ਗੁਰਦਾਸਪੁਰ ਚੋਣ: ਛੀਨਾ ਨੇ ਝਾੜੂ ਛੱਡ ਕਮਲ ਫੜਿਆ


ਪਠਾਨਕੋਟ - ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ’ਤੇ ਪਾਰਟੀ ਨੂੰ ‘ਪ੍ਰਾਈਵੇਟ ਕੰਪਨੀ’ ਵਿੱਚ ਤਬਦੀਲ ਕਰਨ ਦੇ ਦੋਸ਼ ਲਾਉਂਦਿਆਂ ‘ਆਪ’ ਆਗੂ ਜੋਗਿੰਦਰ ਛੀਨਾ, ਜਿਨ੍ਹਾਂ ਨੇ ਦੀਨਾਨਗਰ ਤੋਂ ਵਿਧਾਨ ਸਭਾ ਚੋਣ ਲੜੀ ਸੀ, ਪਾਰਟੀ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ।
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ‘ਆਪ’ ਨੂੰ ਝਟਕਾ ਦਿੰਦਿਆਂ ਸ੍ਰੀ ਛੀਨਾ ਆਪਣੇ ਸਮੱਰਥਕਾਂ ਸਮੇਤ ਭਾਪਜਾ ਦੇ ਕੌਮੀ ਮੀਤ ਪ੍ਰਧਾਨ ਪ੍ਰਭਾਤ ਝਾਅ ਅਤੇ ਸੂਬਾਈ ਸਕੱਤਰ ਵਨੀਤ ਜੋਸ਼ੀ ਦੀ ਮੌਜੂਦਗੀ ਵਿੱਚ ਭਾਜਪਾ ਮੈਂਬਰ ਬਣੇ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ ਤੇ ਭਗਵੰਤ ਮਾਨ ਨੇ ਤਾਂ ਪਾਰਟੀ ਨੂੰ ਪ੍ਰਾਈਵੇਟ ਕੰਪਨੀ ਬਣਾ ਦਿੱਤਾ ਹੈ। ਸ੍ਰੀ ਛੀਨਾ ਨੇ ਆਖਿਆ ਕਿ ਜ਼ਿਮਨੀ ਚੋਣ ਵਿੱਚ ਕਾਂਗਰਸ ਨੂੰ ਮਾਤ ਦੇਣ ਦੇ ਇਰਾਦੇ ਨਾਲ ਉਨ੍ਹਾਂ ਤੇ ਉਨ੍ਹਾਂ ਦੇ ਸਮੱਰਥਕਾਂ ਨੇ ਸਵਰਨ ਸਲਾਰੀਆ ਦੀ ਜਿੱਤ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਹੈ। ਸ੍ਰੀ ਛੀਨਾ ਸਮੇਤ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਦੀਨਾਨਗਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤਰਸੇਮ ਸਿੰਘ, ‘ਆਪ’ ਦੇ ਬਲਾਕ ਪ੍ਰਧਾਨ ਪ੍ਰਤਾਪ ਸਿੰਘ, ਪਾਰਟੀ     ਦੇ ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ, ਜ਼ਿਲ੍ਹਾ ਪ੍ਰਬੰਧਕੀ ਸਕੱਤਰ ਸ਼ਿਵਜਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਕਾਲਾ ਸਿੰਘ ਸ਼ਾਮਲ ਹਨ। ਇਨ੍ਹਾਂ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਸ੍ਰੀ ਝਾਅ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਬਣਦਾ ਮਾਣ ਦਿੱਤਾ ਜਾਵੇਗਾ ਤੇ ਇਸ ਫ਼ੈਸਲੇ ਨੇ ਭਾਜਪਾ ਉਮੀਦਵਾਰ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ।
ਲੰਗਾਹ ਦੀ ਵੀਡੀਓ ਤੋਂ ਪ੍ਰਚਾਰ ਨੂੰ ਝਟਕਾ
ਪੁਲੀਸ ਵੱਲੋਂ ਅਕਾਲੀ ਦਲ ਦੇ ਪ੍ਰਮੁੱਖ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵਿਰੁੱਧ ਜਬਰ-ਜਨਾਹ ਦਾ ਕੇਸ ਦਰਜ ਕਾਰਨ ਤੋਂ ਬਾਅਦ ਜਿਹੜੇ ਅਕਾਲੀ ਆਗੂ ਇਸ ਨੂੰ ਕਾਂਗਰਸ ਦੀ ਬਦਲਾ ਲਊ ਕਾਰਵਾਈ ਦੱਸ ਰਹੇ ਸਨ, ਉਹ ਹੁਣ ਸ੍ਰੀ ਲੰਗਾਹ ਦੀ ਵਾਇਰਲ ਹੋਈ ਵੀਡੀਓ ਦੇਖ ਕੇ ਸ਼ਰਮਸ਼ਾਰ ਹੋਏ ਪਏ ਹਨ। ਪਾਰਟੀ ਇਸ ਬਾਬਤ ਕੋਈ ਵੱਡਾ ਫੈਸਲਾ ਲੈ ਸਕਦੀ ਹੈ।
ਮਾਨ ਨੇ ਛੀਨਾ ਦੇ ਦੋਸ਼ ਨਕਾਰੇ
‘ਆਪ’ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਸ੍ਰੀ ਛੀਨਾ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਪਾਰਟੀ ਦੇ ਕੁਝ ਆਗੂਆਂ ਤੇ ਵਰਕਰਾਂ ਦੇ ਜਾਣ ਨਾਲ ਪਾਰਟੀ ਅਤੇ ਜ਼ਿਮਨੀ ਚੋਣ ਸਬੰਧੀ ਪਾਰਟੀ ਦੇ ਹਾਲਾਤ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਜਿਹੜੇ ਲੋਕ ਅਹੁਦਿਆਂ ਦੇ ‘ਭੁੱਖੇ’ ਹਨ ਤੇ ਪਾਰਟੀ ਦੇ ਸਿਧਾਂਤ ਨਹੀਂ ਮੰਨ ਸਕਦੇ, ਉਹ ਖ਼ੁਦ ਹੀ ਪਾਰਟੀ ਨੂੰ ਛੱਡ ਗਏ ਹਨ।

 

 

fbbg-image

Latest News
Magazine Archive