ਡੇਰਾ ਮੁਖੀ ਬਲਾਤਕਾਰ ਦਾ ਦੋਸ਼ੀ ਕਰਾਰ; ਸਜ਼ਾ ਦਾ ਫ਼ੈਸਲਾ 28 ਨੂੰ


ਅਦਾਲਤੀ ਹੁਕਮ ਤੋਂ ਬਾਅਦ ਭੜਕੀ ਹਿੰਸਾ; ਪੰਚਕੂਲਾ ਵਿੱਚ 29 ਮੌਤਾਂ; ਬਠਿੰਡਾ, ਫਿਰੋਜ਼ਪੁਰ, ਪਟਿਆਲਾ, ਫਰੀਦਕੋਟ, ਮਾਨਸਾ ਵਿੱਚ ਕਰਫਿਊ
ਫ਼ੈਸਲੇ ਬਾਅਦ ਡੇਰਾ ਮੁਖੀ ਘੋਰ ਉਦਾਸੀ ’ਚ ਡੁੱਬਿਆ
*    ਵਿਸ਼ੇਸ਼ ਸੀਬੀਆਈ ਜੱਜ ਜਗਦੀਪ ਸਿੰਘ ਨੇ ਸੁਣਾਇਆ ਫ਼ੈਸਲਾ
*    ਫ਼ੈਸਲੇ ਵੇਲੇ ਅਦਾਲਤੀ ਕਮਰੇ ਵਿੱਚ ਸਨ ਸਭ ਦੇ ਮੋਬਾਈਲ ਫੋਨ ਬੰਦ
ਚੰਡੀਗੜ੍ਹ - ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ ’ਚ ਸਜ਼ਾ 28 ਅਗਸਤ ਨੂੰ ਸੁਣਾਈ ਜਾਵੇਗੀ। ਅਦਾਲਤ ਤੋਂ ਕੁਝ ਦੂਰੀ ’ਤੇ ਚਾਰ-ਚੁਫੇਰੇ ਡੇਰਾ ਪ੍ਰੇਮੀ, ਜਿਨ੍ਹਾਂ ’ਚ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ, ਮੌਜੂਦ ਸਨ। ਪਰ ਪ੍ਰੇਮੀਆਂ ਦੇ ਦਬਾਅ ਦੀ ਪ੍ਰਵਾਹ ਨਾ ਕਰਦਿਆਂ ਵਿਸ਼ੇਸ਼ ਸੀਬੀਆਈ ਜੱਜ ਜਗਦੀਪ ਸਿੰਘ ਨੇ ਬਾਅਦ ਦੁਪਹਿਰ ਪੌਣੇ ਤਿੰਨ ਵਜੇ ਫੈ਼ਸਲਾ ਸੁਣਾਇਆ। ਫੈ਼ਸਲੇ ਬਾਅਦ ਗੁਰਮੀਤ ਰਾਮ ਰਹੀਮ ਘੋਰ ਉਦਾਸੀ ਵਿੱਚ ਸੀ ਅਤੇ ਸਿਰ ਝੁਕਿਆ ਹੋਇਆ ਸੀ।
ਫੈ਼ਸਲਾ ਸੁਣਾਏ ਜਾਣ ਸਮੇਂ ਅਦਾਲਤ ਦਾ ਸਟਾਫ, ਡੇਰਾ ਮੁਖੀ ਅਤੇ ਵਕੀਲ ਹਾਜ਼ਰ ਸਨ ਪਰ ਸਭ ਦੇ ਮੋਬਾਈਲ ਫੋਨ ਬੰਦ ਸਨ। ਤਕਰੀਬਨ ਤਿੰਨ ਵਜੇ ਡੇਰਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਉਣ ਦੀ ਖ਼ਬਰ ਬਾਹਰ ਆਈ ਤਾਂ ਡੇਰਾ ਪ੍ਰੇਮੀ ਭੜਕ ਪਏ। ਪ੍ਰੇਮੀਆਂ ਨੇ ਅਦਾਲਤ ਦੇ ਬਾਹਰ ਤੇ ਹੋਰ ਥਾਵਾਂ ’ਤੇ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਅਤੇ ਉਨ੍ਹਾਂ ਦੇ ਵਾਹਨਾਂ ’ਤੇ ਹਮਲਾ ਕਰ ਦਿੱਤਾ। ਇਸ ਬਾਅਦ  ਨੀਮ ਫੌਜੀ ਬਲਾਂ ਤੇ ਪੁਲੀਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ। ਵਾਹਨਾਂ ਨੂੰ ਅੱਗਾਂ ਲਾਏ ਜਾਣ ਕਾਰਨ ਆਸਮਾਨ ’ਚ ਧੂੰਆਂ ਛਾ ਗਿਆ। ਦੱਸਣਯੋਗ ਹੈ ਕਿ ਸਾਲ 2002 ’ਚ ਕਿਸੇ ਨੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸਜ਼ ਨੂੰ ਪੱਤਰ ਲਿਖ ਕੇ ਡੇਰਾ ਮੁਖੀ ਵੱਲੋਂ ਸਾਧਵੀਆਂ ਦਾ ਜਿਨਸੀ ਸ਼ੋਸ਼ਣ ਕੀਤੇ ਜਾਣ ਦੇ ਦੋਸ਼ ਲਾਏ ਸਨ ਅਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਮੰਗੀ ਸੀ। ਇਹ ਚਿੱਠੀ ਸਾਧਵੀ ਦੇ ਭਰਾ ਅਤੇ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਨੇ ਲਿਖਵਾਈ ਸੀ, ਜਿਸ ਦਾ ਬਾਅਦ ’ਚ ਕਤਲ ਕਰਵਾ ਦਿੱਤਾ ਗਿਆ। ਇਸ ਦੌਰਾਨ ਹੀ ‘ਪੂਰਾ ਸੱਚ’ ਅਖ਼ਬਾਰ ਦੇ ਸੰਪਾਦਕ ਰਾਮ ਚੰਦਰ ਛੱਤਰਪਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਅਤੇ ਉਹ ਦਿੱਲੀ ਦੇ ਅਪੋਲੋ ਹਸਪਤਾਲ ’ਚ ਇਕ ਮਹੀਨੇ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ ਸੀ। ਇਨ੍ਹਾਂ ਕਤਲ ਕੇਸਾਂ ਦਾ ਅਜੇ ਫ਼ੈਸਲਾ ਆਉਣਾ ਬਾਕੀ ਹੈ।
ਡੇਰਾ ਮੁਖੀ ਦੇ ਅੱਜ ਅਦਾਲਤ ’ਚ ਪੇਸ਼ ਹੋਣ ਬਾਰੇ ਕਿਆਸਅਰਾਈਆਂ ਦਾ ਦੌਰ ਗਰਮ ਸੀ ਪਰ ਲਗਪਗ 9 ਵਜੇ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਤਕਰੀਬਨ 100 ਗੱਡੀਆਂ ਦੇ ਕਾਫਲੇ ਨਾਲ ਡੇਰਾ ਮੁਖੀ ਸਿਰਸਾ ਤੋਂ ਪੰਚਕੂਲਾ ਵੱਲ ਰਵਾਨਾ ਹੋਏ। ਕੈਥਲ ਪਹੁੰਚਣ ’ਤੇ ਡੇਰਾ ਪ੍ਰੇਮੀਆਂ ਨੇ ਰਸਤਾ ਰੋਕ ਲਿਆ। ਨੀਮ ਫੌਜੀ ਬਲਾਂ ਨੇ ਕਾਫੀ ਜੱਦੋਜ਼ਹਿਦ ਨਾਲ ਪ੍ਰੇਮੀਆਂ ਨੂੰ ਹਟਾਇਆ। ਇਸ ਬਾਅਦ ਕਾਫ਼ਲਾ ਕੁਰੂਕਸ਼ੇਤਰ, ਸ਼ਾਹਬਾਦ, ਅੰਬਾਲਾ ਤੇ ਜ਼ੀਰਕਪੁਰ ਹੁੰਦਾ ਹੋਇਆ ਅਦਾਲਤ ਪਹੁੰਚਿਆ। ਪੁਲੀਸ ਨੇ ਕੇਵਲ ਡੇਰਾ ਮੁਖੀ ਦੀ ਗੱਡੀ ਨੂੰ ਹੀ ਅਦਾਲਤ ਨੇੜੇ ਜਾਣ ਦਿੱਤਾ। ਡੇਰਾ ਮੁਖੀ ਨੂੰ ਤਕਰੀਬਨ ਸਵਾ ਦੋ ਵਜੇ ਅਦਾਲਤ ’ਚ ਪੇਸ਼ ਕੀਤਾ ਗਿਆ।
ਪ੍ਰੇਮੀਆਂ ਦੀ ਹਿੰਸਾ ਨਾਲ ਪੰਚਕੂਲਾ ਮੱਚਿਆ
*  125 ਵਾਹਨ ਅੱਗ ਦੀ ਭੇਟ; ਖੱਟਰ ਵੱਲੋਂ ਸ਼ਹਿਰ ਦਾ ਦੌਰਾ
* ਪੱਤਰਕਾਰਾਂ ਉੱਤੇ ਜਾਨਲੇਵਾ ਹਮਲੇ, ਦੋ ਚੈਨਲਾਂ ਦੀਆਂ ਵੈਨਾਂ ਫੂਕੀਆਂ
ਪੰਚਕੂਲਾ - ਇੱਥੇ ਅੱਜ ਬਾਅਦ ਦੁਪਹਿਰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ  ਡੇਰੇ ਦੀਆਂ ਸਾਧਵੀਆਂ ਦੇ ਜਿਣਸੀ ਸੋਸ਼ਣ ਦੇ ਮਾਮਲੇ ਵਿੱਚ ਦੋਸ਼ੀ ਐਲਾਨਣ ਬਾਅਦ ਭੜਕੇ ਡੇਰਾ ਪ੍ਰੇਮੀਆਂ ਨੇ ਕਈ ਥਾਈਂ ਅੱਗਾਂ ਲਾ ਕੇ ਭੰਨ ਤੋੜ ਸ਼ੁਰੂ ਕਰ ਦਿੱਤੀ। ਡੇਰਾ ਪ੍ਰੇਮੀਆਂ ਨੇ ਸੈਕਟਰ 5 ਦੇ ਪੈਟਰੋਲ ਪੰਪ, ਕੇਸੀ ਸਿਨੇਮਾ, ਸੈਕਟਰ 16 ਦੇ ਪੱਲਵੀ ਹੋਟਲ, 16 ਸੈਕਟਰ ਵਿੱਚ ਪੈਟਰੋਲ ਪੰਪ, ਐੱਚਡੀਐਫਸੀ ਬੈਂਕ ਅਤੇ ਮਲਟੀ ਸਿਨੇਮਾ ਕੰਪਲੈਕਸ ਰਾਜਹੰਸ ਦੀ ਭੰਨਤੋੜ ਕੀਤੀ। ਅੱਜ ਸ਼ਾਮ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਚਕੂਲਾ ਦਾ ਦੌਰਾ ਕੀਤਾ ਅਤੇ ਹਿੰਸਾ ਵਿੱਚ 29 ਮੌਤਾਂ ਹੋਣ ਅਤੇ 200 ਲੋਕਾਂ ਦੇ ਫੱਟੜ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਦੇ ਨਾਲ ਵਿਧਾਇਕ ਗਿਆਨ ਚੰਦ ਗੁਪਤਾ ਵੀ ਸਨ। ਮੁੱਖ ਮੰਤਰੀ ਨੇ ਵੱਖ-ਵੱਖ ਥਾਵਾਂ ਜਿੱਥੇ ਘਟਨਾਵਾਂ ਘਟੀਆਂ, ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਮੁਆਵਜ਼ਾ ਇੱਕ ਹਫਤੇ ਵਿੱਚ ਦਿੱਤਾ ਜਾਵੇਗਾ। ਸਰਕਾਰ ਵੱਲੋਂ ਵੈਬਸਾਈਟ ਤਿਆਰ ਕੀਤੀ ਜਾ ਰਹੀ ਹੈ ਜਿਸ ਉੱਤੇ ਮੁਆਵਜ਼ੇ ਸਬੰਧੀ ਜਾਣਕਾਰੀ ਪਾਈ ਜਾਵੇਗੀ। ਮੁਆਵਜ਼ੇ ਦੀ ਰਾਸ਼ੀ ਡੇਰਾ ਮੁਖੀ ਦੀ ਜਾਇਦਾਦ ਦੀ ਕੁਰਕੀ ਵਿੱਚੋਂ ਲਈ ਜਾਵੇਗੀ।
ਡੇਰਾ ਪੇ੍ਮੀ ਜਿਹੜੇ ਜ਼ਿਲ੍ਹਾ ਅਦਾਲਤ ਤੋਂ ਅੱਧਾ ਕਿਲੋਮੀਟਰ ਦੂਰ ਹਜ਼ਾਰਾਂ ਦੀ ਗਿਣਤੀ ਵਿੱਚ ਸੈਕਟਰ 4, 2, 5 ਅਤੇ ਹਾਈਵੇਅ ਦੇ ਨਾਲ ਲੱਗਦੇ ਵੱਖ-ਵੱਖ ਸੈਕਟਰਾਂ ਦੇ ਮੈਦਾਨਾਂ ਅਤੇ ਘਰਾਂ ਦੇ ਬਾਹਰ ਡੇਰੇ ਲਾਈ ਬੈੇਠੇ ਸਨ, ਅਦਾਲਤ ਦਾ ਫੈਸਲਾ ਆਉਣ ਬਾਅਦ ਉਨ੍ਹਾਂ ਵਿੱਚ ਬੇਚੈਨੀ ਫੈਲ ਗਈ ਤੇ ਹਿੰਸਾ ਉੱਤੇ ਉਤਾਰੂ ਹੋ ਗਏ। ਸੈਨਾ ਨੇ ਸ਼ਹਿਰ ਵਿੱਚ  ਫਲੈਗ ਮਾਰਚ ਤੇਜ਼ ਕਰ ਦਿੱਤਾ ਅਤੇ ਅਰਧ ਸੈਨਿਕ ਬਲਾਂ ਨੇ ਡੇਰਾ ਪੇ੍ਮੀਆਂ ਨੂੰ ਖਦੇੜਨ ਲਈ ਤੁਰੰਤ ਅੱਥਰੂ ਗੈਸ ਦੇ ਗੋਲੇ ਛੱਡੇ ਜਿਸ ਕਾਰਨ ਡੇਰਾ ਪੇ੍ਮੀਆਂ ਵਿੱਚ ਭਗਦੜ ਮਚ ਗਈ।
ਭੜਕੇ ਡੇਰਾ ਪੇ੍ਮੀਆਂ ਨੇ ‘ਆਜ ਤਕ’ ਤੇ ਟਾਈਮਜ਼ ਨਾਓ’ ਚੈਨਲਾਂ ਦੀਆਂ ਗੱਡੀਆਂ ਨੂੰ ਭੰਨ ਦਿੱਤਾ। ਇਸ ਦੌਰਾਨ ਤਾਊ ਦੇਵੀ ਲਾਲ ਸਟੇਡੀਅਮ ਦੇ ਬਾਹਰ ਪੁਲੀਸ ਨੇ ਹਵਾਈ ਫਾਇਰਿੰਗ ਵੀ ਕੀਤੀ ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਹਿੰਸਾਂ ਉਦੋਂ ਭੜਕੀ ਜਦੋਂ ਕੋਰਟ ਕੰਪਲੈਕਸ ਵਿੱਚੋਂ ਡੇਰਾ ਮੁਖੀ ਨੂੰ ਕੱਢ ਕੇ ਕਿਸੇ ਅਣਦੱਸੀ ਥਾਂ ਉੱਤੇ ਲਿਜਾਇਆ ਜਾ ਰਿਹਾ ਸੀ ਤਾਂ ਡੇਰਾ ਪੇ੍ਮੀਆਂ ਨੇ ਪੁਲੀਸ ਮੁਲਾਜ਼ਮਾਂ ਉੱਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਬਾਅਦ  ਸੈਕਟਰ ਚਾਰ ਤਾਊ ਦੇਵੀ ਲਾਲ ਸਟੇਡੀਅਮ ਦੇ ਬਾਹਰ, ਟੈਂਕ ਚੌਕ, ਸੈਕਟਰ ਦੋ ਟੀ ਪੁਆਇੰਟ ਉੱਤੇ ਹਿੰਸਾ ਦਾ ਤਾਂਡਵ ਨਾਚ ਹੋਣ ਲੱਗਾ। ਪੁਲੀਸ ਇਸ ਹਿੰਸਾ ਦੇ ਸਾਹਮਣੇ ਲਾਚਾਰ ਬਣੀ ਰਹੀ। ਪੰਚਕੂਲਾ ਤੋਂ ਸ਼ਿਮਲਾ ਨੂੰ ਜਾਂਦੀ ਸੜਕ ਉੱਤੇ ਡੇਰਾ ਪੇ੍ਮੀਆਂ ਨੇ ਰਾਹ ਜਾਂਦੇ ਅਤੇ ਖੜ੍ਹੇ ਦੋ ਦਰਜਨ ਤੋਂ ਵੱਧ ਵਾਹਨਾਂ ਨੂੰ ਅੱਗ ਲਾ ਦਿੱਤੀ ਤੇ ਭੰਨਤੋੜ ਕੀਤੀ।
ਸੈਕਟਰ ਚਾਰ ਤੇ ਦੋ ਦੇ ਆਸਪਾਸ ਹਰਿਆਣਾ ਸਰਕਾਰ ਦੇ ਜਿੰਨੇ ਵੀ ਦਫ਼ਤਰ ਸਨ, ਨੂੰ ਪੱਥਰਾਂ ਨਾਲ ਤੋੜ ਦਿੱਤਾ ਤੇ ਕਈ ਦਫ਼ਤਰਾਂ ਨੂੰ ਅੱਗ ਲਾ ਦਿੱਤੀ ਤੇ ਬੀਜ ਨਿਗਮ ਦੇ ਦਫ਼ਤਰ ਨਾਲ ਭੰਨਤੋੜ ਕੀਤੀ ਤੇ ਹੋਰ ਬਾਕੀ ਦਫ਼ਤਰਾਂ ਨੂੰ ਅੱਗ ਦੀ ਭੇਟ ਕਰ ਦਿੱਤਾ। ਐਲਆਈਸੀ ਦਫ਼ਤਰ ਦੇ ਬਾਹਰ ਖੜ੍ਹੀਆਂ ਕਈ ਗੱਡੀਆਂ ਫੂਕ ਦਿੱਤੀਆਂ ਅਤੇ ਭਵਨ ਨੂੰ ਅੱਗ ਲਾ ਦਿੱਤੀ। ਵੱਖ-ਵੱਖ ਥਾਵਾਂ ਤੋਂ ਮਿਲੀ ਜਾਣਕਾਰੀ ਅਨੁਸਾਰ 125 ਤੋਂ ਵੱਧ ਗੱਡੀਆਂ ਫੂਕ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨਿਕ ਮਸ਼ੀਨਰੀ ਬਿਲਕੁਲ ਫੇਲ੍ਹ ਸਾਬਤ ਹੋ ਗਈ। ਸੁਲਗਦੇ ਪੰਚਕੂਲਾ ਉੱਤੇ ਪਾਣੀ ਦੀਆਂ ਬੁਛਾੜਾਂ ਮਾਰਨ ਲਈ ਨਾ ਕੋਈ ਡਿਊਟੀ ਮੈਜਿਸਟਰੇਟ ਅੱਗੇ ਆਇਆ ਤੇ ਨਾ ਹੀ ਕੋਈ ਹੋਰ ਅਧਿਕਾਰੀ। ਸਥਾਨਕ ਲੋਕਾਂ ਦਾ ਬਾਹਰੋਂ ਆਈ ਭੀੜ ਨੇ ਨੱਕ ਵਿੱਚ ਦਮ ਕਰ ਦਿੱਤਾ।
ਡੇਰਾ ਪ੍ਰੇਮੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ। ਇਸ ਸਾਰੇ ਹਾਲਾਤ  ਨੂੰ ਲੈ ਕੇ ਪੁਲੀਸ ਵੀ ਇਧਰ ਉਧਰ ਭੱਜ ਰਹੀ ਸੀ। ਡੇਰਾ ਪੇ੍ਮੀ ਸ਼ਹਿਰ ਦੇ ਅੰਦਰ ਗਲੀਆਂ ਵਿੱਚ ਦਾਖ਼ਲ ਹੋ ਗਏ ਖੜ੍ਹੀਆਂ ਗੱਡੀਆਂ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ ਤੇ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੰਚਕੂਲਾ ਦੇ ਜਨਰਲ ਹਸਪਤਾਲ ਵਿੱਚ ਵੀ ਸਥਿਤੀ ਬੇਕਾਬੂ ਸੀ। ਜ਼ਖ਼ਮੀ ਲੋਕਾਂ ਵੱਲੋਂ ਅਤੇ ਮ੍ਰਿਤਕਾਂ ਦੇ ਜਾਣਕਾਰ ਹਾਏ ਤੌਬਾ ਕਰ ਰਹੇ ਹਨ। ਜਿੰਨੇ ਵੀ ਐਂਬੂਲੈਂਸ ਵਾਹਨ ਜ਼ਖ਼ਮੀਆਂ ਨੂੰ ਲੈ ਕੇ ਆਏ ਸਾਰੀਆਂ ਦੇ ਸ਼ੀਸ਼ੇ ਟੁੱਟੇ ਹੋਏ ਸਨ।
ਦੋ ਹਜ਼ਾਰ ਸ਼ਰਧਾਲੂ ਪੰਜਾਬ ਨੂੰ ਤੋਰੇ: 21 ਸੈਕਟਰ ਦੇ ਫਲਾਈ ਓਵਰ ਉੱਤੇ ਇਕੱਠੇ ਹੋਏ ਦੋ ਹਜ਼ਾਰ ਸ਼ਰਧਾਲੂ ਜੋ ਪਰਿਵਾਰਾਂ ਵਾਲੇ ਸਨ, ਨੂੰ ਸਰਕਾਰੀ ਗੱਡੀਆਂ ਵਿੱਚ ਬੈਠਾ ਕੇ ਪੰਜਾਬ ਦੇ ਵੱਲ੍ਹ ਤੋਰ ਦਿੱਤਾ ਗਿਆ ਹੈ।
ਡੇਰਾ ਮੁਖੀ ਰੋਹਤਕ ਦੀ ਜੇਲ੍ਹ ਵਿੱਚ ਬੰਦ: ਦੇਰ ਰਾਤ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਡੇਰਾ ਮੁਖੀ ਨੂੰ ਪਹਿਲਾਂ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਗੈਸਟ ਹਾਊਸ ਵਿੱਚ ਲੈ ਜਾਇਆ ਗਿਆ। ਜ਼ਰੂਰੀ ਕਾਰਵਾਈ ਮੁਕੰਮਲ ਹੋਣ ਬਾਅਦ ਉਸ ਨੂੰ ਹਵਾਲਾਤ ਵਿੱਚ ਭੇਜ ਦਿੱਤਾ ਗਿਆ।
ਹਿੰਸਾ ਵਿੱਚ ਡੇਰੇ ਦਾ ਕੋਈ ਹੱਥ ਨਹੀਂ: ਖੱਟਰ 
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਕੈਬਨਿਟ ਦੀ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਚਕੂਲਾ ਵਿੱਚ ਹੋਈ ਹਿੰਸਾ ਲਈ ਡੇਰਾ ਸੱਚਾ ਸੌਦਾ ਹਮਾਇਤੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਖ਼ਿਲਾਫ ਫ਼ੈਸਲੇ ਮਗਰੋਂ ਕਥਿਤ ਸਮਾਜ ਵਿਰੋਧੀ ਅਨਸਰਾਂ ਨੇ ਡੇਰਾ ਪ੍ਰੇਮੀਆਂ ਵਿੱਚ ਰਲ ਕੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ।
ਡੇਰਾ ਮੁਖੀ ਨਾਲ ‘ਨਾਇਨਸਾਫ਼ੀ’ ਹੋਈ: ਡੇਰਾ ਤਰਜਮਾਨ
ਸਿਰਸਾ  - ਅਦਾਲਤੀ ਫ਼ੈਸਲੇ ’ਤੇ ਡੇਰੇ ਦੇ ਤਰਜਮਾਨ ਡਾ. ਦਿਲਾਵਰ ਇੰਸਾਂ ਨੇ ਕਿਹਾ ਕਿ ਡੇਰਾ ਮੁਖੀ ਨਾਲ ‘ਨਾਇਨਸਾਫ਼ੀ’ ਹੋਈ ਹੈ। ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਜਾਵੇਗੀ। ਡੇਰਾ ਪ੍ਰੇਮੀਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਬਾਰੇ ਉਨ੍ਹਾਂ ਕਿਹਾ, ‘ਨੌਜਵਾਨ ਡੇਰਾ ਪੈਰੋਕਾਰਾਂ ਨੂੰ ਰੋਕਣ ਲਈ ਅਸੀਂ ਪੂਰੀ ਵਾਹ ਲਗਾ ਰਹੇ ਹਾਂ, ਜੋ ਫ਼ੈਸਲੇ ਬਾਅਦ ਭੜਕੇ ਹੋਏ ਹਨ, ਪਰ ਉਹ ਸਾਡੇ ਤੋਂ ਬਾਹਰ ਹੋ ਗਏ ਹਨ।’ ਉਨ੍ਹਾਂ ਨੇ ਡੇਰੇ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦਾ ਜ਼ਿਕਰ ਵੀ ਕੀਤਾ।
ਸਿਰਸਾ ਵਿੱਚ ਪੁਲੀਸ ਦੀ ਗੋਲੀ ਨਾਲ ਤਿੰਨ ਮੌਤਾਂ
*  ਵੀਟਾ ਮਿਲਕ ਪਲਾਂਟ ਦੀ ਭੰਨਤੋੜ, ਬਿਜਲੀ ਘਰ ਨੂੰ ਅੱਗ ਲਾਈ
ਸਿਰਸਾ - ਬਲਾਤਕਾਰ ਦੇ ਮਾਮਲੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਆਏ ਫੈਸਲੇ ਬਾਅਦ ਰੋਹ ਵਿੱਚ ਆਏ ਬੇਕਾਬੂ ਹੋਏ ਡੇਰਾ ਪ੍ਰੇਮੀਆਂ ਨੂੰ ਖਿਡਾਉਣ ਲਈ ਪੁਲੀਸ ਵੱਲੋਂ ਚਲਾਈ ਗੋਲੀ ਵਿੱਚ ਇੱਥੇ ਤਿੰਨ ਵਿਅਕਤੀ ਮਾਰੇ ਗਏ ਅਤੇ ਸੱਤ ਫੱਟੜ ਹੋ ਗਏ। ਇੱਕ ਗੰਭੀਰ ਜ਼ਖ਼ਮੀ ਨੂੰ ਮਹਾਰਾਜਾ ਅਗਰਸੈਨ ਹਸਪਤਾਲ ਅਗਰੋਹਾ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਹੀ ਪ੍ਰੇਮੀਆਂ ਵੱਲੋਂ ਇੱਕ ਚੈਨਲ ਦੀ ਵੈਨ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਖ਼ਬਰ ਹੈ। ਇਸ ਘਟਨਾ ਵਿੱਚ ਚੈਨਲ ਦਾ ਇੱਕ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਹ ਦਾਅਵਾ ਕੀਤਾ ਹੈ ਕਿ ਪਹਿਲਾਂ ਗੋਲੀ ਡੇਰਾ ਪ੍ਰੇਮੀਆਂ ਵੱਲੋਂ ਚਲਾਈ ਗਈ। ਪੰਚਕੂਲਾ ਦੀ ਸੀਬੀਆਈ ਅਦਾਲਤ ਦੇ ਫੈਸਲੇ ਦੇ ਮੱਦੇਨਜ਼ਰ ਪਿਛਲੀ ਰਾਤ ਤੋਂ ਹੀ ਡੇਰੇ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ ਹੋਏ ਹਨ। ਡੇਰੇ ਦੇ ਬੁਲਾਰੇ ਨੇ ਸ਼ਰਧਾਲੂਆਂ ਦੀ ਗਿਣਤੀ ਪੰਜ ਲੱਖ ਦੱਸੀ ਹੈ।
ਅੱਜ ਪੰਜ ਹਜ਼ਾਰ ਦੇ ਕਰੀਬ ਡੇਰਾ ਪ੍ਰੇਮੀ ਇੱਕੱਠੇ ਹੋ ਕੇ ਵਾਹਨਾਂ ਵਿੱਚ ਅਤੇ ਪੈਦਲ ਘੁੰਮਣ ਲੱਗੇ। ਉਨ੍ਹਾਂ ਨੇ ਵੀਟਾ ਮਿਲਕ ਪਲਾਂਟ ਨੂੰ ਨੁਕਸਾਨ ਪਹੁੰਚਾਇਆ ਅਤੇ ਸਿਰਸਾ ਤੋਂ 9 ਕਿਲੋਮੀਟਰ ਦੂਰ ਇੱਕ ਬਿਜਲੀ ਘਰ ਨੂੰ ਅੱਗ ਲਾ ਦਿੱਤੀ ਅਤੇ ਰਸਤੇ ਵਿੱਚ ਸਰਸੇ ਤੋਂ ਦੋ ਕਿਲੋਮੀਟਰ ਦੂਰ ਲੱਗੇ ਇੱਕ ਬੇਰੀਕੇਡ ਉੱਤੇ ਉਨ੍ਹਾਂ ਦੀ ਪੁਲੀਸ ਅਤੇ ਅਰਧ ਸੁਰੱਖਿਆ ਬਲਾਂ ਦੇ ਨਾਲ ਉਦੋਂ ਝੜਪ ਹੋ ਗਈ ਜਦੋੋਂ ਉਹ ਸ਼ਹਿਰ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰੇਮੀਆਂ ਨੇ ਇੱਕ ਫੈਕਟਰੀ ਦੀ ਕੰਧ ਤੋੜ ਕੇ ਸ਼ਹਿਰ ਵੱਲ ਜਾਣ ਰਸਤਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ। ਇੱਥੇ ਪਹਿਲਾਂ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਬਾਅਦ ਵਿੱਚ ਜਦੋਂ ਮੁੜ ਡੇਰਾ ਪ੍ਰੇਮੀ ਇਕੱਠੇ ਹੋ ਕੇ ਬੇਰੀਕੇਡ ਵੱਲ ਵਧੇ ਤਾਂ ਪੁਲੀਸ ਨੇ ਹਵਾਈ ਫਾਇਰ ਕੀਤੇ ਜਦੋਂ ਕਿਸੇ ਨੇ ਪ੍ਰੇਮੀਆਂ ਦੀ ਭੀੜ ਵਿੱਚੋਂ ਸੁਰੱਖਿਆ ਬਲਾਂ ਉੱਤੇ ਗੋਲੀ ਚਲਾਈ ਤਾਂ ਜਵਾਬੀ ਗੋਲੀਬਾਰੀ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਅਤੇ ਤਿੰਨ ਜ਼ਖ਼ਮੀ ਹੋ ਗਏ। ਇਹ ਘਟਨਾਵਾਂ ਡੇਰਾ ਮੁਖੀ ਦੇ ਪੰਚਕੂਲਾ ਨੂੰ ਰਵਾਨਾ ਹੋਣ ਬਾਅਦ ਸ਼ੁਰੂ ਹੋਈਆਂ।
ਰਾਜਸਥਾਨ ’ਚ ਫ਼ਸੇ ਪੰਜਾਬ ਤੇ ਹਿਮਾਚਲ ਦੇ ਵਿਦਿਆਰਥੀ
ਸਿਰਸਾ - ਰਾਜਸਥਾਨ ਵਿੱਚ ਹਾਕੀ ਟੂਰਨਾਮੈਂਟ ਖੇਡਣ ਗਏ ਲਾਰੈਂਸ ਸਕੂਲ ਸਨਾਵਰ, ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ, ਵਾਈਪੀਐਸ ਮੁਹਾਲੀ ਅਤੇ ਪੰਜਾਬ ਪਬਲਿਕ ਸਕੂਲ ਨਾਭਾ ਦੇ 50 ਵਿਦਿਆਰਥੀ ਡੇਰਾ ਸਿਰਸਾ ਮੁਖੀ ਕਾਰਨ ਪੈਦਾ ਹੋਏ ਹਿੰਸਕ ਮਾਹੌਲ ਕਾਰਨ ਉਥੇ ਹੀ ਫਸ ਗਏ ਹਨ। ਇਨ੍ਹਾਂ ਵਿਦਿਆਰਥੀਆਂ ਨੇ ਗੋਟਾਂ (ਰਾਜਸਥਾਨ) ਤੋਂ ਵਾਪਸੀ ਦਾ ਸਫ਼ਰ ਸ਼ੁਰੂ ਕੀਤਾ ਸੀ ਪਰ ਕੁਝ ਕਿਲੋਮੀਟਰ ਬਾਅਦ ਰੇਲਗੱਡੀ ਰੋਕ ਦਿੱਤੀ ਗਈ ਤੇ ਵਾਪਸ ਜੋਧਪੁਰ ਚਲੀ ਗਈ। ਉਥੋਂ ਇਹ ਵਿਦਿਆਰਥੀ ਬੱਸ ਵਿੱਚ ਗੋਟਾਂ ਪੁੱਜੇ ਤੇ ਇਸ ਵੇਲੇ ਉਥੇ ਹੀ ਹਨ। ਉਨ੍ਹਾਂ ਦੀ ਵਾਪਸੀ ਬਾਰੇ ਹਾਲੇ ਕੁਝ ਵੀ ਸਪਸ਼ਟ ਨਹੀਂ ਹੈ।
ਭੀੜ ਵੱਲੋਂ ਪੱਤਰਕਾਰਾਂ ਉੱਤੇ ਹਮਲਾ
ਸਿਰਸਾ  - ਸਿਰਸਾ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿੱਚ ਅੱਜ ਕਰਫਿਊ ਵੀ ਜਾਰੀ ਰਿਹਾ। ਭੀੜ ਨੇ ‘ਆਜ ਤਕ’ ਚੈਨਲ ਦੀ ਵੈਨ ਨੂੰ ਨੁਕਸਾਨ ਪਹੁੰਚਾਇਆ ਅਤੇ ਪੱਤਰਕਾਰਾਂ ਉੱਤੇ ਹਮਲਾ ਕਰ ਦਿੱਤਾ ਅਤੇ ਦੋ ਪੱਤਰਕਾਰ ਮਮੂਲੀ ਜ਼ਖ਼ਮੀ ਹੋ ਗਏ। ਸਿਰਸਾ ਸ਼ਹਿਰ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਸਥਿਤੀ ਕੰਟਰੋਲ ਵਿੱਚ ਸੀ। ਅੱਜ ਸਿਰਸਾ ਵਿੱਚ ਕਰਫਿਊ ਲੱਗਾ ਹੋਣ ਕਰਕੇ ਰੇਲ ਗੱਡੀਆਂ ਅਤੇ ਬੱਸਾਂ ਵੀ ਬੰਦ ਰਹੀਆਂ ਜਿਸ ਕਰਕੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ।
ਸਿਰਸਾ ਵਿੱਚ ਫੌਜ ਤਾਇਨਾਤ
ਇਸ ਦੌਰਾਨ ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਪੁਸ਼ਟੀ ਕੀਤੀ ਕਿ ਫੌਜ ਦੀਆਂ ਪੰਜ ਕੰਪਨੀਆਂ ਭੇਜਣ ਲਈ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਸੀ।ਪ੍ਰਸ਼ਾਸਨ ਦੀ ਮੰਗ ਉੱਤੇ ਫੌਜ ਪੁੱਜ ਗਈ ਅਤੇ ਊਸਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਗਈ। ਪੁਲੀਸ ਅਤੇ ਅਰਧ ਸਰੱਖਿਆ ਬਲਾਂ ਦੇ ਜਵਾਨਾਂ ਵੱਲੋਂ ਡੇਰੇ ਦੇ ਬਾਹਰ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਇਸ ਦੀ ਅਗਵਾਈ ਏਡੀਜੀਪੀ (ਹੈੱਡਕੁਆਰਟਰ) ਪੀ ਕੇ ਅਗਰਵਾਲ ਅਤੇ ਸੀਨੀਅਰ ਆਈਏਐੱਸ ਅਧਿਕਾਰੀ ਵੀ ਉਮਾਸ਼ੰਕਰ ਵੱਲੋਂ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਪੁਲੀਸ ਅਤੇ ਅਰਧ ਸਰੱਖਿਆ ਬਲਾਂ ਦੇ ਜਵਾਨਾਂ ਵੱਲੋਂ ਡੇਰੇ ਦੇ ਬਾਹਰ ਫਲੈਗ ਮਾਰਚ ਕੀਤਾ ਜਾ ਰਿਹਾ ਹੈ।
ਪੰਜਾਬ ਦੇ 10 ਜ਼ਿਲ੍ਹਿਆਂ ’ਚ ਕਰਫਿਊ; ਫ਼ੌਜ ਸੱਦੀ
*    ਡੇਰਾ ਪੈਰੋਕਾਰਾਂ ਵੱਲੋਂ ਮਾਲਵੇ ’ਚ ਸਾੜ-ਫੂਕ
*    ਬਹੁਤੀ ਥਾਂ ਪੈਟਰੋਲ ਬੰਬਾਂ ਦੀ ਕੀਤੀ ਵਰਤੋਂ; ਕਈ ਥਾਂ ਚਲਾਈਆਂ ਗੋਲੀਆਂ
ਬਠਿੰਡਾ - ਡੇਰਾ ਪੈਰੋਕਾਰਾਂ ਨੇ ਮਾਲਵੇ ਵਿੱਚ ਰੇਲਵੇ ਸਟੇਸ਼ਨਾਂ ਅਤੇ ਟੈਲੀਫੋਨ ਐਕਸਚੇਂਜਾਂ ਸਮੇਤ ਦਰਜਨਾਂ ਸਰਕਾਰੀ ਇਮਾਰਤਾਂ ਅਤੇ ਤੇਲ ਪੰਪਾਂ ਨੂੰ ਅੱਗ ਲਾ ਦਿੱਤੀ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸੇ ਤਰ੍ਹਾਂ ਅੱਧੀ ਦਰਜਨ ਬਿਜਲੀ ਗਰਿੱਡਾਂ ਦਾ ਵੀ ਨੁਕਸਾਨ ਕੀਤਾ ਗਿਆ। ਡੇਰਾ ਮੁਖੀ ਨੂੰ ਫ਼ੈਸਲਾ ਸੁਣਾਏ ਜਾਣ ਮਗਰੋਂ ਡੇਰਾ ਪੈਰੋਕਾਰ ਭੜਕ ਉੱਠੇ ਅਤੇ ਦੋ ਘੰਟਿਆਂ ਵਿੱਚ ਹੀ ਕਈ ਥਾਈਂ ਹਿੰਸਕ ਕਾਰਵਾਈਆਂ ਕੀਤੀਆਂ। ਹਿੰਸਕ ਹਾਲਾਤ ਦੇ ਮੱਦੇਨਜ਼ਰ ਪੰਜਾਬ ਵਿੱਚ ਫ਼ੌਜ ਸੱਦੀ ਗਈ ਹੈ ਤੇ ਦਸ ਜ਼ਿਲ੍ਹਿਆਂ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ। ਕਰਫਿਊ ਲੱਗਣ ਵਾਲੇ ਜ਼ਿਲ੍ਹਿਆਂ ਵਿੱਚ ਸੰਗਰੂਰ, ਬਰਨਾਲਾ, ਮੁਹਾਲੀ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫ਼ਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਸ਼ਾਮਲ ਹਨ। ਕਰਫਿਊ ਵਾਲੀਆਂ ਥਾਵਾਂ ’ਤੇ ਫ਼ੌਜ ਵੱਲੋਂ ਫਲੈਗ ਮਾਰਚ ਵੀ ਕੀਤਾ ਗਿਆ। ਪੁਲੀਸ ਨੇ ਡੇਰਾ ਸਿਰਸਾ ਦੀਆਂ ਸੂਬਾਈ ਪੱਧਰ ਦੀਆਂ ਕਮੇਟੀਆਂ ਦੇ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਇੰਜ ਜਾਪਦਾ ਹੈ ਕਿ ਡੇਰਾ ਪੈਰੋਕਾਰਾਂ ਨੇ ਪਹਿਲਾਂ ਹੀ ਰਣਨੀਤੀ ਘੜੀ ਹੋਈ ਸੀ ਕਿਉਂਕਿ ਪੈਰੋਕਾਰਾਂ ਨੇ ਮੂੰਹ ਸਿਰ ਬੰਨ੍ਹ ਕੇ ਇੱਕੋ ਵੇਲੇ ਪੈਟਰੋਲ ਨਾਲ ਭਰੀਆਂ ਬੋਤਲਾਂ ਸੁੱਟ ਕੇ ਵੱਖ-ਵੱਖ ਥਾਈਂ ਨੁਕਸਾਨ ਕੀਤਾ। ਡੇਰਾ ਪੈਰੋਕਾਰਾਂ ਨੇ ਮਲੋਟ ਰੇਲਵੇ ਸਟੇਸ਼ਨ ’ਤੇ ਪੈਟਰੋਲ ਦੀਆਂ ਬੋਤਲਾਂ ਸੁੱਟ ਕੇ ਅੱਗ ਲਾ ਦਿੱਤੀ ਅਤੇ ਇੱਥੇ ਪਏ ਕੰਪਿਊਟਰ ਵੀ ਭੰਨ ਦਿੱਤੇ। ਬਠਿੰਡਾ ਨੇੜਲੇ ਬੱਲੂਆਣਾ ਰੇਲਵੇ ਸਟੇਸ਼ਨ ਦੇ ਬੁਕਿੰਗ ਦਫ਼ਤਰ ਨੂੰ ਅੱਗ ਲਾਈ ਗਈ। ਚਸ਼ਮਦੀਦਾਂ ਮੁਤਾਬਕ ਕਰੀਬ ਸਵਾ ਤਿੰਨ ਵਜੇ ਮੋਟਰਸਾਇਕਲ ਸਵਾਰ ਡੇਰਾ ਪੈਰੋਕਾਰ ਆਏ, ਜਿਨ੍ਹਾਂ ਨੇ ਪਹਿਲਾਂ ਗੋਲੀਆਂ ਚਲਾਈਆਂ ਅਤੇ ਫੇਰ ਅੱਗ ਲਾ ਦਿੱਤੀ। ਸਟੇਸ਼ਨ ਮਾਸਟਰ ਜਾਨ ਬਚਾਅ ਕੇ ਭੱਜਿਆ ਤੇ ਇੱਕ ਰੇਲਗੱਡੀ ਨੂੰ ਵੀ ਰੋਕਣਾ ਪਿਆ। ਬੱਲੂਆਣਾ ’ਚ 132 ਕੇਵੀ ਗਰਿੱਡ ਨੂੰ ਵੀ ਅੱਗ ਲਾਈ ਗਈ। ਬਠਿੰਡਾ ਪੁਲੀਸ ਨੇ ਜ਼ਿਲ੍ਹੇ ਵਿੱਚ ਅੱਗ ਲਾਉਣ ਤੇ ਭੰਨ-ਤੋੜ ਦੀਆਂ ਘਟਨਾਵਾਂ ਸਬੰਧੀ ਚਾਰ ਦਰਜਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਸ਼ੇਰਗੜ੍ਹ ਰੇਲਵੇ ਸਟੇਸ਼ਨ (ਨੇੜੇ ਸੰਗਤ ਮੰਡੀ) ਨੂੰ ਵੀ ਅੱਗ ਲਾਈ ਗਈ।
ਪੁਲੀਸ ਨੇ ਫਿਰੋਜ਼ਪੁਰ ਨੇੜਲੇ ਫਿਰੋਜ਼ਸ਼ਾਹ ਰੇਲਵੇ ਸਟੇਸ਼ਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਬਠਿੰਡਾ ਦੀ ਰਾਮਾ ਮੰਡੀ ਵਿੱਚ  ਟੈਲੀਫੋਨ ਐਕਸਚੇਂਜ ’ਤੇ ਪੈਟਰੋਲ ਬੰਬ ਸੁੱਟੇ ਗਏ, ਜਿਸ ਨਾਲ ਅੱਗ ਲੱਗ ਗਈ। ਬਠਿੰਡਾ ਦੇ ਪਿੰਡ ਭਾਈਰੂਪਾ, ਜੀਵਨ ਸਿੰਘ ਵਾਲਾ ਅਤੇ ਬਾਂਡੀ ਵਿੱਚ ਸਾਂਝ ਕੇਂਦਰ ਫੂਕੇ ਗਏ। ਪਿੰਡ ਬਾਂਡੀ ਦੀ ਟੈਲੀਫੋਨ ਐਕਸਚੇਂਜ ਫੂੁਕਣ ਦੀ ਕੋਸ਼ਿਸ਼ ਪੁਲੀਸ ਨੇ ਨਾਕਾਮ ਕਰ ਦਿੱਤੀ। ਪਿੰਡ ਮਾਹੀਨੰਗਲ ਵਿੱਚ ਸਹਿਕਾਰੀ ਸਭਾ ਦੀ ਇਮਾਰਤ ਤੇ ਪਿੰਡ ਲਾਲੇਆਣਾ ’ਚ ਪ੍ਰਾਈਵੇਟ ਕੰਪਨੀ ਦੇ ਟਾਵਰ ਨੂੰ ਅੱਗ ਲਾਈ ਗਈ। ਮੁਕਤਸਰ ਦੇ ਪਿੰਡ ਤਪਾ ਖੇੜਾ ਵਿੱਚ ਐਕਸਚੇਂਜ ਫੂਕਣ ਦੀ ਕੋਸ਼ਿਸ਼ ਪੁਲੀਸ ਨੇ ਅਸਫ਼ਲ ਬਣਾਈ। ਇਸੇ ਜ਼ਿਲ੍ਹੇ ਦੇ ਪਿੰਡ ਬੁਰਜ ਸਿੰਧਵਾਂ, ਛਾਪਿਆਂਵਾਲੀ ਅਤੇ ਸ਼ਾਮ ਖੇੜਾ ਦੇ ਤੇਲ ਪੰਪਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਮਾਨਸਾ ਵਿੱਚ ਆਮਦਨ ਕਰ ਵਿਭਾਗ ਦੇ ਦਫ਼ਤਰ ਵਿੱਚ ਦੋ ਕਾਰਾਂ ਨੂੰ ਅੱਗ ਲਾਏ ਜਾਣ ਤੋਂ ਇਲਾਵਾ ਪਿੰਡ ਦਾਤੇਵਾਸ ਤੇ ਮੱਤਾ ਦੇ ਗਰਿੱਡਾਂ ਵਿੱਚ ਪੈਟਰੋਲ ਬੰਬ ਸੁੱਟੇ ਗਏ। ਭੀਖੀ ਤੇ ਹੋਡਲਾ ਕਲਾਂ ਵਿੱਚ ਸਾੜ-ਫੂਕ ਦੀਆਂ ਘਟਨਾਵਾਂ ਵਾਪਰੀਆਂ। ਮਹਿਲ ਕਲਾਂ ਨੇੜਲੇ ਪਿੰਡ ਚੰਨਣਵਾਲ ਅਤੇ ਵਜ਼ੀਦਕੇ ਵਿੱਚ ਵੀ ਅੱਗ ਲਾਉਣ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਤੋਂ ਇਲਾਵਾ ਹੰਢਿਆਇਆ, ਕੋਟਕਪੂਰਾ ਅਤੇ ਮੋਗਾ ਵਿੱਚ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਈਆਂ। ਪੁਲੀਸ ਦੀ ਮੁਸਤੈਦੀ ਸਦਕਾ ਬਹੁਤੀਆਂ ਥਾਵਾਂ ’ਤੇ ਪੈਰੋਕਾਰਾਂ ਨੂੰ ਹਿੰਸਕ ਕਾਰਵਾਈਆਂ ਦਾ ਮੌਕੇ ਨਹੀਂ ਮਿਲਿਆ।
ਲੰਬੀ - ਡੇਰਾ ਮੁਖੀ ਖ਼ਿਲਾਫ਼ ਅਦਾਲਤੀ ਫ਼ੈਸਲੇ ਦੇ ਰੋਸ ਵਜੋਂ ਪਿੰਡ ਹਾਕੂਵਾਲਾ ’ਚ ਚਾਰ ਨਕਾਬਪੋਸ਼ਾਂ ਨੇ ਪੈਟਰੋਲ ਪੰਪ ਨੂੰ ਅੱਗ ਲਗਾ ਕੇ ਗੋਲੀਆਂ ਚਲਾਈਆਂ। ਇਹ ਨਕਾਬਪੋਸ਼ ਮੋਟਰਸਾਈਕਲ ਤੇ ਕਾਰ ’ਤੇ ਅਬੋਹਰ-ਡੱਬਵਾਲੀ ਸੜਕ ਉਤੇ ਪਿੰਡ ਹਾਕੂਵਾਲਾ ਦੇ ਤੇਲ ਪੰਪ ’ਤੇ ਪੁੱਜੇ। ਉਨ੍ਹਾਂ ਨੇ ਪੰਪ ਦੀ ਮਸ਼ੀਨ ’ਤੇ ਪੈਟਰੋਲ ਬੰਬ ਸੁੱਟਿਆ ਅਤੇ ਪੰਪ ਦੇ ਦਫ਼ਤਰ ਵੱਲ ਗੋਲੀਆਂ ਚਲਾਈਆਂ। ਮੰਨਿਆ ਜਾ ਰਿਹਾ ਹੈ ਕਿ ਇਸ ਖੇਤਰ ਵਿੱਚ ਉਕਤ ਘਟਨਾਵਾਂ ਨੂੰ ਇੱਕੋ ਗੁਟ ਨੇ ਹੀ ਅੰਜਾਮ ਦਿੱਤਾ ਹੈ।
ਕੈਥਲ ਤੇ ਕਾਲਾਇਤ ਵਿੱਚ ਕਰਫਿਊ
ਚੰਡੀਗੜ੍ਹ - ਕੈਥਲ ਅਤੇ ਕਾਲਾਇਤ ਵਿਚ ਆਮ ਜਨਤਾ ਦੀ ਜਾਨ ਮਾਲ ਦੀ ਸੁਰੱਖਿਆ ਦੇ ਮੱਦੇਨਜ਼ਰ ਕਰਫਿਊ ਲੱਗਾ ਦਿੱਤਾ ਹੈ। ਕਰਫਿਊ ਲਾਉਣ ਦਾ ਹੁਕਮ ਕੈਥਲ ਦੀ ਜ਼ਿਲਾ ਮੈਜਿਸਟ੍ਰੇਟ ਸੁਨੀਤਾ ਵਰਮਾ ਨੇ ਲੋਕਾਂ ਦੀ ਜਾਨ ਮਾਲ ਨੂੰ ਖਤਰੇ ਦੇ ਮੱਦੇਨਜ਼ਰ ਲਾਉਣ ਦਾ ਫੈਸਲਾ ਕੀਤਾ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਅਪੀਲ ਕੀਤੀ ਹੈ। ਹਰਿਆਣਾ ਦੇ ਡੀ.ਜੀ.ਪੀ.ਬਲਜੀਤ ਸਿੰਘ ਸੰਧੂ ਨੇ ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

 

 

fbbg-image

Latest News
Magazine Archive