ਚੰਡੀਗੜ੍ਹ ਦਾ ਅਮਰਜੀਤ ਵਿਸ਼ਵ ਕੱਪ ਅੰਡਰ-17 ਫੁਟਬਾਲ ਟੀਮ

ਦਾ ਕਪਤਾਨ ਨਾਮਜ਼ਦ


ਚੰਡੀਗੜ੍ਹ - ਮਨੀਪੁਰ ਤੋਂ ਜਦੋਂ ਅਮਰਜੀਤ ਸਿੰਘ ਚੰਡੀਗੜ੍ਹ ਆਇਆ ਸੀ ਤਾਂ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਸੀਨੀਅਰਾਂ ਵੱਲੋਂ ਚੰਡੀਗੜ੍ਹ ਜਾ ਕੇ ਖੇਡਣ ਦੀ ਸਲਾਹ ਉਸਦੀ ਜ਼ਿੰਦਗੀ ਨੂੰ ਹੀ ਬਦਲ ਦੇਵੇਗੀ। ਅੱਜ ਉਸਨੂੰ ਦੇਸ਼ ਦੇ ਛੇ ਸ਼ਹਿਰਾਂ ਵਿੱਚ ਹੋਣ ਵਾਲੇ ਅੰਡਰ- 17 ਵਿਸ਼ਵ ਕੱਪ ਫੁਟਬਾਲ ਦੇ ਲਈ ਸਰਵਸੰਮਤੀ ਦੇ ਨਾਲ ਭਾਰਤੀ ਟੀਮ ਦਾ ਕਪਤਾਨ ਚੁਣ ਲਿਆ ਗਿਆ ਹੈ। ਇਸ ਦੇ ਨਾਲ ਹੀ ਇੱਕ ਆਮ ਸਕੂਲੀ ਲੜਕੇ ਤੋਂ ਇਕਦਮ ਹੀ ਉਹ ਸਟਾਰ ਬਣ ਗਿਆ ਹੈ। ਸਾਲ 2011 ਵਿੱਚ ਅਮਰਜੀਤ ਆਪਣੇ ਸਾਥੀਆਂ ਦੇ ਨਾਲ ਸੀਐਫਏ(ਚੰਡੀਗੜ੍ਹ ਫੁਟਬਾਲ ਐਸੋਸੀਏਸ਼ਨ) ਦੇ ਵਿੱਚ ਖੇਡਣ ਲਈ ਟਰਾਇਲ ਦੇਣ ਆਇਆ ਸੀ, ਉਦੋਂ ਉਹ ਦਸ ਸਾਲ ਦਾ ਸੀ ਪਰ ਉਸ ਵਿੱਚ ਕੁੱਝ ਬਣਨ ਦੀ ਝਲਕ ਪਹਿਲੀ ਨਜ਼ਰੇ ਹੀ ਕੋਚ ਹਰਜਿੰਦਰ ਸਿੰਘ ਜੋ ਭਾਰਤੀ ਟੀਮ ਦੇ ਸਾਬਕਾ ਕਪਤਾਨ ਹਨ, ਨੂੰ ਪੈ ਗਈ ਸੀ, ਉਹ ਇੱਕ ਤਰ੍ਹਾ ਕੋਚ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹ ਗਿਆ। ਉਸਦੀ ਚੋਣ ਹੋ ਗਈ ਅਤੇ ਉਹ 2011 ਤੋਂ ਲੈ ਕੇ 2015 ਤਕ ਸੀਐਫਏ ਵਿੱਚ ਖੇਡਦਾ ਰਿਹਾ। ਕੋਚ ਦੇ ਦੱਸਣ ਅਨੁਸਾਰ ਉਹ ਫੁਟਬਾਲ ਨੂੰ ਪੂਰੀ ਤਰ੍ਹਾ ਸਮਰਪਿਤ ਸੀ ਅਤੇ ਸੱਤ ਦਿਨ ਹੀ ਅਭਿਆਸ ਕਰਦਾ ਸੀ ਐਤਵਾਰ ਨੂੰ ਜਦੋਂ ਛੁੱਟੀ ਵਾਲੇ ਦਿਨ ਬਾਕੀ ਖਿਡਾਰੀ ਆਰਾਮ ਕਰਦੇ ਸਨ ਤਾਂ ਵੀ ਉਹ ਮੈਦਾਨ ਵਿੱਚ ਅਭਿਆਸ ਕਰਦਾ ਜਿਸ ਸਦਕਾ ਹੀ ਉਹ ਅੱਜ ਇਸ ਮੁਕਾਮ ਉੱਤੇ ਪੁੱਜਾ ਹੈ। 2015 ਵਿੱਚ ਉਹ ਗੋਆ ਦੇ ਟੂਰ ਦੌਰਾਨ ਕੌਮੀ ਚੋਣਕਾਰਾਂ ਦੀ ਨਜ਼ਰਾਂ ਵਿੱਚ ਚੜ੍ਹ ਗਿਆ, ਸੀਐਫਏ ਦੇ ਕੌਮੀ ਕੈਂਪ ਲਈ ਚੁਣੇ ਗਏ ਪੰਜ ਖਿਡਾਰੀਆਂ ਵਿੱਚ ਉਹ ਵੀ ਸ਼ਾਮਲ ਹੋ ਗਿਆ। ਕੋਚ ਹਰਜਿੰਦਰ ਸਿੰਘ ਨੇ ਆਪਣੇ ਇਸ ਸ਼ਗਿਰਦ ਉੱਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹ ਸਭ ਉਸਦੀ ਸਖਤ ਮਿਹਨਤ ਦਾ ਹੀ ਨਤੀਜਾ ਹੈ। ਹੁਣ ਅਮਰਜੀਤ ਦੇ ਕੋਲ ਭਾਰਤੀ ਫੁਟਬਾਲ ਦਾ ਇਤਿਹਾਸ ਨਵੇਂ ਸਿਰੇ ਤੋਂ ਲਿਖਣ ਦਾ ਸੁਨਹਿਰੀ ਮੌਕਾ ਹੈ।
ਅੱਜ ਜਦੋਂ ਵਿਸ਼ਵ ਕੱਪ ਅੰਡਰ-17 ਟੀਮ ਲਈ ਕਪਤਾਨ ਦੀ ਚੋਣ ਹੋਣੀ ਸੀ ਤਾਂ ਕੋਚ ਲੂਈ ਨੋਰਟਨ ਡਿ ਮਾਤੋਸ ਨੇ ਚਾਰ ਨਾਂ ਸੁਝਾਏ ਸਨ ਅਤੇ ਸਾਰੇ 27 ਖਿਡਾਰੀਆਂ ਨੂੰ ਆਪਣੀ ਪਸੰਦ ਲਿਖਣ ਲਈ ਕਿਹਾ ਸੀ। ਪਹਿਲੀ ਪਸੰਦ ਨੂੰ ਪੰਜ, ਦੂਜੀ ਪਸੰਦ ਨੂੰ ਤਿੰਨ ਅਤੇ ਤੀਜੀ ਪਸੰਦ ਨੂੰ ਇੱਕ ਅੰਕ ਦਿੱਤਾ ਜਾਣਾ ਸੀ। ਖਿਡਾਰੀਆਂ ਨੇ ਸਰਵਸੰਮਤੀ ਦੇ ਨਾਲ ਅਮਰਜੀਤ ਨੂੰ ਫੀਫਾ ਅੰਡਰ-17 ਟੀਮ ਦਾ ਕਪਤਾਨ ਬਣਾਉਣ ਦੇ ਲਈ ਵੋਟ ਦਿੱਤੀ। ਟੂਰਨਾਮੈਂਟ ਦੀ ਸ਼ੁਰੂਆਤ 6 ਅਕਤੂਬਰ ਨੂੰ ਦਿੱਲੀ ਤੋਂ ਹੋਵੇਗੀ। ਵੋਟਿੰਗ ਵਿੱਚ ਦੂਜੇ ਸਥਾਨ ਉੱਤੇ ਜਤਿੰਦਰ ਸਿੰਘ ਉਪ ਕਪਤਾਨ ਹੋਣਗੇ। ਪਿਛਲੇ ਸਾਲ ਏਐੱਫਸੀ ਅੰਡਰ-16 ਚੈਂਪੀਅਨਸ਼ਿਪ ਦੇ ਲਈ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਸੋਰੇਸ਼ ਸਿੰਘ ਵੋਟਿੰਗ ਵਿੱਚ ਤੀਜੇ ਸਥਾਨ ਉੱਤੇ ਰਹੇ।

 

 

fbbg-image

Latest News
Magazine Archive