ਦਰਮਿਆਨੀਆਂ ਤੇ ਲਗਜ਼ਰੀ ਕਾਰਾਂ ਉਤੇ ਸੈੱਸ ਵਧਿਆ


ਹੈਦਰਾਬਾਦ - ਜੀਐਸਟੀ ਕੌਂਸਲ ਨੇ ਦਰਮਿਆਨੇ ਆਕਾਰ ਤੋਂ ਲੈ ਕੇ ਲਗਜ਼ਰੀ ਕਾਰਾਂ ਤੱਕ ਅਤੇ ਐਸਯੂਵੀ ਉਤੇ ਦੋ ਤੋਂ ਸੱਤ ਫੀਸਦੀ ਵਾਧੂ ਸੈੱਸ ਲਾਉਣ ਦਾ ਫੈਸਲਾ ਕੀਤਾ ਹੈ ਪਰ ਛੋਟੀਆਂ ਤੇ ਹਾਈਬ੍ਰਿਡ ਕਾਰਾਂ ਨੂੰ ਇਸ ਵਾਧੇ ਤੋਂ ਛੋਟ ਦਿੱਤੀ ਹੈ। ਕੌਂਸਲ ਨੇ ਇਡਲੀ/ਡੋਸਾ ਸਮੱਗਰੀ ਤੇ ਕਿਚਨ ਗੈਸ ਲਾਈਟਰ ਵਰਗੀਆਂ ਨਿੱਤ ਵਰਤੋਂ ਦੀਆਂ 30 ਵਸਤਾਂ ਉਤੇ ਗੁੱਡਜ਼ ਤੇ ਸਰਵਿਸਜ਼ ਟੈਕਸ (ਜੀਐਸਟੀ) ਘਟਾ ਦਿੱਤਾ ਹੈ।
ਇੱਥੇ ਕੌਂਸਲ ਦੀ ਅੱਠ ਘੰਟੇ ਚੱਲੀ ਮੀਟਿੰਗ ਮਗਰੋਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਦਰਮਿਆਨੇ ਆਕਾਰ ਦੀਆਂ ਕਾਰਾਂ ਉਤੇ ਦੋ ਫੀਸਦੀ ਵਾਧੁੂ ਸੈੱਸ ਲਾਇਆ ਗਿਆ, ਜਦੋਂ ਕਿ ਵੱਡੀਆਂ ਕਾਰਾਂ ਉਤੇ ਪੰਜ ਅਤੇ ਐਸਯੂਵੀ ਉਤੇ ਸੱਤ ਫੀਸਦੀ ਵਾਧੂ ਸੈੱਸ ਲੱਗੇਗਾ। ਕੌਂਸਲ ਨੇ 1200 ਸੀਸੀ ਤੱਕ ਵਾਲੀਆਂ ਛੋਟੀਆਂ ਪੈਟਰੋਲ ਤੇ ਡੀਜ਼ਲ ਕਾਰਾਂ ਉਤੇ ਕੋਈ ਵਾਧੂ ਸੈੱਸ ਨਾ ਲਾਉਣ ਦਾ ਫੈਸਲਾ ਕੀਤਾ ਹੈ। ਹਾਈਬ੍ਰਿਡ ਕਾਰਾਂ ਉਤੇ ਵੀ ਵਾਧੂ ਸੈੱਸ ਨਹੀਂ ਲੱਗੇਗਾ। ਇਹ ਸੈੱਸ ਲਾਗੂ ਹੋਣ ਦੀ ਮਿਤੀ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਸ੍ਰੀ ਜੇਤਲੀ ਨੇ ਕਿਹਾ, ‘‘ਛੋਟੀਆਂ ਪੈਟਰੋਲ ਤੇ     ਡੀਜ਼ਲ ਕਾਰਾਂ ਉਤੇ ਜੀਐਸਟੀ ਤੋਂ ਬਾਅਦ ਤਿੰਨ ਫੀਸਦੀ ਟੈਕਸ ਫਾਇਦਾ ਹੈ। ਇਹ ਸਥਿਤੀ ਜਿਉਂ ਦੀ ਤਿਉਂ ਰੱਖੀ ਜਾਵੇਗੀ ਤਾਂ ਕਿ ਜੇ ਕਾਰਾਂ ਸਸਤੀਆਂ ਹੁੰਦੀਆਂ ਹਨ ਤਾਂ ਇਸ ਦਾ ਫਾਇਦਾ ਗਾਹਕਾਂ ਨੂੰ ਮਿਲੇ।’’ ਜੀਐਸਟੀ ਲਾਗੂ ਹੋਣ ਤੋਂ ਬਾਅਦ ਦਰਮਿਆਨੇ ਆਕਾਰ ਦੀਆਂ ਕਾਰਾਂ ਉਤੇ ਟੈਕਸ 48 ਤੋਂ ਘਟ ਕੇ 43 ਫੀਸਦੀ ਰਹਿ ਗਿਆ ਸੀ। ਕੌਂਸਲ ਨੇ ਅੱਜ ਫੈਸਲਾ ਕੀਤਾ ਕਿ ਸੈੱਸ ਦੋ ਫੀਸਦੀ ਵਧਾ ਕੇ ਇਹ ਟੈਕਸ 45 ਫੀਸਦੀ ਕੀਤਾ ਜਾਵੇ। ਵਿੱਤ ਮੰਤਰੀ ਨੇ ਕਿਹਾ ਕਿ 10 ਤੋਂ 13 ਤੱਕ ਸੀਟਾਂ ਵਾਲੀਆਂ ਕਾਰਾਂ ਅਤੇ ਹਾਈਬ੍ਰਿਡ ਕਾਰਾਂ ਉਤੇ ਸੈੱਸ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ।
ਵਪਾਰਕ ਅਦਾਰਿਆਂ ਵੱਲੋਂ ਟੈਕਸ ਬਚਾਉਣ ਲਈ ਜੀਐਸਟੀ ਤੋਂ ਬਾਅਦ ਆਪਣੇ ਬਰਾਂਡਾਂ ਦੀ ਰਜਿਸਟਰੇਸ਼ਨ ਰੱਦ ਕਰਵਾਉਣ ਨਾਲ ਸਿੱਝਣ ਲਈ ਕੌਂਸਲ ਨੇ 15 ਮਈ 2017 ਦੀ ਮਿਤੀ ਨੂੰ ਹੱਦ ਮੰਨਿਆ ਹੈ। ਕੌਂਸਲ ਨੇ ਸੁੱਕੀ ਇਮਲੀ, ਕਸਟਰਡ ਪਾਊਡਰ, ਖਲ, ਧੂਫ ਬੱਤੀ, ਧੂਫ ਤੇ ਹੋਰ ਵਸਤਾਂ, ਪਲਾਸਟਿਕ ਬਰਸਾਤੀਆਂ, ਰਬੜ ਬੈਂਡ, ਕੰਪਿਊਟਰ ਮੌਨੀਟਰ, ਕਿਚਨ ਗੈਸ ਲਾਈਟਰ ਅਤੇ ਝਾੜੂ ਤੇ ਬੁਰਸ਼ ਉਤੇ ਟੈਕਸ ਘਟਾਇਆ ਹੈ। ਇਸ ਦੇ ਨਾਲ ਹੀ ਜੁਲਾਈ ਮਹੀਨੇ ਲਈ ਸੇਲਜ਼ ਰਿਟਰਨ ਜਾਂ ਜੀਐਸਟੀਆਰ-1 ਭਰਨ ਲਈ ਮਿਤੀ ਵੀ ਵਧਾ ਕੇ 10 ਅਕਤੂਬਰ ਕਰ ਦਿੱਤੀ ਹੈ। ਜੀਐਸਟੀ ਢਾਂਚੇ ਅਧੀਨ ਹੋਰ ਤਿੰਨ ਰਿਟਰਨਾਂ ਭਰਨ ਦੀ ਆਖ਼ਰੀ ਮਿਤੀ ਵੀ ਵਧਾਈ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੇਵਾਈਆਈਸੀ ਰਾਹੀਂ ਵੇਚੇ ਜਾ ਰਹੇ ਖਾਦੀ ਦੇ ਕੱਪੜਿਆਂ ਨੂੰ ਇਸ ਤੋਂ ਛੋਟ ਹੋਵੇਗੀ। 20 ਲੱਖ ਰੁਪਏ ਤੋਂ ਘੱਟ ਦੀ ਸਾਲਾਨਾ ਅੰਤਰਰਾਜੀ ਵਿਕਰੀ ਕਰਨ ਵਾਲਿਆਂ ਤੋਂ ਇਲਾਵਾ ਕਾਰੀਗਰਾਂ ਨੂੰ ਵੀ ਰਜਿਸਟਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਹੱਥੀਂ ਕੰਮ ਕਰਨ ਵਾਲਿਆਂ (ਸੋਨੇ ਨੂੰ ਛੱਡ ਕੇ) ਨੂੰ ਵੀ ਇਹ ਛੋਟ ਦਿੱਤੀ ਗਈ ਹੈ।
ਮਾਲੀਆ ਸਕੱਤਰ ਹਸਮੁੱਖ ਅਧੀਆ ਨੇ ਕਿਹਾ ਕਿ ਕੌਂਸਲ ਨੇ ਜੀਐਸਟੀਆਰ-3ਬੀ ਭਰਨ ਦੀ ਆਖ਼ਰੀ ਮਿਤੀ ਵੀ ਦਸੰਬਰ ਤੱਕ ਵਧਾ ਦਿੱਤੀ ਹੈ।
 

 
Latest News
Magazine Archive