੀ ਦੀ ਫ਼ਸਲ ਲਈ ਲੋੜੀਂਦੇ ਬਾਰਦਾਨੇ ਦਾ ਪੰਜਾਹ ਫ਼ੀਸਦੀ ਨਵਾਂ ਸਪਲਾਈ ਕੀਤਾ ਗਿਆ ਹੈ ਜਦਕਿ ਬਾਕੀ ਦਾ ਪੰਜਾਹ ਫ਼ੀਸਦੀ ਸ਼ੈਲਰ ਮਾਲਕਾਂ ਨੂੰ ਪੁਰਾਣਾ ਵਰਤ ਲੈਣ ਦੀਆਂ ਹਦਾਇਤਾਂ ਹਨ। ਝੋਨੇ ਦੇ ਗੱਟੂ ਦੀ ਭਰਾਈ ਸਾਢੇ ਸੈਂਤੀ ਕਿਲੋ ਦੀ ਹੁੰਦੀ ਹੈ ਜਦਕਿ ਉਸੇ ਗੱਟੂ ਵਿੱਚ ਪੰਜਾਹ ਕਿਲੋ ਚੌਲ ਪੈ ਜਾਂਦੇ ਹਨ। ਇਸ ਤਰ੍ਹਾਂ ਝੋਨੇ ਦੀ ਕੁਟਾਈ ਤੋਂ ਬਾਅਦ ਚਾਵਲਾਂ ਨੂੰ ਗੱਟੂਆਂ ਵਿੱਚ ਭਰਨ ਨਾਲ ਕਾਫ਼ੀ ਬਾਰਦਾਨਾ ਬਚ ਜਾਂਦਾ ਹੈ ਜਿਸ ਨੂੰ ਇਸ ਵਾਰ ਮੁੜ ਵਰਤਣ ਲਈ ਕਿਹਾ ਗਿਆ ਹੈ। ਸ਼ੈਲਰ ਮਾਲਕਾਂ ਨੇ ਪਹਿਲਾਂ ਇਨ੍ਹਾਂ ਹਦਾਇਤਾਂ ਦਾ ਵਿਰੋਧ ਕੀਤਾ ਸੀ, ਪਰ ਬਾਅਦ ’ਚ ਸ਼ਾਂਤ ਹੋ ਗਏ। ਮੰਡੀਆਂ ਵਿੱਚੋਂ ਖ਼ਰੀਦੀ ਜਿਣਸ ਦੀ ਲਦਾਈ ਦਾ ਜ਼ਿੰਮਾ ਆੜ੍ਹਤੀਆਂ ਨੂੰ ਦਿੱਤਾ ਗਿਆ ਹੈ ਅਤੇ ਟਰਾਂਸਪੋਰਟ ਦਾ ਕੰਮ ਟਰੱਕ ਯੂਨੀਅਨਾਂ ਕੋਲ ਹੈ ਜਦਕਿ ਲੁਹਾਈ ਖ਼ਰੀਦ ਏਜੰਸੀਆਂ ਕਰਨਗੀਆਂ।
‘ਆਲ ਪੰਜਾਬ ਟਰੱਕ ਅਪਰੇਟਰਜ਼ ਯੂਨੀਅਨ’ ਵੱਲੋਂ ਮੀਟਿੰਗ 4 ਨੂੰ
ਚੰਡੀਗੜ੍ਹ - ਕਈ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਆਮਦ ਨਾ ਹੋਣ ਕਾਰਨ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਇਸ ਵਾਰ ਮੰਡੀਆਂ ਤੋਂ ਅੱਠ ਕਿਲੋਮੀਟਰ  ਤੋਂ ਵੱਧ ਦੂਰੀ ਵਾਲੇ ਸ਼ੈਲਰਾਂ ਤਕ ਝੋਨੇ ਦੀ ਢੋਆਈ ਵਿੱਚ ਮੁਸ਼ਕਲ ਆ ਸਕਦੀ ਹੈ ਕਿਉਂਕਿ ਸੂਬੇ ਦੇ ਖੁਰਾਕ ਸਪਲਾਈ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਤੋਂ ਵੱਧ ਕਿਲੋਮੀਟਰਾਂ ਦਾ ਕਿਰਾਇਆ ਨਹੀਂ ਦਿੱਤਾ ਜਾਵੇਗਾ। ਇਸ ਮਾਮਲੇ ’ਤੇ ‘ਆਲ ਪੰਜਾਬ ਟਰੱਕ ਅਪਰੇਟਰਜ਼ ਯੂਨੀਅਨ’ ਨੇ 4 ਅਕਤੂਬਰ ਨੂੰ ਮੀਟਿੰਗ ਸੱਦੀ ਹੈ।
ਜਿਣਸ ਸੁਕਾ ਕੇ ਮੰਡੀਆਂ ਵਿੱਚ ਲਿਆਉਣ ਦੀ ਹਦਾਇਤ
ਫੂਡ ਅਤੇ ਸਪਲਾਈ ਵਿਭਾਗ ਦੀ ਡਾਇਰੈਕਟਰ ਅਨੰਦਿਤਾ ਮਿੱਤਰਾ ਨੇ ਕਿਸਾਨਾਂ ਨੂੰ ਜਿਣਸ ਸੁਕਾ ਕੇ ਮੰਡੀਆਂ ਵਿੱਚ ਲਿਆਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਨਹੀਂ ਤਾਂ ਪੱਖਾ ਲਵਾਉਣ ਲਈ ਕਿਸਾਨਾਂ ਨੂੰ ਬੇਲੋੜਾ ਮੰਡੀਆਂ ਵਿੱਚ ਬੈਠਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਝੋਨੇ ਦਾ ਝਾੜ 182 ਲੱਖ ਮੀਟਰਿਕ ਟਨ ਨੂੰ ਪਾਰ ਕਰਨ ਦੀ ਆਸ ਹੈ।

 

 

fbbg-image

Latest News
Magazine Archive