ਮਿਆਂਮਾਰ ’ਚ ਵੱਖਵਾਦੀ ਹਿੰਸਾ ’ਤੇ ਭਾਰਤ ਵੱਲੋਂ ਚਿੰਤਾ ਜ਼ਾਹਰ


ਨੇਅ ਪੀ ਤਾਅ - ਭਾਰਤ ਨੇ ਰਖਾਇਨ ਸੂਬੇ ’ਚ ਵੱਖਵਾਦੀ ਹਿੰਸਾ ’ਤੇ ਮਿਆਂਮਾਰ ਨਾਲ ਚਿੰਤਾ ਜਤਾਈ ਹੈ ਜਿਥੇ ਸਵਾ ਲੱਖ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਹਿਜਰਤ ਕਰ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਧਿਰਾਂ ਨੂੰ ਬੇਨਤੀ ਕੀਤੀ ਹੈ ਕਿ ਮੁਲਕ ਦੀ ਏਕਤਾ ਲਈ ਮਸਲੇ ਦਾ ਹੱਲ ਕੱਢਿਆ ਜਾਵੇ। ਇਸ ਦੌਰਾਨ ਭਾਰਤ-ਮਿਆਂਮਾਰ ਵਿਚਕਾਰ 11 ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਮੁਲਕ ਦੀ ਕਾਊਂਸਲਰ ਆਂਗ ਸਾਂ ਸੂ ਕੀ ਨਾਲ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕਾਂ ਦੀ ਸੁਰੱਖਿਆ ਅਤੇ ਸਮੁੰਦਰੀ ਹੱਦਾਂ ਦੀ ਸਥਿਰਤਾ ਨੂੰ ਬਹਾਲ ਰੱਖਣਾ ਅਹਿਮ ਹੈ। ਦੋਵੇਂ ਆਗੂਆਂ ਨੇ ਦਹਿਸ਼ਤਗਰਦੀ ਦੇ ਟਾਕਰੇ ਅਤੇ ਸੁਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ। ਸ੍ਰੀ ਮੋਦੀ ਦਾ ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਮਿਆਂਮਾਰ ਸਰਕਾਰ ਵੱਲੋਂ ਰਖਾਇਨ ਸੂਬੇ ’ਚ ਚਲਾਏ ਗਏ ਫ਼ੌਜੀ ਅਪਰੇਸ਼ਨ ਦੌਰਾਨ ਦੋ ਹਫ਼ਤਿਆਂ ਦੇ ਅੰਦਰ ਸਵਾ ਲੱਖ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਚਲੇ ਗਏ ਅਤੇ ਮਿਆਂਮਾਰ ’ਤੇ ਕੌਮਾਂਤਰੀ ਦਬਾਅ ਪੈ ਰਿਹਾ ਹੈ। ਸ੍ਰੀ ਮੋਦੀ ਨੇ ਸੂ ਕੀ ਨਾਲ ਸਾਂਝੇ ਬਿਆਨ ’ਚ ਕਿਹਾ ਕਿ ਮਸਲੇ ਦੇ ਹੱਲ ਲਈ ਸਾਰੀਆਂ ਧਿਰਾਂ ਅੱਗੇ ਆ ਸਕਦੀਆਂ ਹਨ ਤਾਂ ਜੋ ਮਿਆਂਮਾਰ ਦੀ ਏਕਤਾ ਅਤੇ ਸ਼ਾਂਤੀ ਨੂੰ ਬਹਾਲ ਰੱਖਿਆ ਜਾ ਸਕੇ। ਇਸ ਬਿਆਨ ਤੋਂ ਇਕ ਦਿਨ ਪਹਿਲਾਂ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਸੀ ਕਿ ਰੋਹਿੰਗਿਆ ਗੈਰ ਕਾਨੂੰਨੀ ਪਰਵਾਸੀ ਹਨ ਅਤੇ ਉਨ੍ਹਾਂ ਨੂੰ ਭਾਰਤ ’ਚੋਂ ਕੱਢ ਦਿੱਤਾ ਜਾਵੇਗਾ। ਮੋਦੀ-ਸੂ ਕੀ ਦਰਮਿਆਨ ਗੱਲਬਾਤ ਤੋਂ ਬਾਅਦ ਸਮੁੰਦਰੀ ਸੁਰੱਖਿਆ, ਮਿਆਂਮਾਰ ’ਚ ਲੋਕਰਾਜੀ ਸੰਸਥਾਵਾਂ ਮਜ਼ਬੂਤ ਕਰਨ, ਸਿਹਤ ਅਤੇ ਸੂਚਨਾ ਤਕਨਾਲੋਜੀ ਸਮੇਤ 11 ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਸੂ ਕੀ ਨੇ ਮਿਆਂਮਾਰ ’ਚ ਦਹਿਸ਼ਤੀ ਚੁਣੌਤੀਆਂ ਦੇ ਟਾਕਰੇ ਲਈ ਭਾਰਤ ਦਾ ਧੰਨਵਾਦ ਕੀਤਾ।
ਸੂ ਕੀ ਨੂੰ ਫੈਲੋਸ਼ਿਪ ਤਜਵੀਜ਼ ਦੀ ਅਸਲ ਕਾਪੀ ਸੌਂਪੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੀ ਕਾਊਂਸਲਰ ਆਂਗ ਸਾਂ ਸੂ ਕੀ ਨੂੰ 1986 ’ਚ ਆਈਆਈਏਐਸ ’ਚ ਖੋਜ ਲਈ ਦਿੱਤੀ ਤਜਵੀਜ਼ ਦੀ ਅਸਲ ਕਾਪੀ ਸੌਂਪੀ। ਸੂ ਕੀ ਨੇ ਦਿੱਲੀ ਦੇ ਲੇਡੀ ਸ੍ਰੀ ਰਾਮ ਕਾਲਜ ਤੋਂ 1964 ’ਚ ਗਰੈਜੁਏਸ਼ਨ ਕੀਤੀ ਸੀ ਅਤੇ ਸ਼ਿਮਲਾ ਦੀ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟਡੀਜ਼ ਦੀ ਫੈਲੋ ਰਹੀ।
ਮੋਦੀ ਨੇ ਮੰਦਰ ’ਚ ਟੇਕਿਆ ਮੱਥਾ: ਬਾਅਦ ’ਚ ਪ੍ਰਧਾਨ ਮੰਤਰੀ ਬਾਗਾਨ ਗਏ ਅਤੇ ਉਥੇ ਆਨੰਦ ਮੰਦਿਰ ’ਚ ਨਤਮਸਤਕ ਹੋਏ। ਪਿਛਲੇ ਸਾਲ ਭੂਚਾਲ ਤੋਂ ਬਾਅਦ ਇਸ ਪੁਰਾਤਨ ਸ਼ਹਿਰ ਨੂੰ ਭਾਰਤ ਦੀ ਮਦਦ ਨਾਲ ਵਸਾਇਆ ਜਾ ਰਿਹਾ ਹੈ। ਬੋਧੀ ਮੰਦਰ 1105 ’ਚ ਬਣਾਇਆ ਗਿਆ ਸੀ।

 
Latest News
Magazine Archive