ਘੁਸਪੈਠ ਦੀ ਕੋਸ਼ਿਸ਼ ਕਰਦੇ ਦੋ ਅਤਿਵਾਦੀ ਹਲਾਕ


ਸ੍ਰੀਨਗਰ - ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਛੀਲ ਸੈਕਟਰ ’ਚ ਕੰਟਰੋਲ ਰੇਖਾ ਨੇੜੇ ਅੱਜ ਭਾਰਤੀ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨਕਾਮ ਕਰਦਿਆਂ ਦੋ ਅਤਿਵਾਦੀਆਂ ਨੂੰ ਹਲਾਕ ਕਰ ਦਿੱਤਾ। ਦੂਜੇ ਪਾਸੇ ਜੰਮੂ ਜ਼ਿਲ੍ਹੇ ’ਚ ਲੱਗਦੀ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਰੇਂਜਰਾਂ ਨੇ ਮੁੜ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਮੋਰਟਾਰ ਦਾਗ਼ੇ।
ਰੱਖਿਆ ਵਿਭਾਗ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਭਾਰਤੀ ਫੌਜ ਨੇ ਅੱਜ ਕੰਟਰੋਲ ਰੇਖਾ ਨੇੜੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦਿਆਂ ਦੋ ਅਤਿਵਾਦੀਆਂ ਨੂੰ ਹਲਾਕ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫੌਜ ਦੇ ਜਵਾਨਾਂ ਨੇ ਕੰਟਰੋਲ ਰੇਖਾ ਨੇੜੇ ਕੁਝ ਸ਼ੱਕੀ ਹਲਚਲ ਦੇਖੀ ਤਾਂ ਉਨ੍ਹਾਂ  ਅਤਿਵਾਦੀਆਂ ਨੂੰ ਲਲਕਾਰਿਆ। ਇਸ ਦੌਰਾਨ ਹੋਏ ਮੁਕਾਬਲੇ ’ਚ ਦੋ ਅਤਿਵਾਦੀ ਮਾਰੇ ਗਏ ਹਨ। ਉਨ੍ਹਾਂ ਦੇ ਕਬਜ਼ੇ ’ਚੋਂ ਹਥਿਆਰ ਬਰਾਮਦ ਕੀਤੇ ਗਏ ਹਨ।
ਜੰਮੂ: ਇਸੇ ਦੌਰਾਨ ਪਾਕਿਸਤਾਨ ਨੇ ਸਰਹੱਦ ’ਤੇ ਮੁੜ ਗੋਲੀਬੰਦੀ ਦੀ ਉਲੰਘਣਾ ਕੀਤੀ। ਬੀਐਸਐਫ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਪਾਕਿਸਤਾਨੀ ਰੇਂਜਰਾਂ ਨੇ ਸਾਰੀ ਰਾਤ ਜੰਮੂ ’ਚ ਲੱਗਦੀ ਕੌਮਾਂਤਰੀ ਸਰਹੱਦ ’ਤੇ ਗੋਲੀ ਚਲਾਈ ਤੇ ਭਾਰਤੀ ਸਰਹੱਦੀ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾਉਂਦਿਆਂ ਮੋਰਟਾਰ ਦਾਗ਼ੇ। ਪਾਕਿਸਤਾਨ ਵੱਲੋਂ ਲੰਘੇ ਚਾਰ ਦਿਨਾਂ ਤੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ’ਚ ਬੀਐਸਐਫ ਦਾ ਇੱਕ ਜਵਾਨ ਸ਼ਹੀਦ ਹੋ ਚੁੱਕਾ ਹੈ ਤੇ ਤੇ ਚਾਰ ਹੋਰ ਜ਼ਖ਼ਮੀ ਹੋ ਚੁੱਕੇ ਹਨ। ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਅੱਧੀ ਰਾਤ ਨੂੰ ਅਰਨੀਆ ਖੇਤਰ ਵਿਚਲੀਆਂ ਭਾਰਤੀ ਪੋਸਟਾਂ ’ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਹ ਗੋਲੀਬਾਰੀ ਸਵੇਰੇ 6.45 ਵਜੇ ਬੰਦ ਹੋਈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵੱਲੋਂ ਦਾਗ਼ੇ ਗਏ ਮੋਰਟਾਰਾਂ ਨਾਲ ਸਾਈ, ਤਰੇਵਾ ਤੇ ਜਬਾਵਲ ਪਿੰਡਾਂ ’ਚ ਇੱਕ ਮੰਦਰ, ਦੋ ਘਰਾਂ ਤੇ ਤਿੰਨ ਪਸ਼ੂ ਵਾੜਿਆਂ ਨੂੰ ਨੁਕਸਾਨ ਪੁੱਜਾ ਹੈ ਤੇ ਤਿੰਨ ਪਸ਼ੂ ਵੀ ਮਾਰੇ ਗਏ ਹਨ।
ਫੌਜ ਵੱਲੋਂ ਅਤਿਵਾਦੀਆਂ ਦੀਆਂ ਲਾਸ਼ਾਂ ਦੀ ਬੇਹੁਰਮਤੀ ਦਾ ਨੋਟਿਸ
ਸ੍ਰੀਨਗਰ - ਫੌਜ ਨੇ ਉਸ ਵੀਡੀਓ ਦਾ ਸਖ਼ਤ ਨੋਟਿਸ ਲਿਆ ਹੈ ਜਿਸ ’ਚ ਭਾਰਤੀ ਫੌਜ ਦੇ ਜਵਾਨ ਲਸ਼ਕਰ-ਏ-ਤੋਇਬਾ ਦੇ ਅਤਿਵਾਦੀਆਂ ਦੀਆਂ ਲਾਸ਼ਾਂ ਦੀ ਬੇਹੁਰਮਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਨੌਗਾਮ ਦੇ ਅਰੀਬਾਗ ਖੇਤਰ ’ਚ ਮੁਕਾਬਲੇ ਦੌਰਾਨ ਲਸ਼ਕਰ ਦੇ ਦੋ ਅਤਿਵਾਦੀ ਅਬੂ ਇਸਮਾਇਲ ਤੇ ਉਸ ਦਾ ਸਾਥੀ ਅਬੂ ਕਾਸਿਮ ਮਾਰੇ ਗਏ ਸਨ। ਇਸ ਵੀਡੀਓ ’ਚ ਜਵਾਨ ਲਾਸ਼ਾਂ ਨੂੰ ਮੁਕਾਬਲੇ ਵਾਲੀ ਥਾਂ ਤੋਂ ਘੜੀਸਦੇ ਹੋਏ ਦਿਖਾਈ ਦੇ ਰਹੇ ਹਨ। ਰੱਖਿਆ ਵਿਭਾਗ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਫੌਜ ਨੇ ਇਸ ਵੀਡੀਓ ਦਾ ਸਖ਼ਤ ਨੋਟਿਸ ਲਿਆ ਹੈ ਤੇ ਇਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

 

 

fbbg-image

Latest News
Magazine Archive