ਬੰਗਲਾਦੇਸ਼ ਨੇ ਆਸਟਰੇਲੀਆ ਨੂੰ ਹਰਾ ਕੇ ਰਚਿਆ ਇਤਿਹਾਸ


ਢਾਕਾ - ਖੱਬੇ ਹੱਥੇ ਦੇ ਸਪਿੰਨਰਾਂ ਸ਼ਾਕਿਬ ਅਲ ਹਸਨ ਅਤੇ ਤਾਇਜੁਲ ਇਸਲਾਮ ਦੀ ਫਿਰਕੀ ਦੇ ਜਾਦੂ ਨਾਲ ਬੰਗਲਾਦੇਸ਼ ਨੇ ਡੇਵਿਡ ਵਾਰਨਰ ਦੇ ਸੈਂਕੜੇ ਦੇ ਬਾਵਜੂਦ ਆਸਟਰੇਲੀਆ ਨੂੰ ਅੱਜ ਇੱਥੇ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਦੁਪਹਿਰ ਦੇ ਖਾਣੇ ਤੋਂ ਬਾਅਦ 20 ਦੌੜਾਂ ਨਾਲ ਹਰਾ ਕੇ ਇਸ ਟੀਮ ਖ਼ਿਲਾਫ਼ ਪਹਿਲੀ ਜਿੱਤ  ਦਰਜ ਕੀਤੀ।
ਪਹਿਲੀ ਪਾਰੀ ਵਿੱਚ 68 ਦੌੜਾਂ ਦੇ ਕੇ ਪੰਜ ਵਿਕਟਾਂ ਲੈਣ ਵਾਲੇ ਸ਼ਾਕਿਬ ਨੇ ਦੂਜੀ ਪਾਰੀ ਵਿੱਚ ਵੀ 85 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜਿਸ ਨਾਲ 265 ਦੌੜਾਂ ਦਾ ਪਿੱਛਾ ਕਰਦੇ ਹੋਏ ਆਸਟਰੇਲਿਆਈ ਟੀਮ 70.5 ਓਵਰਾਂ ਵਿੱਚ 244 ਦੌੜਾਂ ’ਤੇ ਆਊਟ ਹੋ ਗਈ। ਤਾਇਜੁਲ ਨੇ 60 ਦੌੜਾਂ ਦੇ ਕੇ ਤਿੰਨ ਜਦੋਂਕਿ ਆਫ ਸਪਿੰਨਰ ਮਹਿਦੀ ਹਸਨ ਮਿਰਾਜ਼ ਨੇ 80 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਆਸਟਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਵਾਰਨਰ ਨੇ 135 ਗੇਂਦਾਂ ਵਿੱਚ 16 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 112 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਕਪਤਾਨ ਸਟੀਵਨ ਸਮਿੱਥ (37) ਨਾਲ ਤੀਜੇ ਵਿਕਟ ਲਈ 130 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ ਪਰ ਬੰਗਲਾਦੇਸ਼ ਨੂੰ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਲੈਣ ਤੋਂ ਨਹੀਂ ਰੋਕ ਸਕੀ। ਵਾਰਨਰ ਤੇ ਸਮਿੱਥ ਵਿਚਕਾਰ ਇਹ ਸਾਂਝੇਦਾਰੀ ਏਸ਼ੀਆ ਵਿੱਚ ਚੌਥੀ ਪਾਰੀ ’ਚ ਆਸਟਰੇਲੀਆ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਨੌਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੇ ਪੈਟ ਕਮਿਨਜ਼ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਨਾਬਾਦ 33 ਦੌੜਾਂ ਦੀ ਪਾਰੀ ਖੇਡੀ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ।
ਆਸਟਰੇਲੀਆ ਖ਼ਿਲਾਫ਼ ਪੰਜ ਮੈਚਾਂ ਵਿੱਚ ਇਹ ਬੰਗਲਾਦੇਸ਼ ਦੀ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਚਾਰ ਮੈਚਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਸਟਰੇਲੀਆ ਨੇ ਦਿਨ ਦੀ ਸ਼ੁਰੂਆਤ ਦੋ ਵਿਕਟਾਂ ’ਤੇ 109 ਦੌੜਾਂ ਨਾਲ ਕੀਤੀ। ਵਾਰਨਰ 75 ਜਦੋਂਕਿ ਸਮਿੱਥ 25 ਦੌੜਾਂ ਨਾਲ ਅੱਗੇ ਖੇਡਣ ਉਤਰੇ। ਇਨ੍ਹਾਂ ਦੋਹਾਂ ਦੀ ਮੌਜੂਦਗੀ ਵਿੱਚ ਲੱਗ ਰਿਹਾ ਸੀ ਕਿ ਆਸਟਰੇਲੀਆ, ਬੰਗਲਾਦੇਸ਼ ’ਤੇ ਲਗਾਤਾਰ ਪੰਜਵੀਂ ਜਿੱਤ ਦਰਜ ਕਰਨ ਵਿੱਚ ਸਫਲ ਰਹੇਗਾ। ਵਾਰਨਰ ਨੇ ਤਾਇਜੁਲ ਦੀ ਗੇਂਦ ’ਤੇ ਦੋ ਦੌੜਾਂ ਨਾਲ 121 ਗੇਂਦਾਂ ਵਿੱਚ ਆਪਣਾ 19ਵਾਂ ਸੈਂਕੜਾ ਪੂਰਾ ਕੀਤਾ ਜੋ ਏਸ਼ੀਆ ’ਚ ਉਸ ਦਾ ਦੂਜਾ ਸੈਂਕੜਾ ਹੈ। ਸ਼ਾਕਿਬ ਨੇ ਵਾਰਨਰ ਨੂੰ ਐਲਬੀਡਬਲਿਊ ਆਊਟ ਕਰ ਕੇ ਬੰਗਲਾਦੇਸ਼ ਨੂੰ ਦਿਨ ਦੀ ਪਹਿਲੀ ਸਫਲਤਾ ਦਿਵਾਈ। ਸਮਿੱਥ ਨੂੰ 29 ਦੌੜਾਂ ਦੇ ਸਕੋਰ ’ਤੇ ਮਿੱਡ ਆਨ ’ਤੇ ਤਮੀਮ ਇਕਬਾਲ ਨੇ ਜੀਵਨਦਾਨ ਦਿੱਤਾ ਪਰ ਆਸਟਰੇਲਿਆਈ ਕਪਤਾਨ ਇਸ ਦਾ ਫਾਇਦਾ ਨਹੀਂ ਉਠਾ ਸਕਿਆ ਅਤੇ ਸ਼ਾਕਿਬ ਦੀ ਗੇਂਦ ’ਤੇ ਵਿਕਟਕੀਪਰ ਮੁਸ਼ਫਿਕੁਰ ਰਹੀਮ ਨੂੰ ਕੈਚ ਦੇ ਬੈਠੇ। ਤਾਇਜੁਲ ਨੇ ਇਸ ਤੋਂ ਬਾਅਦ ਪੀਟਰ ਹੈਂਡਜ਼ਕੌਂਬ (15) ਅਤੇ ਐਸ਼ਟਨ ਐਗਰ (02) ਨੂੰ ਪਵੇਲੀਅਨ ਭੇਜਿਆ ਜਦੋਂਕਿ ਸ਼ਾਕਿਬ ਨੇ ਮੈਥਿਊ ਵੇਡ (04) ਨੂੰ ਐਲਬੀਡਬਲਿਊ ਕੀਤਾ ਜਿਸ ਨਾਲ ਆਸਟਰੇਲੀਆ ਦਾ ਸਕੋਰ ਸੱਤ ਵਿਕਟਾਂ ’ਤੇ 195 ਦੌੜਾਂ ਹੋ ਗਿਆ।
ਦੁਪਹਿਰ ਦੇ ਖਾਣੇ ਤੋਂ ਬਾਅਦ ਗਲੇਨ ਮੈਕਸਵੈੱਲ (14) ਸ਼ਾਕਿਬ ਦੀ ਗੇਂਦ ਨੂੰ ਵਿਕਟਾਂ ’ਤੇ ਖੇਡ ਗਿਆ। ਮਹਿਦੀ ਹਸਨ ਨੇ ਨਾਥਨ ਲਿਓਨ (12) ਨੂੰ ਆਊਟ ਕਰ ਕੇ ਆਸਟਰੇਲੀਆ ਨੂੰ ਨੌਵਾਂ ਝਟਕਾ ਦਿੱਤਾ। ਆਸਟਰੇਲੀਆ ਨੂੰ ਇਸ ਸਮੇਂ ਜਿੱਤ ਲਈ 37 ਦੌੜਾਂ ਦੀ ਲੋੜ ਸੀ। ਕਮਿਨਜ਼ ਨੇ ਮਹਿਦੀ ਹਸਨ ਦੀਆਂ ਗੇਂਦਾਂ ’ਤੇ ਦੋ ਛੱਕਿਆਂ ਨਾਲ ਟੀਮ ਨੂੰ ਟੀਚੇ ਦੇ ਨੇੜੇ ਪਹੁੰਚਾਇਆ ਪਰ ਤਾਇਜੁਲ ਨੇ ਪਸਲੀਆਂ ਵਿੱਚ ਖਿੱਚ ਕਰ ਕੇ ਦੌਰੇ ਤੋਂ ਬਾਹਰ ਹੋਏ ਜੋਸ਼ ਹੇਜ਼ਲਵੁੱਡ (00) ਨੂੰ ਐਲਬੀਡਬਲਿਊ ਕਰ ਕੇ ਆਸਟਰੇਲੀਆ ’ਤੇ ਬੰਗਲਾਦੇਸ਼ ਦੀ ਪਹਿਲੀ ਜਿੱਤ ਯਕੀਨੀ ਬਣਾਈ।

 

Latest News
Magazine Archive