ਕੋਰੀਆ ਸੁਪਰ ਸੀਰੀਜ਼ ਦੇ ਫ਼ਾਈਨਲ ਵਿੱਚ ਪੁੱਜੀ ਸਿੰਧੂ


ਸਿਓਲ - ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪੀ.ਵੀ. ਸਿੰਧੂ ਨੇ ਚੀਨ ਦੀ ਹੀ. ਬਿੰਗਜਿਆਓ ਨੂੰ ਹਰਾ ਕੇ ਕੋਰੀਆ ਓਪਨ ਸੁਪਰ ਸੀਰੀਜ਼ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਿੱਥੇ ਉਸ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨਾਲ ਹੋਵੇਗਾ। ਭਾਰਤ ਦੀ 22 ਸਾਲਾ ਸਿੰਧੂ ਦਾ ਇਸ ਤੋਂ ਪਹਿਲਾਂ ਚੀਨੀ ਖਿਡਾਰਨ ਖ਼ਿਲਾਫ਼ ਰਿਕਾਰਡ 3-5 ਸੀ। ਉਹ ਇਸ ਸਾਲ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਉਸ ਤੋਂ ਹਾਰ ਗਈ ਸੀ। ਇਸ ਦੇ ਬਾਵਜੂਦ ਸਿੰਧੂ ਨੇ ਦੁਨੀਆਂ ਦੀ ਸੱਤਵੇਂ ਨੰਬਰ ਦੀ ਖਿਡਾਰਨ ਨੂੰ 21-10, 17-21, 21-16 ਨਾਲ ਹਰਾਇਆ। ਵਿਸ਼ਵ ਦਰਜਾਬੰਦੀ ਵਿੱਚ ਚੌਥੇ ਸਥਾਨ ’ਤੇ ਕਾਬਜ਼ ਸਿੰਧੂ ਨੇ ਪਿਛਲੇ ਸਾਲ ਚੀਨੀ ਸੁਪਰ ਸੀਰੀਜ਼ ਅਤੇ ਇਸ ਸੀਜ਼ਨ ’ਚ ਇੰਡੀਆ ਸੁਪਰ ਸੀਰੀਜ਼ ਆਪਣੇ ਨਾਂ ਕੀਤੀ ਸੀ। ਹੁਣ ਉਹ ਇੱਕ ਹੋਰ ਖ਼ਿਤਾਬ ਤੋਂ ਬਸ ਇੱਕ ਜਿੱਤ ਦੂਰ ਹੈ।
ਇੱਕ ਵਾਰ ਫੇਰ ਉਸ ਦਾ ਮੁਕਾਬਲਾ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਉਸ ਨੂੰ ਹਰਾਉਣ ਵਾਲੀ ਓਕੂਹਾਰਾ ਨਾਲ ਹੋਵੇਗਾ। ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਜਾਪਾਨੀ ਖਿਡਾਰਨ ਨੇ ਦੁਨੀਆਂ ਦੀ ਦੂਜੇ ਨੰਬਰ ਦੀ ਖਿਡਾਰਨ ਅਕਾਨੇ ਯਾਮਾਗੂਚੀ ਨੂੰ 21-17, 21-18 ਨਾਲ ਹਰਾਇਆ। ਸਿੰਧੂ ਨੇ ਪਹਿਲੇ ਸੈੱਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 9-1 ਨਾਲ ਲੀਡ ਲਈ। ਬਰੇਕ ਤੱਕ ਉਸ ਦੀ ਲੀਡ 11-4 ਹੋ ਗਈ ਸੀ। ਸਿੰਧੂ ਨੇ ਕੁਝ ਸਹਿਜ ਗ਼ਲਤੀਆਂ ਕੀਤੀਆਂ ਪਰ ਉਸ ਦੀ ਲੈਅ ਨਹੀਂ ਟੁੱਟੀ ਤੇ ਉਸ ਨੇ ਦਸ ਅੰਕਾਂ ਦੀ ਲੀਡ ਲੈ ਲਈ। ਚੀਨੀ ਖਿਡਾਰਨ ਨੇ ਵਾਪਸੀ ਕੀਤੀ ਪਰ ਸਿੰਧੂ ਨੂੰ ਸੈੱਟ ਜਿੱਤਣ ਤੋਂ ਰੋਕ ਨਾ ਸਕੀ। ਦੂਜੇ ਸੈੱਟ ਦੀ ਸ਼ੁਰੂਆਤ ਵਿੱਚ ਸਕੋਰ 4-4 ਨਾਲ ਬਰਾਬਰ ਸੀ ਪਰ ਸਿੰਧੂ ਨੇ ਬਰੇਕ ਤੱਕ ਪੰਜ ਅੰਕਾਂ ਦੀ ਲੀਡ ਲੈ ਲਈ। ਸਿੰਧੂ ਦੀਆਂ ਸਹਿਜ ਗ਼ਲਤੀਆਂ ਕਾਰਨ ਇੱਕ ਵੇਲੇ ਸਕੋਰ 10-13 ਹੋ ਗਿਆ। ਤੇ ਚੀਨੀ ਖਿਡਾਰਨ ਨੇ ਡਟ ਕੇ ਵਾਪਸੀ ਕਰਦਿਆਂ 20-16 ਨਾਲ ਲੀਡ ਲਈ। ਦੂਜਾ ਸੈੱਟ ਜਿੱਤ ਕੇ ਉਸ ਨੇ ਮੈਚ ਫ਼ੈਸਲਾਕੁਨ ਸੈੱਟ ਤੱਕ ਖਿੱਚਿਆ ਪਰ ਅੰਤ ਨੂੰ ਸਿੰਧੂ ਨੇ ਬਾਜ਼ੀ ਮਾਰਦਿਆਂ ਸੈੱਟ ’ਤੇ ਮੈਚ ਆਪਣੇ ਨਾਂ ਕਰ ਲਿਆ।

 

 

fbbg-image

Latest News
Magazine Archive