ਆਸਟਰੇਲੀਆ ਨੇ ਸ਼ਾਨਦਾਰ ਜਿੱਤ ਨਾਲ ਕੀਤਾ ਦੌਰੇ ਦਾ ਆਗਾਜ਼


ਚੇਨਈ - ਮਾਰਕਸ ਸਟੋਨਿਸ ਦੀ ਅਗਵਾਈ ਵਿੱਚ ਮੁੱਖ ਬੱਲੇਬਾਜ਼ਾਂ ਦੀਆਂ ਅਰਧ ਸੈਂਕੜਿਆਂ ਦੀਆਂ ਪਾਰੀਆਂ ਅਤੇ ਐਸਟਨ ਐਗਰ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਸਟਰੇਲੀਆ ਨੇ ਅੱਜ ਇੱਥੇ ਬੋਰਡ ਇਲੈਵਨ ਦੀ ਗੈਰਤਜਰਬੇਕਾਰ ਟੀਮ ਨੂੰ ਇੱਕੋ ਇੱਕ ਅਭਿਆਸ ਮੈਚ ਵਿੱਚ 103 ਦੌੜਾਂ ਨਾਲ ਹਰਾ ਕੇ ਭਾਰਤੀ ਦੌਰੇ ਦੀ ਧੜੱਲੇਦਾਰ ਸ਼ੁਰੂਆਤ ਕੀਤੀ।
ਆਸਟਰੇਲੀਆ ਦੀ ਟੀਮ ਦੇ ਕੋਲ ਭਾਰਤ ਵਿਰੁੱਧ 17 ਸਤੰਬਰ ਨੂੰ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ਅਤੇ ਉਸ ਤੋਂ ਬਾਅਦ ਤਿੰਨ ਟਵੰਟੀ-20 ਅਭਿਆਸ ਮੈਚਾਂ ਵਿੱਚ ਇਹ ਇੱਕੋ ਇੱਕ ਮੌਕਾ ਸੀ ਜਿਸ ਵਿੱਚ ਉਸ ਦੇ ਬਹੁਤੇ ਖਿਡਾਰੀਆਂ ਨੇ ਹਾਲਾਤ ਅਨੁਸਾਰ ਢਲਣ ਦਾ ਚੰਗਾ ਯਤਨ ਕੀਤਾ। ਸਟੀਵ ਸਮਿਥ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ।
ਮਾਰਕਸ ਸਟੋਨਿਸ ਦੀ 76 ਦੌੜਾਂ ਦੀ ਹਮਲਾਵਰ ਪਾਰੀ ਦੀ ਮੱਦਦ ਨਾਲ ਆਸਟਰੇਲੀਆ ਨੇ ਭਾਰਤ ਦੇ ਖਿਲਾਫ਼ ਇੱਕ ਰੋਜ਼ਾ ਲੜੀ ਦੇ ਪਹਿਲੇ ਅਭਿਆਸ ਮੈਚ ਵਿੱਚ ਅੱਜ ਇੱਥੇ ਬੋਰਡ ਪ੍ਰੈਜ਼ੀਡੈਂਟ ਇਲੈਵਨ ਦੇ ਖਿਲਾਫ ਸੱਤ ਵਿਕਟਾਂ ਉੱਤੇ 347 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ।
ਪਿਛਲੇ ਆਈਪੀਐਲ ਸੈਸ਼ਨ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਤਰਫੋਂ ਖੇਡਣ ਵਾਲੇ ਸਟੋਨਿਸ ਨੇ ਪਾਵਰ ਹਿਟਿੰਗ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕੀਤਾ। ਉਸਨੇ 60 ਗੇਂਦਾਂ ਦੀ ਆਪਣੀ ਪਾਰੀ ਵਿੱਚ ਚਾਰ ਚੌਕੇ ਅਤੇ ਪੰਜ ਛੱਕੇ ਲਾਏ। ਉਸ ਦੇ ਇਲਾਵਾ ਡੇਵਿਡ ਵਾਰਨਰ 64, ਕਪਤਾਨ ਸਟੀਵ ਸਮਿਥ 55, ਅਤੇ ਟਰੈਵਿਸ ਹੈੱਡ 65 ਨੇ ਵੀ ਅਰਧ ਸੈਂਕੜਾ ਜੜ ਕੇ 17 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਤੋਂ ਪਹਿਲਾਂ ਬੱਲੇਬਾਜ਼ੀ ਦਾ ਚੰਗਾ ਅਭਿਆਸ ਕੀਤਾ। ਵਿਕਟਕੀਪਰ ਬੱਲੇਬਾਜ਼ ਮੈਥਿਊਵੇਡ ਨੇ ਵੀ ਅੰਤਿਮ ਪਲਾਂ ਵਿੱਚ 24 ਗੇਂਦਾਂ ਉੱਤੇ ਦੋ ਚੌਕਿਆਂ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ ਤੇਜਤਰਾਰ ਪਾਰੀ ਖੇਡੀ।
ਇਸ ਦੇ ਜਵਾਬ ਵਿੱਚ ਬੋਰਡ ਇਲੈਵਨ ਦੀ ਟੀਮ 48.2 ਓਵਰਾਂ ਵਿੱਚ 244 ਦੌੜਾਂ ਉੱਤੇ ਆਉਟ ਹੋ ਗਈ। ਭਾਰਤੀ ਟੀਮ ਦੇ 8 ਵਿਕਟ 156 ਦੌੜਾਂ ਉੱਤੇ ਨਿਕਲ ਗਏ ਸਨ ਪਰ 9ਵੇਂ ਨੰਬਰ ਦੇ ਬੱਲੇਬਾਜ਼ ਅਕਸ਼ਰ ਕਾਰਨੀਰਵਰ (40) ਅਤੇ ਦਸਵੇਂ ਨੰਬਰ ਉੱਤਰੇ ਕੁਸ਼ਾਂਗ ਪਟੇਲ ਨੇ ਨਾਬਾਦ (41) ਬਣਾ ਕੇ 9ਵੇਂ ਵਿਕਟ ਲਈ66 ਦੌੜਾਂ ਜੋੜ ਕੇ ਹਾਰ ਦਾ ਅੰਤਰ ਘਟਾ ਦਿੱਤਾ। ਇਨ੍ਹਾਂ ਤੋਂ ਇਲਾਵਾ ਸ੍ਰੀਵਤਸ ਗੋਸਵਾਮੀ (43) ਅਤੇ ਮਿਅੰਕ ਅਗਰਵਾਲ 42 ਹੀ ਆਸਟਰੇਲੀਆ ਦੇ ਗੇਂਦਬਾਜ਼ੀ ਹਮਲੇ ਅੱਗੇ ਕੁੱਝ ਸਮਾਂ ਟਿਕ ਸਕੇ। ਭਾਰਤ ਦੇ ਵਧੇਰੇ ਖਿਡਾਰੀ ਦਲੀਪ ਟਰਾਫੀ ਖੇਡ ਰਹੇ ਹੋਣ ਕਰਕੇ ਇਸ ਮੈਚ ਵਿੱਚ ਘੱਟ ਤਜ਼ਰਬੇਕਾਰ ਖਿਡਾਰੀਆਂ ਨੂੰ ਹੀ ਥਾਂ ਮਿਲੀ ਸੀ।
ਬੋਰਡ ਪ੍ਰੈਜੀਡੈਂਟ ਇਲੈਵਨ ਦੀ ਤਰਫੋਂ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਸਭ ਤੋਂ ਸਫਲ ਗੇਂਦਬਾਜ ਰਹੇ। ਉਸਨੇ ਅੱਠ ਓਵਰਾਂ ਵਿੱਚ 23 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਮੱਧ ਗਤੀ ਦੇ ਗੇਂਦਬਾਜ਼ ਕੁਸ਼ਾਂਗ ਪਟੇਲ ਨੇ ਵੀ ਦੋ ਵਿਕਟ ਲਏ ਪਰ ਇਸ ਦੇ ਲਈ ਉਸਨੇ ਛੇ ਓਵਰਾਂ ਵਿੱਚ 58 ਦੌੜਾਂ ਲੁਟਾ ਦਿੱਤੀਆਂ।

 

 

fbbg-image

Latest News
Magazine Archive