ਨਕਲੀ ਪੁਲੀਸ ਵਾਲੇ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਗਰੋਹ ਦੇ ਚਾਰ ਮੈਂਬਰ ਜੇਲ੍ਹ ਭੇਜੇ

ਐਸ.ਏ.ਐਸ. ਨਗਰ (ਮੁਹਾਲੀ) - ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਬੀਤੇ ਦਿਨੀਂ ਇੱਥੋਂ ਸੈਕਟਰ-66 ਸਥਿਤ ਸ਼ਿਸ਼ੂ ਨਿਕੇਤਨ ਸਕੂਲ ਦੇ ਨੇੜਿਓਂ ਨਕਲੀ ਪੁਲੀਸ ਅਫ਼ਸਰ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਗਰੋਹ ਦੇ ਲੜਕੀ ਸਮੇਤ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਂਚ ਅਧਿਕਾਰੀ ਅਤੇ ਏਐਸਆਈ ਗੁਰਨਾਮ ਸਿੰਘ ਦੇ ਬਿਆਨਾਂ ’ਤੇ ਫੇਜ਼-11 ਥਾਣੇ ਵਿੱਚ ਲੜਕੀ ਡਿੰਪਲ ਕੁਮਾਰੀ ਵਾਸੀ ਜ਼ੀਰਕਪੁਰ, ਰੋਹਿਤ ਸ਼ਰਮਾ ਵਾਸੀ ਫੇਜ਼-11, ਬਲਜੀਤ ਸਿੰਘ ਵਾਸੀ ਪਿੰਡ ਰੁੜਕਾ ਅਤੇ ਹਰਮੀਤ ਸਿੰਘ ਵਾਸੀ ਪਿੰਡ ਭਬਾਤ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਕਿੱਲੋਂ 150 ਗਰਾਮ ਭੁੱਕੀ ਵੀ ਬਰਾਮਦ ਕੀਤੀ ਹੈ।
ਜਾਂਚ ਅਧਿਕਾਰੀ ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ ਨੌਜਵਾਨ ਆਪਣੀ ਆਲਟੋ ਕਾਰ ਵਿੱਚ ਜਾ ਰਿਹਾ ਸੀ। ਉਸ ਨਾਲ ਉਸ ਦੇ ਭੁੱਕੀ ਖਾਣ ਵਾਲੇ ਪੱਕੇ ਗਾਹਕ ਨਾਲ ਝਗੜਾ ਹੋ ਗਿਆ। ਜਿਸ ਨੇ ਫੋਨ ਕਰਕੇ ਮੌਕੇ ਲੜਕੀ ਨੂੰ ਉੱਥੇ ਸੱਦ ਲਿਆ। ਲੜਕੀ ਨੇ ਆਪਣਾ ਐਕਟਿਵਾ ਉਸ ਦੀ ਕਾਰ ਦੇ ਅੱਗੇ ਖੜਾ ਕਰਕੇ ਖ਼ੁਦ ਨੂੰ ਕਰਾਈਮ ਬ੍ਰਾਂਚ ਦੀ ਇੰਸਪੈਕਟਰ ਦੱਸਦਿਆਂ ਕਿਹਾ ਕਿ ਪੁਲੀਸ ਨੂੰ ਸੂਚਨਾ ਮਿਲੀ ਹੈ ਕਿ ਉਨ੍ਹਾਂ ਦੀ ਕਾਰ ਵਿੱਚ ਭੁੱਕੀ ਲਿਜਾਈ ਜਾ ਰਹੀ ਹੈ। ਉਹ ਹਾਲੇ ਗੱਲ ਕਰ ਹੀ ਰਹੇ ਸੀ ਕਿ ਏਨੇ ਵਿੱਚ ਦੋ ਤਿੰਨ ਨੌਜਵਾਨ ਹੋਰ ਉੱਥੇ ਆ ਗਏ। ਉਕਤ ਲੜਕੀ ਨੇ ਇਨ੍ਹਾਂ ਦੀ ਪਛਾਣ ਵੀ ਪੁਲੀਸ ਮੁਲਾਜ਼ਮਾਂ ਦੇ ਤੌਰ ’ਤੇ ਕਰਵਾਈ। ਕਾਰ ਚਾਲਕ ਉਨ੍ਹਾਂ ਦੇ ਤਰਲੇ ਕੱਢਣ ਲੱਗ ਪਿਆ ਸੀ ਕਿ ਕਾਰ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ ਹੈ। ਇਸ ਤੋਂ ਬਾਅਦ ਲੜਕੀ ਤੇ ਉਸ ਦੇ ਸਾਥੀਆਂ ਨੇ ਚਾਲਕ ਨੂੰ ਪੁਲੀਸ ਕੇਸ ਦਰਜ ਕਰਨ ਲਈ ਧਮਕਾਉਂਦਿਆਂ ਕਿਹਾ ਕਿ ਜੇ ਉਹ ਪੁਲੀਸ ਕਾਰਵਾਈ ਤੋਂ ਬਚਨਾ ਚਾਹੁੰਦਾ ਹੈ ਤਾਂ 50 ਹਜ਼ਾਰ ਰੁਪਏ ਦੇਣੇ ਪੈਣਗੇ। ਸੂਚਨਾ ਮਿਲਦੇ ਐਸਟੀਐਫ਼ ਦੇ ਐਸਪੀ ਰਜਿੰਦਰ ਸਿੰਘ ਸੋਹਲ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਨਕਲੀ ਪੁਲੀਸ ਅਫ਼ਸਰ ਬਣੀ ਲੜਕੀ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਉਨ੍ਹਾਂ ਨੂੰ ਫੇਜ਼-11 ਥਾਣੇ ਵਾਲਿਆਂ ਨੂੰ ਸੌਂਪ ਦਿੱਤਾ। ਲੜਕੀ ਦੇ ਐਕਟਿਵਾ ’ਚੋਂ ਭੁੱਕੀ ਮਿਲੀ ਹੈ। ਇਸ ਬਾਰੇ ਲੜਕੀ ਦਾ ਕਹਿਣਾ ਸੀ ਕਿ ਇਹ ਭੁੱਕੀ ਕਾਰ ’ਚੋਂ ਬਰਾਮਦ ਹੋਈ ਹੈ। ਜਦੋਂ ਪੁਲੀਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਲੜਕੀ ਨੇ ਕਿਹਾ ਕਿ ਉਹ ਕਿਸੇ ਕਰਾਈਮ ਬ੍ਰਾਂਚ ਦੀ ਅਫ਼ਸਰ ਨਹੀਂ ਹੈ ਸਗੋਂ ਕਰਾਈਮ ਰਿਪੋਰਟ ਹੈ ਪ੍ਰੰਤੂ ਜਾਂਚ ਅਧਿਕਾਰੀ ਅਨੁਸਾਰ ਇਹ ਲੜਕੀ ਕਿਸੇ ਅਖ਼ਬਾਰ ਜਾਂ ਟੀਵੀ ਚੈਨਲ ਦੀ ਰਿਪੋਰਟ ਨਹੀਂ ਹੈ। ਅੱਜ ਡਿੰਪਲ ਕੁਮਾਰੀ, ਰੋਹਿਤ ਸ਼ਰਮਾ, ਬਲਜੀਤ ਸਿੰਘ ਅਤੇ ਹਰਮੀਤ ਸਿੰਘ ਨੂੰ ਜੁਡੀਸ਼ਲ ਮੈਜਿਸਟਰੇਟ ਅਮਿਤ ਥਿੰਦ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਕਤ ਮੁਲਜ਼ਮਾਂ ਨੂੰ 7 ਸਤੰਬਰ ਤੱਕ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ।
ਖਰੜ ਖੇਤਰ ਵਿੱਚ ਸਰਗਰਮ ਹੈ ਇੱਕ ਗਰੋਹ
ਖਰੜ ਇਲਾਕੇ ਵਿੱਚ ਇੱਕ ਅਜਿਹਾ ਗਰੋਹ ਸਰਗਰਮ ਹੈ। ਉਸ ਗਰੋਹ ਵਿੱਚ ਵੀ ਇੱਕ ਲੜਕੀ ਖ਼ੁਦ ਨੂੰ ਮੀਡੀਆ ਕਰਮੀ ਦੱਸ ਕੇ ਲੋਕਾਂ ਨਾਲ ਸ਼ਰ੍ਹੇਆਮ ਠੱਗੀਆਂ ਮਾਰਦੀ ਹੈ। ਇਸ ਲੜਕੀ ਦਾ ਕੰਮ ਪਹਿਲਾਂ ਫੋਨ ’ਤੇ ਗੱਲਬਾਤ ਕਰਕੇ ਸਾਹਮਣੇ ਵਾਲੇ ਨੂੰ ਭਰਮਾਉਣਾ ਅਤੇ ਫਿਰ ਉਸ ਨਾਲ ਚੰਗੀ ਜਾਣ ਪਛਾਣ ਕਰਕੇ ਆਉਣਾ ਜਾਣਾ ਸ਼ੁਰੂ ਕਰ ਲਿਆ ਜਾਂਦਾ ਹੈ। ਜਦੋਂ ਸਬੰਧਤ ਵਿਅਕਤੀ ਪੂਰੀ ਤਰ੍ਹਾਂ ਉਸ ਦੇ ਜਾਲ ਵਿੱਚ ਫਸ ਜਾਂਦਾ ਹੈ ਤਾਂ ਲੜਕੀ ਉਸ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾ ਕੇ ਆਪਣੇ ਸਾਥੀਆਂ ਨੂੰ ਮੌਕੇ ’ਤੇ ਸੱਦ ਲੈਂਦੀ ਹੈ। ਖਰੜ ਨੇੜਲੇ ਪਿੰਡ ਦੇ ਵਿਅਕਤੀ ਤੋਂ ਇਨ੍ਹਾਂ ਨੇ 8-9 ਲੱਖ ਰੁਪਏ ਠੱਗੇ ਹਨ।

 

 

fbbg-image

Latest News
Magazine Archive