ਹਨੀ ਦੀ ਹੋਣੀ ਨੂੰ ਲੈ ਕੇ ਮਾਪਿਆਂ ਵੱਲੋਂ ਹਾਏ ਤੌਬਾ, ਪੁਲੀਸ ਦੇ ਹੱਥ ਖਾਲੀ


ਚੰਡੀਗੜ੍ਹ - ਹਨੀਪ੍ਰੀਤ ਇੰਸਾ ਉਰਫ ਪ੍ਰਿਅੰਕਾ ਤਨੇਜਾ, ਜਿਸ ਨੂੰ ਹਰਿਆਣਾ ਪੁਲੀਸ ਭਗੌੜਾ ਕਰਾਰ ਦੇਣ ਦੀ ਕਾਰਵਾਈ ਆਰੰਭ ਕਰ ਚੁੱਕੀ ਹੈ, ਬਾਰੇ ਇਹ ਮੰਨਿਆ ਜਾਣ ਲੱਗਾ ਹੈ ਕਿ ਸ਼ਾਇਦ ਉਹ ਆਪਣੀ ਇੱਛਾ ਅਨੁਸਾਰ ਨਾ ਲੁਕੀ ਹੋਈ ਹੋਵੇ ਅਤੇ ਹੋ ਸਕਦਾ ਹੈ ਕਿ ਉਸਨੂੰ ਬੰਧਕ ਬਣਾ ਕੇ ਕਿਤੇ ਰੱਖਿਆ ਗਿਆ ਹੋਵੇ। ਉਸਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਹਨੀਪ੍ਰੀਤ ਉੱਤੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਬਾਅਦ ਭਜਾਉਣ ਦੀ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।
25 ਅਗਸਤ ਨੂੰ ਸਜ਼ਾ ਸੁਣਾਏ ਜਾਣ ਸਮੇਂ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਨਾਲ ਦੇਖੀ ਹਨੀਪ੍ਰੀਤ ਬਾਰੇ ਟ੍ਰਿਬਿਊਨ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਲੀਸ ਅਤੇ ਹਨੀਪ੍ਰੀਤ ਦੇ ਅਸਲੀ ਮਾਪਿਆਂ ਨੂੰ ਵੀ ਉਸ ਦੇ ਬਾਰੇ ਕੋਈ ਜਾਣਕਾਰੀ ਨਹੀ ਹੈ। ਇਸ ਦੌਰਾਨ ਪੁਲੀਸ ਨੇ ਰਾਜਸਥਾਨ ਵਿੱਚ ਹਨੂਮਾਨਗੜ੍ਹ ਵਿੱਚ ਰਹਿੰਦੀ ਡੇਰਾ ਮੁਖੀ ਦੀ ਅਸਲੀ ਵੱਡੀ ਧੀ ਚਰਨਪ੍ਰੀਤ ਕੌਰ ਤੋਂ ਵੀ ਪੁੱਛਗਿੱਛ ਕਰ ਲਈ ਹੈ। ਉਹ ਉੱਥੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਰਹਿ ਰਹੀ ਸੀ। ਇੱਥੇ ਡੇਰਾਮੁਖੀ ਦੇ ਦੋ ਨਜ਼ਦੀਕੀ ਵੀ ਪੁਲੀਸ ਦੇ ਹੱਥ ਲੱਗੇ  ਸਨ।
ਇਸ ਮਾਮਲੇ ਉੱਤੇ ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਚਰਨਪ੍ਰੀਤ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ ਪਰ ਅਜੇ ਤਕ ਪੁਲੀਸ ਦੇ ਹੱਥ ਖਾਲੀ ਹੀ ਹਨ। ਪੰਚਕੂਲਾ ਦੇ ਪੁਲੀਸ ਕਮਿਸ਼ਨਰ ਅਰਸ਼ਇੰਦਰ ਸਿੰਘ ਚਾਵਲਾ ਜੋ ਆਈਜੀ (ਲਾਅ ਐਂਡ ਆਰਡਰ) ਵੀ ਹਨ, ਨੇ ਵੀ ਸਪਸ਼ਟ ਕੀਤਾ ਹੈ ਕਿ ਚਰਨਪ੍ਰੀਤ ਕੌਰ ਪੜਤਾਲ ਵਿੱਚ ਸ਼ਾਮਲ ਹੋਈ ਹੈ। ਉਸਨੇ ਦੱਸਿਆ ਸੀ ਕਿ ਹਨੀਪ੍ਰੀਤ ਡੇਰਾ ਮੁਖੀ ਦੇ ਪਿੰਡ ਗੁਰੂਸਰ ਮੋਡੀਆਂ ਆਪਣੀ ਮਰਜ਼ੀ ਨਾਲ ਹੀ ਆਈ ਸੀ ਅਤੇ ਆਪਣੀ ਮਰਜ਼ੀ ਨਾਲ ਹੀ ਡੇਰਾ ਮੁਖੀ ਦੇ ਭਰੋਸੇਯੋਗ ਬੰਦਿਆਂ ਨਾਲ ਗਈ ਸੀ। ਪਰ ਚਰਨਪ੍ਰੀਤ ਅਤੇ ਡੇਰਾ ਮੁਖੀ ਦੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ ਦੀ ਅਸਲੀਅਤ ਪਰਖਣ ਦੀ ਲੋੜ ਹੈ।
ਇਹ ਵੀ ਪਤਾ ਲੱਗਾ ਹੈ ਕਿ ਵਿਸ਼ੇਸ਼ ਜਾਂਚ ਟੀਮ ਹਨੀਪ੍ਰੀਤ ਦੇ ਭਰਾ ਸਾਹਿਲ ਤਨੇਜਾ ਨੂੰ ਵੀ ਉਸ ਦੇ ਰਿਸ਼ਤੇਦਾਰਾਂ ਦੇ ਘਰ ਤੋਂ ਕਿਤੇ ਲੈ ਗਈ ਹੈ। ਇੱਥੇ ਉਹ ਆਪਣੇ ਮਾਤਾ-ਪਿਤਾ ਦੇ ਨਾਲ ਉਹ 19 ਸਤੰਬਰ ਨੂੰ ਠਹਿਰਿਆ ਸੀ। ਪੁਲੀਸ ਨੇ ਉਸ ਤੋਂ ਹਨੀਪ੍ਰੀਤ ਬਾਰੇ ਕਾਫੀ ਪੁੱਛਗਿੱਛ ਕੀਤੀ ਹੈ ਅਤੇ ਪੁਲੀਸ ਉਸ ਨੂੰ ਲੈ ਕੇ ਪੰਚਕੂਲਾ, ਸਿਰਸਾ, ਹਨੂੰਮਾਨਗੜ੍ਹ ਅਤੇ ਗੁਰੂਸਰ ਮੋਡੀਆਂ ਵੀ ਗਈ ਹੈ ਪਰ ਕੁੱਝ ਹੱਥ ਨਹੀ ਲੱਗਾ। ਪੁਲੀਸ ਨੇ ਉਸ ਨੂੰ 21 ਸਤੰਬਰ ਦੀ ਰਾਤ ਨੂੰ ਛੱਡ ਦਿੱਤਾ ਸੀ।
ਹਨੀਪ੍ਰੀਤ ਦੇ ਮਾਪਿਆਂ ਤੋਂ 12 ਘੰਟੇ ਪੁੱਛ-ਗਿੱਛ
ਹਨੀਪ੍ਰੀਤ ਦੇ ਅਸਲੀ ਮਾਪਿਆਂ ਆਸ਼ਾ ਤਨੇਜਾ ਅਤੇ ਰਾਮਾਨੰਦ ਤਨੇਜਾ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਕਰੀਬ 12 ਘੰਟੇ ਪੁੱਛਗਿੱਛ ਕੀਤੀ ਹੈ। ਪੁਲੀਸ ਨੇ ਹਨੀਪ੍ਰੀਤ ਦੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਵੀ ਪੁੱਛਗਿਛ ਕੀਤੀ ਹੈ। ਹਨੀਪ੍ਰੀਤ ਦੇ ਪਰਿਵਾਰਕ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਡੇਰਾਮੁਖੀ ਨੂੰ 25 ਅਗਸਤ ਦੀ ਰਾਤ ਨੂੰ ਸੁਨਾਰੀਆ ਜੇਲ੍ਹ ਵਿੱਚ ਭੇਜ ਦਿੱਤਾ ਤਾਂ 26 ਅਗਸਤ ਦੀ ਸਵੇਰ ਨੂੰ ਉਹ ਡੇਰਾ ਸਿਰਸਾ ਵਿੱਚ ਸਵੇਰੇ ਸਾਝਰੇ ਪੁੱਜੀ ਸੀ ਅਤੇ ਇਹ ਉਹ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਦੇ ਨਾਲ 28 ਅਗਸਤ ਤਕ ਡੇਰੇ ਵਿੱਚ ਰੁਕੀ ਸੀ। ਇੱਥੋਂ ਜਦੋਂ ਡੇਰਾ ਮੁਖੀ ਦਾ ਪਰਿਵਾਰ ਗੁਰੂਸਰ ਮੋਡੀਆ ਚਲੇ ਗਿਆ ਤਾਂ ਹਨੀਪ੍ਰੀਤ ਆਪਣੇ ਭਾਈ ਸਾਹਿਲ ਦੇ ਸਹੁਰੇ ਘਰ ਹਨੂੰਮਾਨ ਗੜ੍ਹ ਚਲੀ ਗਈ ਸੀ। ਹਨੀਪ੍ਰੀਤ ਦੇ ਮਾਪੇ ਜਿਨ੍ਹਾਂ ਨੂੰ ਡੇਰਾ ਮੁਖੀ ਵੱਲੋਂ ਹਨੀ ਵੱਲੋਂ ‘ਧੀ’ ਬਣਾਏ ਜਾਣ ਬਾਅਦ ਵੀ ਕਈ ਮਹੀਨੇ ਤਕ ਮਿਲਣ ਨਹੀਂ ਦਿੱਤਾ ਗਿਆ ਸੀ, ਹੁਣ ਹਨੀਪ੍ਰੀਤ ਦੀ ਗੁਮਸ਼ੁਦਗੀ ਨੂੰ ਲੈ ਕੇ ਫਿਕਰਮੰਦ ਹੋ ਗਏ ਹਨ ਕਿ ਕਿਤੇ ਉਸ ਦੇ ਨਾਲ ਕੁੱਝ ਗਲਤ ਨਾ ਵਾਪਰ ਜਾਵੇ।

 

 

fbbg-image

Latest News
Magazine Archive