ਅਫ਼ਗਾਨਿਸਤਾਨ ’ਚ ਨਹੀਂ ਭੇਜੀ ਜਾਵੇਗੀ ਭਾਰਤੀ ਫ਼ੌਜ


ਨਵੀਂ ਦਿੱਲੀ - ਅਫ਼ਗ਼ਾਨਿਸਤਾਨ ’ਚ ਕਿਸੇ ਵੀ ਤਰ੍ਹਾਂ ਦੇ ਫ਼ੌਜੀ ਯੋਗਦਾਨ ਦੀਆਂ ਸੰਭਾਵਨਾਵਾਂ ਨੂੰ ਖ਼ਾਰਜ ਕਰਦਿਆਂ ਭਾਰਤ ਨੇ ਅੱਜ ਕਿਹਾ ਕਿ ਉਸ ਵੱਲੋਂ ਜੰਗ ਪ੍ਰਭਾਵਿਤ ਇਸ ਮੁਲਕ ਨੂੰ ਵਿਕਾਸ ਲਈ ਸਹਾਇਤਾ ਦਿੱਤੀ ਜਾਂਦੀ ਰਹੇਗੀ। ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਪਣੇ ਅਮਰੀਕੀ ਹਮਰੁਤਬਾ ਜੇਮਸ ਮੈਟਿਜ਼ ਨਾਲ ਗੱਲਬਾਤ ਬਾਅਦ ਇਹ ਟਿੱਪਣੀ ਕੀਤੀ। ਇਸ ਮੀਟਿੰਗ ਦੌਰਾਨ ਪਾਕਿਸਤਾਨ ਵੱਲੋਂ ਫੈਲਾਏ ਜਾ ਰਹੇ ਅਤਿਵਾਦ ਸਮੇਤ ਅਹਿਮ ਦੁਵੱਲੇ, ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ਉਤੇ ਚਰਚਾ ਕੀਤੀ ਗਈ।
ਉੱਤਰੀ ਕੋਰੀਆ ਦੀਆਂ ਪਰਮਾਣੂ ਮਿਜ਼ਾਈਲ ਅਜ਼ਮਾਇਸ਼ਾਂ ਅਤੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਵਧ ਰਹੇ ਦਖ਼ਲ ਕਾਰਨ ਵਧ ਰਹੇ ਤਣਾਅ ਦੌਰਾਨ ਭਾਰਤ ਤੇ ਅਮਰੀਕਾ ਨੇ ਹਿੰਦ-ਮਹਾਸਾਗਰ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਤਾਲਮੇਲ ਹੋਰ ਵਧਾਉਣ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਅਫ਼ਗ਼ਾਨਿਸਤਾਨ ’ਤੇ ਚਰਚਾ ਦਾ ਜ਼ਿਕਰ ਕਰਦਿਆਂ ਸੀਤਾਰਾਮਨ ਨੇ ਦੱਸਿਆ ਕਿ ਜਮਹੂਰੀ, ਸਥਿਰ ਅਤੇ ਖੁਸ਼ਹਾਲ ਅਫ਼ਗਾਨਿਸਤਾਨ ਦੇ ਸਾਂਝੇ ਟੀਚੇ ਲਈ ਅਫ਼ਗਾਨ ਸਰਕਾਰ ਨਾਲ ਤਾਲਮੇਲ ਤੋਂ ਇਲਾਵਾ ਦੋਵੇਂ ਮੁਲਕ ਦੁਵੱਲੇ ਸਹਿਯੋਗ ਨੂੰ ਹੋਰ ਕਿਵੇਂ ਮਜ਼ਬੂਤ ਕਰ ਸਕਦੇ ਹਨ ਇਸ ਬਾਰੇ ਸਾਰਥਿਕ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਡੈਮ ਤੇ ਹਸਪਤਾਲ ਬਣਾਏ ਗਏ ਹਨ ਅਤੇ ਜੰਗ ਪ੍ਰਭਾਵਿਤ ਮੁਲਕ ਨੂੰ ਵਿਕਾਸ ਲਈ ਮਦਦ ਮੁਹੱਈਆ ਕਰਾਈ ਜਾਂਦੀ ਰਹੇਗੀ।
ਸ੍ਰੀ ਮੈਟਿਜ਼ ਨਾਲ ਸਾਂਝੇ ਪ੍ਰੈੱਸ ਸੰਮੇਲਨ ਦੌਰਾਨ ਭਾਰਤ ਵੱਲੋਂ ਅਫ਼ਗਾਨਿਸਤਾਨ ’ਚ ਫ਼ੌਜੀ ਯੋਗਦਾਨ ਬਾਰੇ ਸਵਾਲਾਂ ’ਤੇ ਸੀਤਾਰਾਮਨ ਨੇ ਕਿਹਾ, ‘ਮੈਦਾਨ ’ਚ ਫੱਟੜ ਹੋਣ ਵਾਲਿਆਂ ਅਤੇ ਨਾਗਰਿਕਾਂ ਨੂੰ ਅਸੀਂ ਆਪਣੇ ਹਸਪਤਾਲਾਂ ’ਚ ਸਹੂਲਤਾਂ ਦਿੰਦੇ ਹਾਂ। ਇਹ ਮੈਡੀਕਲ ਸਹਾਇਤਾ ਜਾਰੀ ਰਹੇਗੀ। ਜੇਕਰ ਲੋੜ ਪਈ ਤਾਂ ਇਸ ਨੂੰ ਵਧਾਇਆ ਜਾਵੇਗਾ। ਅਸੀਂ ਸਪੱਸ਼ਟ ਕਰ ਚੁੱਕੇ ਹਾਂ ਕਿ ਜੰਗ ਦੇ ਮੈਦਾਨ ’ਚ ਭਾਰਤ ਦੀ ਭੂਮਿਕਾ ਨਹੀਂ ਹੋਵੇਗੀ।’ ਨਵੀਂ ਟਰੰਪ ਨੀਤੀ ਅਧੀਨ ਭਾਰਤ ਦਾ ਇਹ ਸਟੈਂਡ ਕਾਫ਼ੀ ਅਹਿਮ ਹੈ। ਹਾਲਾਂਕਿ ਅਮਰੀਕਾ ਇਸ ਜੰਗ ਪ੍ਰਭਾਵਿਤ ਮੁਲਕ ’ਚ ਭਾਰਤ ਦੀ ਵੱਡੀ ਭੂਮਿਕਾ ਚਾਹੁੰਦਾ ਹੈ।
ਮੈਟਿਜ਼ ਨੇ ਕਿਹਾ, ‘ਅਫ਼ਗਾਨਿਸਤਾਨ ’ਚ ਭਾਰਤ ਦੇ ਅਣਮੁੱਲੇ ਯੋਗਦਾਨ ਦੀ ਅਸੀਂ ਸ਼ਲਾਘਾ ਕਰਦੇ ਹਾਂ ਅਤੇ ਉਸ ਦੀ ਜਮਹੂਰੀਅਤ, ਸਥਿਰਤਾ ਤੇ ਸੁਰੱਖਿਆ ਲਈ ਭਾਰਤ ਦੇ ਭਵਿੱਖੀ ਯਤਨਾਂ ਦਾ ਸਵਾਗਤ ਕਰਦੇ ਹਾਂ।’ ਪਾਕਿ ਤਰਫ਼ੋਂ ਸਰਹੱਦ ਪਾਰਲੇ ਅਤਿਵਾਦ ਬਾਰੇ ਭਾਰਤੀ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ ਇਸ ਮੁੱਦੇ ਉਤੇ ‘ਡੂੰਘਾਈ’ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਸ੍ਰੀ ਮੈਟਿਜ਼ ਨੇ ਕਿਹਾ ਕਿ ਅਤਿਵਾਦ ਲਈ ਸੁਰੱਖਿਅਤ ਪਨਾਹਗਾਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਸ ਦੌਰਾਨ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਨੁਮਾਇੰਦੇ ਸੱਯਦ ਅਕਬਰ-ਉਦ-ਦੀਨ ਨੇ ਕਿਹਾ, ‘ਸਾਨੂੰ ਚੰਗੇ ਤੇ ਮਾੜੇ ਅਤਿਵਾਦੀਆਂ ਦਰਮਿਆਨ ਫਰਕ ਨਹੀਂ ਕਰਨਾ ਚਾਹੀਦਾ। ਨਾ ਹੀ ਇੱਕ ਗੁੱਟ ਨੂੰ ਦੂਜੇ ਖ਼ਿਲਾਫ਼ ਖੜ੍ਹਾ ਕਰਨਾ ਚਾਹੀਦਾ ਹੈ। ਤਾਲਿਬਾਨ, ਹੱਕਾਨੀ ਨੈੱਟਵਰਕ, ਅਲ- ਕਾਇਦਾ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਨੂੰ ਸੰਯੁਕਤ ਰਾਸ਼ਟਰ ਵੱਲੋਂ ਦਹਿਸ਼ਤੀ ਜਥੇਬੰਦੀਆਂ ਐਲਾਨਿਆ ਜਾ ਚੁੱਕਿਆ ਹੈ।’ ਪਾਕਿਸਤਾਨ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ, ‘ਇਹ ਕੌਮਾਂਤਰੀ ਭਾਈਚਾਰੇ ਦੀ ਸਭ ਤੋਂ ਪਹਿਲੀ ਅਤੇ ਅਹਿਮ ਜ਼ਿੰਮੇਵਾਰੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਦਹਿਸ਼ਤਗਰਦਾਂ ਨੂੰ ਕਿਤੇ ਵੀ ਸੁਰੱਖਿਅਤ ਠਾਹਰ ਨਾ ਮਿਲੇ।’
ਜੇਮਸ ਮੈਟਿਜ਼ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ਼ਾਂਤੀ, ਸਥਿਰਤਾ ਤੇ ਅਤਿਵਾਦ ਖ਼ਿਲਾਫ਼ ਜੰਗ ਲਈ ਸਾਂਝੀਆਂ ਤਰਜੀਹਾਂ ਜਾਰੀ ਰੱਖਣ ਤੋਂ ਇਲਾਵਾ ਭਾਰਤ ਤੇ ਅਮਰੀਕਾ ਦਰਮਿਆਨ ਖੇਤਰੀ ਤੇ ਆਲਮੀ ਸਹਿਯੋਗ ’ਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਦਫ਼ਤਰ ਦੇ ਬਿਆਨ ਮੁਤਾਬਕ ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਆਪਸੀ ਸਰੋਕਾਰ ਵਾਲੇ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਭਾਰਤ ਤੇ ਅਮਰੀਕਾ ਦਰਮਿਆਨ ਕਰੀਬੀ ਸਬੰਧਾਂ ਦੀ ਸ਼ਲਾਘਾ ਕੀਤੀ।
ਜਲ ਸੈਨਾ ਦਾ ਛੇਤੀ ਹਿੱਸਾ ਬਣੇਗੀ ਸਕੌਰਪੀਨ ਪਣਡੁੱਬੀ
ਮੁੰਬਈ - ਵਾਈਸ ਐਡਮਿਰਲ ਗਿਰੀਸ਼ ਲੂਥਰਾ ਨੇ ਅੱਜ ਦੱਸਿਆ ਕਿ ਸਕੌਰਪੀਨ-ਸ਼੍ਰੇਣੀ ਦੀ ਪਹਿਲੀ ਪਣਡੁੱਬੀ ‘ਕਲਵਰੀ’ ਨੂੰ ਨਵੰਬਰ-ਦਸੰਬਰ ਵਿੱਚ ਜਲ ਸੈਨਾ ਵਿੱਚ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ। ਮਾਜ਼ਗਾਓਂ ਡੌਕ ਲਿਮਟਿਡ ਨੇ ਚਾਰ ਦਿਨ ਪਹਿਲਾਂ ਭਾਰਤੀ ਜਲ ਸੈਨਾ ਨੂੰ ਇਹ ਪਣਡੁੱਬੀ ਸੌਂਪੀ ਸੀ। ਵਾਈਸ ਐਡਮਿਰਲ ਨੇ ਦੱਸਿਆ, ‘ਕਲਵਰੀ ਪਣਡੁੱਬੀ ਦੀ 110 ਦਿਨਾਂ ਦੀ ਸਮੁੰਦਰੀ ਅਜ਼ਮਾਇਸ਼ ਪੂਰੀ ਹੋ ਚੁੱਕੀ ਹੈ ਅਤੇ ਕੁੱਝ ਹੋਰ ਟਰਾਇਲ ਜਾਰੀ ਹਨ। ਇਸ ਸਾਲ ਨਵੰਬਰ-ਦਸੰਬਰ ’ਚ ਇਸ ਨੂੰ ਜਲ ਸੈਨਾ ਦਾ ਹਿੱਸਾ ਬਣਾਏ ਜਾਣ ਦੀ ਆਸ ਹੈ।’

 

 

fbbg-image

Latest News
Magazine Archive