ਮਸ਼ਹੂਰ ਆਰ ਕੇ ਸਟੂਡੀਓ ’ਚ ਭਿਆਨਕ ਅੱਗ ਨਾਲ ਨੁਕਸਾਨ


ਮੁੰਬਈ - ਭਾਰਤੀ ਫਿਲਮਾਂ ਦੇ ਮਹਾ ਨਾਇਕਾਂ ’ਚ ਸ਼ੁਮਾਰ ਰਾਜ ਕਪੂਰ ਵੱਲੋਂ ਬਣਾਏ ਗਏ ਮਸ਼ਹੂਰ ਆਰ ਕੇ ਸਟੂਡੀਓ ’ਚ ਅੱਜ ਭਿਆਨਕ ਅੱਗ ਲੱਗ ਗਈ। ਚੈਂਬੂਰ ਸਥਿਤ ਇਸ ਸਟੂਡੀਓ ਦੀ ਗਰਾਊਂਡ ਫਲੋਰ ਸੜ ਕੇ ਸੁਆਹ ਹੋ ਗਈ। ਇਥੇ ਡਾਂਸ ਰਿਐਲਟੀ ਸ਼ੋਅ ‘ਸੁਪਰ ਡਾਂਸਰ’ ਦਾ ਸੈੱਟ ਲੱਗਿਆ ਹੋਇਆ ਸੀ ਪਰ ਅੱਜ ਕੋਈ ਸ਼ੂਟਿੰਗ ਨਹੀਂ ਹੋ ਰਹੀ ਸੀ।  ਅੱਗ ਬੁਝਾਊ ਅਮਲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਛੇ ਗੱਡੀਆਂ ਅਤੇ ਪਾਣੀ ਦੇ ਪੰਜ ਟੈਂਕਰ ਲਾਏ ਗਏ। ਉਸ ਮੁਤਾਬਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਅੱਗ ਦੁਪਹਿਰ ਬਾਅਦ 2 ਵਜ ਕੇ 20 ਮਿੰਟ ’ਤੇ ਲੱਗੀ। ਅੱਗ ਤੋਂ ਬਾਅਦ ਇਲਾਕੇ ’ਚ ਸੰਘਣਾ ਧੂੰਆਂ ਫੈਲ ਗਿਆ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਭੀੜ-ਭਾੜ ਵਾਲੇ ਇਲਾਕੇ ’ਚ ਟਰੈਫਿਕ ਹੌਲੀ-ਹੌਲੀ ਚਲ ਰਿਹਾ ਸੀ ਅਤੇ ਅੱਗ ਬੁਝਾਊ ਗੱਡੀਆਂ, ਪਾਣੀ ਦੇ ਟੈਂਕਰਾਂ ਅਤੇ ਐਂਬੂਲੈਂਸਾਂ ਨੂੰ ਵੀ ਮੌਕੇ ’ਤੇ ਪੁੱਜਣ ’ਚ ਦਿੱਕਤ ਆਈ। ਹੇਠਲੀ ਮੰਜ਼ਿਲ ’ਤੇ ਬਿਜਲੀ ਦੀਆਂ ਤਾਰਾਂ, ਸਜਾਵਟ ਦਾ ਸਾਮਾਨ ਅਤੇ ਬਿਜਲੀ ਨਾਲ ਸਬੰਧਤ ਹੋਰ ਯੰਤਰ ਸਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਆਰ ਕੇ ਸਟੂਡੀਓ 1948 ’ਚ ਸਥਾਪਤ ਕੀਤਾ ਗਿਆ ਸੀ ਅਤੇ ਰਾਜ ਕਪੂਰ ਤੇ ਉਨ੍ਹਾਂ ਦੇ ਪਰਿਵਾਰ ਨੇ ਇਥੇ ਕਈ ਹਿੱਟ ਫਿਲਮਾਂ ਬਣਾਈਆਂ। ਆਰ ਕੇ ਬੈਨਰ ਹੇਠ ‘ਆਗ, ਬਰਸਾਤ, ਆਵਾਰਾ, ਸ੍ਰੀ 420, ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ, ਮੇਰਾ ਨਾਮ ਜੋਕਰ, ਬੌਬੀ, ਸਤਿਅਮ ਸ਼ਿਵਮ ਸੁੰਦਰਮ, ਰਾਮ ਤੇਰੀ ਗੰਗਾ ਮੈਲੀ’ ਆਦਿ ਫਿਲਮਾਂ ਬਣੀਆਂ। ਬੈਨਰ ਹੇਠ ਬਣਨ ਵਾਲੀ ਆਖਰੀ ਫਿਲਮ ‘ਆ ਅਬ ਲੌਟ ਚਲੇਂ’ ਬਣੀ ਸੀ। ਜਦੋਂ 1988 ’ਚ ਰਾਜ ਕਪੂਰ ਦਾ ਦੇਹਾਂਤ ਹੋਇਆ ਤਾਂ ਉਨ੍ਹਾਂ ਦੇ ਵੱਡੇ ਬੇਟੇ ਰਣਧੀਰ ਕਪੂਰ ਨੇ ਸਟੂਡੀਓ ਦਾ ਕੰਮਕਾਰ ਸੰਭਾਲਿਆ ਸੀ। ਬਾਅਦ ’ਚ ਉਸ ਦੇ ਛੋਟੇ ਭਰਾ ਰਾਜੀਵ ਕਪੂਰ ਨੇ ਫਿਲਮ ‘ਪ੍ਰੇਮ ਗਰੰਥ’ ਦਾ ਨਿਰਦੇਸ਼ਨ ਕੀਤਾ ਸੀ।
 

 

 

fbbg-image

Latest News
Magazine Archive