ਡੇਰੇ ’ਚ ਮਿਲੀ ਪਟਾਖ਼ਿਆਂ ਦੀ ਫੈਕਟਰੀ


ਸਿਰਸਾ - ਡੇਰੇ ਦੀ ਤਲਾਸ਼ੀ ਦੌਰਾਨ ਜਾਂਚ ਟੀਮ ਨੂੰ ਅੰਦਰੋਂ ਹੈਰਾਨੀਜਨਕ ਚੀਜ਼ਾਂ ਮਿਲ ਰਹੀਆਂ ਹਨ। ਸਰਕਾਰੀ ਤਲਾਸ਼ੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਡੇਰਾ ਪ੍ਰਬੰਧਕਾਂ ਨੇ ਆਪਣੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਸੀ ਤਾਂ ਜੋ ਸਬੂਤਾਂ ਨੂੰ ਖੁਰਦ-ਬੁਰਦ ਕੀਤਾ ਜਾ ਸਕੇ। ਡੇਰੇ ਦੀ ਤਲਾਸ਼ੀ ਦੌਰਾਨ ਕੈਟਲ ਫੀਡ ਫੈਕਟਰੀ ਵਿੱਚੋਂ ਵੱਡੀ ਮਾਤਰਾ ਵਿੱਚ ਪਟਾਖੇ ਮਿਲੇ ਹਨ ਜੋ 81 ਬਕਸਿਆਂ ਵਿੱਚ ਭਰੇ ਹੋਏ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਪਟਾਖਿਆਂ ਦੀ ਮਾਤਰਾ ਇੰਨੀ ਹੈ ਕਿ ਪੰਜ ਕੈਂਟਰ ਭਰੇ ਜਾ ਸਕਦੇ ਹਨ। ਪਟਾਖਿਆਂ ਨੂੰ ਬਣਾਉਣ ਲਈ ਵਰਤਿਆ ਜਾਣ ਵਾਲਾ ਰਸਾਇਣ ਵੀ ਬਰਾਮਦ ਕੀਤਾ ਗਿਆ ਹੈ। ਥਾਣਾ ਸਦਰ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਕਿਉਂਕਿ ਪਟਾਖੇ ਰੱਖਣ ਦਾ ਲਾਇਸੈਂਸ ਪੁਲੀਸ ਨੂੰ ਨਹੀਂ ਮਿਲਿਆ। ਪਟਾਖਾ ਫੈਕਟਰੀ ਦੇ ਮਾਲਿਕ ਦਾ ਪਤਾ ਕਰਕੇ ਉਸ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਅੱਜ ਡੇਰੇ ਦੀ ਗੁਫਾ ਤੋਂ ਸਾਧਵੀ ਨਿਵਾਸ ਤਕ ਜਾਣ ਵਾਲੇ ਰਸਤੇ ਦੀ ਪੁਸ਼ਟੀ ਕਰ ਦਿੱਤੀ ਗਈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਗੁੰਮਨਾਮ ਸਾਧਵੀ ਵੱਲੋਂ ਲਿਖੀ ਚਿੱਠੀ ਵਿੱਚ ਜੋ ਗੱਲਾਂ ਲਿਖੀਆਂ ਗਈਆਂ ਸਨ, ਉਹ ਸੱਚ ਹਨ। ਹਾਈ ਕੋਰਟ ਵੱਲੋਂ ਨਿਯੁਕਤ ਕੋਰਟ ਕਮਿਸ਼ਨਰ ਜੱਜ (ਸੇਵਾਮੁਕਤ) ਅਨਿਲ ਕੁਮਾਰ ਸਿੰਘ ਪੁਆਰ ਦੀ ਅਗਵਾਈ ਹੇਠ ਚਲਾਏ ਜਾ ਰਹੇ ਅਪਰੇਸ਼ਨ ਦੇ ਦੂਜੇ ਦਿਨ ਡੇਰੇ ਵਿੱਚ ਬਣੀ ਗੁਫਾ ਵਿੱਚ ਗੁਪਤ ਰਸਤਾ ਮਿਲਿਆ ਜੋ ਸਾਧਵੀਆਂ ਦੇ ਨਿਵਾਸ ਤਕ ਜਾਂਦਾ ਸੀ। ਇਹ ਰਸਤਾ ਇਕ ਅਲਮਾਰੀ ਹੀ ਦਿਖਾਈ ਦਿੰਦਾ ਸੀ ਪਰ ਜਦੋਂ ਇਸ ਅਲਮਾਰੀ ਨੂੰ ਖੋਲ੍ਹਿਆ ਗਿਆ ਤਾਂ ਜਾਂਚ ਟੀਮ ਦੇ ਅਧਿਕਾਰੀ ਹੈਰਾਨ ਰਹਿ ਗਏ ਕਿ ਇਹ ਰਸਤਾ ਸਿੱਧਾ ਸਾਧਵੀਆਂ ਦੇ ਨਿਵਾਸ ਤਕ ਜਾਂਦਾ ਸੀ। ਇਸ ਦਾ ਖ਼ੁਲਾਸਾ ਕਰਦਿਆਂ ਹਰਿਆਣਾ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਦੱਸਿਆ ਕਿ ਡੇਰੇ ਅੰਦਰੋਂ ਏਕੇ-47 ਰਾਈਫਲ ਦਾ ਇਕ ਖਾਲੀ ਮੈਗਜ਼ੀਨ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਡੇਰੇ ਦੀ ਗੁਫਾ ਦੀ ਤੀਜੀ ਮੰਜ਼ਿਲ ’ਤੇ ਫਾਈਬਰ ਦੀ ਗੁਫਾਨੁਮਾ ਚੀਜ਼ ਮਿਲੀ ਹੈ ਜਿਸ ਉਪਰ ਤਾਜ਼ਾ ਮਿੱਟੀ ਪਾਈ ਗਈ ਹੈ ਅਤੇ ਜਾਂਚ ਟੀਮ ਦੇ ਅਧਿਕਾਰੀ ਉਸ ਦੀ ਜਾਂਚ ਵਿੱਚ ਜੁਟੇ ਹੋਏ ਹਨ।
ਜ਼ਮੀਨ ਹੇਠ ਦੱਬੇ ਰਾਜ਼ ਵੀ ਖੋਲ੍ਹੇਗੀ ਟੀਮ: ਡੇਰੇ ’ਚ ਭੂ-ਗਰਭ ਟੀਮ ਵੀ ਸਿਰਸਾ ਪੁੱਜ ਗਈ ਹੈ ਜੋ ਜ਼ਮੀਨ ਹੇਠਾਂ ਦੱਬੇ ਰਾਜ਼ ਦੀ ਜਾਂਚ ਕਰ ਰਹੀ ਹੈ। ਟੀਮ ਵੱਲੋਂ ਐਕਸਰੇ ਰਾਹੀਂ ਜਾਂਚ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਡੇਰੇ ਦੇ ਕੁਝ ਪੁਰਾਣੇ ਸਾਧੂਆਂ ਨੇ ਇਲਜ਼ਾਮ ਲਾਇਆ ਸੀ ਕਿ ਡੇਰੇ ਦੀ ਜ਼ਮੀਨ ਹੇਠਾਂ ਕੁਝ ਲਾਸ਼ਾਂ ਨੂੰ ਦਫ਼ਨ ਕਰ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਉਪਰ ਰੁੱਖ ਲਾ ਦਿੱਤੇ ਜਾਂਦੇ ਸਨ।
ਗਰਲਜ਼ ਹੋਸਟਲ ਦੀ ਡੇਰਾ ਪ੍ਰਬੰਧਕ ਪਹਿਲਾਂ ਹੀ ਲੈ ਚੁੱਕੇ ਸਨ ਤਲਾਸ਼ੀ: ਡੇਰੇ ਦੇ ਗਰਲਜ਼ ਹੋਸਟਲ ਵਿੱਚੋਂ ਜਾਂਚ ਟੀਮ ਨੂੰ ਸੜੇ ਹੋਏ ਕਾਗਜ਼ ਅਤੇ ਹਾਰਡ ਡਿਸਕਾਂ ਮਿਲੀਆਂ ਹਨ ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਪ੍ਰਸ਼ਾਸਨ ਤੋਂ ਪਹਿਲਾਂ ਹੀ ਡੇਰਾ ਪ੍ਰਬੰਧਕਾਂ ਨੇ ਤਲਾਸ਼ੀ ਮੁਹਿੰਮ ਚਲਾ ਲਈ ਸੀ। ਸਭ ਕੁਝ ਸਾਫ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਲਾਸ਼ੀ ਲਈ ਸੱਦਾ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਗਰਲਜ਼ ਹੋਸਟਲ ਦੇ ਜ਼ਿਆਦਾਤਰ ਕਮਰਿਆਂ ਦੇ ਤਾਲੇ ਪਹਿਲਾਂ ਹੀ ਟੁੱਟੇ ਹੋਏ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਡੇਰਾ ਪ੍ਰਬੰਧਕਾਂ ਨੇ ਇਨ੍ਹਾਂ ਕਮਰਿਆਂ ਵਿੱਚੋਂ ਇਤਰਾਜ਼ਯੋਗ ਸਮੱਗਰੀ ਪਹਿਲਾਂ ਹੀ ਆਸੇ-ਪਾਸੇ ਕਰ ਦਿੱਤੀ ਸੀ।
ਡੇਰਾ ਮੁਖੀ ਦੇ ਨਿਵਾਸ ਤੋਂ ਮਿਲੇ ਮਹਿੰਗੇ ਕੱਪੜੇ ਅਤੇ ਜੁੱਤੇ: ਤਲਾਸ਼ੀ ਦੌਰਾਨ ਜਾਂਚ ਟੀਮ ਨੂੰ ਵੱਡੀ ਮਾਤਰਾ ਵਿੱਚ ਮਹਿੰਗੇ ਕੱਪੜੇ ਅਤੇ ਜੁੱਤੇ ਮਿਲੇ ਹਨ।    ਜਾਣਕਾਰੀ ਅਨੁਸਾਰ ਡੇਰਾ ਦੀ ਗੁਫਾ ਵਿੱਚੋਂ 3000 ਮਹਿੰਗੇ ਅਤੇ ਡਿਜ਼ਾਇਨਰ ਕੱਪੜੇ ਅਤੇ 1500 ਦੇ ਕਰੀਬ ਮਹਿੰਗੇ ਬੂਟ ਵੀ ਮਿਲੇ ਹਨ।
ਸ਼ਹਿਰ ਵਿੱਚ ਰਿਹਾ ਜਨਜੀਵਨ ਆਮ ਵਰਗਾ: ਡੇਰੇ ਦੀ ਤਲਾਸ਼ੀ ਦੌਰਾਨ ਸ਼ਹਿਰ ਵਿੱਚ ਜਨਜੀਵਨ ਆਮ ਵਰਗਾ ਰਿਹਾ। ਸ਼ਹਿਰ ਵਿੱਚ ਦੁਕਾਨਾਂ, ਸਕੂਲ ਅਤੇ ਕਾਲਜ ਖੁੱਲ੍ਹੇ ਰਹੇ। ਲੋਕ ਵੀ ਆਪਣੇ ਕੰਮਾਂਕਾਰਾਂ ਵਿੱਚ ਰੁੱਝੇ ਹੋਏ ਦਿਖਾਈ ਦਿੱਤੇ।

 

 

fbbg-image

Latest News
Magazine Archive