ਮੇਰੀ ਸਰਕਾਰ ਦੇਸ਼ ਹਿੱਤ ਵਿੱਚ ‘ਵੱਡੇ’ ਤੇ ‘ਔਖੇ’ ਫ਼ੈਸਲੇ ਲੈਣ ਤੋਂ ਨਹੀਂ ਡਰਦੀ: ਮੋਦੀ


ਯੈਂਗੌਨ - ਨੋਟਬੰਦੀ ਨੂੰ ਜਾਇਜ਼ ਠਹਿਰਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੁਲਕ ਦੇ ਹਿੱਤ ਵਿੱਚ ‘ਵੱਡੇ’ ਅਤੇ ‘ਔਖੇ’ ਫ਼ੈਸਲੇ ਤੋਂ ਨਹੀਂ ਡਰਦੀ। ਮਿਆਂਮਾਰ ਫੇਰੀ ਦੌਰਾਨ ਉਹ ਇਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ। ਹਾਲਾਂਕਿ ਨੋਟਬੰਦੀ ਵਾਲੇ ਫ਼ੈਸਲੇ ਲਈ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਪਰ ਉਨ੍ਹਾਂ ਨੇ ਨੋਟਬੰਦੀ, ਪਿਛਲੇ ਸਾਲ ਮਕਬੂਜ਼ਾ ਕਸ਼ਮੀਰ ’ਚ ਸਰਜੀਕਲ ਸਟ੍ਰਾਈਕ ਅਤੇ ਜੀਐਸਟੀ ਲਾਗੂ ਕਰਨ ਨੂੰ ਸਰਕਾਰ ਵੱਲੋਂ ਲਏ ‘ਵੱਡੇ’ ਅਤੇ ‘ਮੁਸ਼ਕਲ’ ਫ਼ੈਸਲਿਆਂ ਵਜੋਂ ਗਿਣਾਇਆ।
ਸ੍ਰੀ ਮੋਦੀ ਨੇ ਕਿਹਾ, ‘ਰਾਸ਼ਟਰ ਦੇ ਹਿੱਤ ਵਿੱਚ ਅਸੀਂ ਔਖੇ ਤੇ ਵੱਡੇ ਫ਼ੈਸਲੇ ਲੈਣ ਤੋਂ ਨਹੀਂ ਡਰਦੇ ਕਿਉਂਕਿ ਸਾਡੇ ਲਈ ਸਿਆਸਤ ਨਾਲੋਂ ਮੁਲਕ ਉਪਰ ਹੈ। ਭਾਵੇਂ ਸਰਜੀਕਲ ਸਟ੍ਰਾਈਕ ਹੋਵੇ, ਨੋਟਬੰਦੀ ਜਾਂ ਜੀਐਸਟੀ, ਇਹ ਸਾਰੇ ਫ਼ੈਸਲੇ ਬਗ਼ੈਰ ਕਿਸੇ ਭੈਅ ਜਾਂ ਜੱਕੋ-ਤੱਕੀ ਦੇ ਲਏ ਗਏ ਹਨ।’ ਨੋਟਬੰਦੀ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਦਮ ਕਾਲੇ ਧਨ ਨੂੰ ਖ਼ਤਮ ਕਰਨ ਲਈ ਚੁੱਕਿਆ ਸੀ ਅਤੇ ਇਸ ਨਾਲ ਅਜਿਹੇ ਲੱਖਾਂ ਲੋਕਾਂ ਦੀ ਸ਼ਨਾਖ਼ਤ ਹੋਈ ਹੈ, ਜਿਨ੍ਹਾਂ ਦੇ ਬੈਂਕ ਖ਼ਾਤਿਆਂ ’ਚ ਕਰੋੜਾਂ ਰੁਪਏ ਪਏ ਸਨ ਪਰ ਉਨ੍ਹਾਂ ਨੇ ਕਦੇ ਆਮਦਨ ਕਰ ਨਹੀਂ ਅਦਾ ਕੀਤਾ ਸੀ। 35 ਮਿੰਟਾਂ ਦੀ ਤਕਰੀਰ ਵਿੱਚ ਸ੍ਰੀ ਮੋਦੀ ਨੇ ਕਿਹਾ, ‘ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਅਸੀਂ 500 ਤੇ 1000 ਰੁਪਏ ਦੇ ਨੋਟਾਂ ’ਤੇ ਰੋਕ ਲਗਾਈ ਸੀ।
ਮੁੱਠੀ ਭਰ ਭ੍ਰਿਸ਼ਟ ਲੋਕਾਂ ਦੀ ਕਰਨੀ ਦਾ ਹਰਜਾਨਾ 125 ਕਰੋੜ ਲੋਕ ਭਰ ਰਹੇ ਸਨ, ਜੋ ਸਾਨੂੰ ਮਨਜ਼ੂਰ ਨਹੀਂ ਸੀ।’  ਦੱਸਣਯੋਗ ਹੈ ਕਿ ਕਾਂਗਰਸ ਨੇ ਨੋਟਬੰਦੀ ਨੂੰ ‘ਬਰਬਾਦੀ’ ਕਰਾਰ ਦਿੰਦਿਆਂ ਇਸ ਨੂੰ ਸਪੱਸ਼ਟ ਤੌਰ ’ਤੇ ਅਸਫ਼ਲ ਦੱਸਿਆ ਸੀ।
ਪ੍ਰਧਾਨ ਮੰਤਰੀ ਨੇ ਜੀਐਸਟੀ ਬਾਰੇ ਕਿਹਾ ਕਿ ਵਸਤਾਂ ਤੇ ਸੇਵਾਵਾਂ ਕਰ ਲਾਗੂ ਹੋਣ ਦੇ ਦੋ ਮਹੀਨਿਆਂ ਅੰਦਰ ਦੇਸ਼ ਵਿੱਚ ਇਮਾਨਦਾਰੀ ਨਾਲ ਵਪਾਰ ਕਰਨ ਦਾ ਮਾਹੌਲ ਬਣਿਆ ਹੈ। ਹੁਣ ਦੇਸ਼ ਵਾਸੀ ਵਿਸ਼ਵਾਸ ਕਰਨ ਲੱਗੇ ਹਨ ਕਿ ਭਾਰਤ ਅੱਗੇ ਵਧ ਰਿਹਾ ਹੈ ਅਤੇ ਬੇੜੀਆਂ ਟੁੱਟ ਸਕਦੀਆਂ ਹਨ।       

 

 

fbbg-image

Latest News
Magazine Archive