ਦਿੱਲੀ ਵਿੱਚ ਬੱਸਾਂ ਦੀ ਭੰਨਤੋੜ, ਰੇਲ ਡੱਬੇ ਫੂਕੇ


*    ਬੈਜਲ ਤੇ ਕੇਜਰੀਵਾਲ ਵੱਲੋਂ ਸ਼ਾਂਤੀ ਬਣਾਉਣ ਦੀ ਅਪੀਲ, ਭਾਜਪਾ ਦਫ਼ਤਰਾਂ ਤੇ ਅਹਿਮ ਥਾਵਾਂ ਦੀ ਸੁਰੱਖਿਆ ਵਧਾਈ
ਨਵੀਂ ਦਿੱਲੀ - ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਹਿੰਸਾ ਦਾ ਸੇਕ ਕੌਮੀ ਰਾਜਧਾਨੀ ਦਿੱਲੀ ਨੂੰ ਵੀ ਲੱਗਾ ਹੈ। ਕਥਿਤ ਡੇਰਾ ਪ੍ਰੇਮੀਆਂ ਵੱਲੋਂ ਡੀਟੀਸੀ ਦੀਆਂ ਦੋ ਬੱਸਾਂ ਦੀ ਭੰਨਤੋੜ ਕੀਤੀ ਗਈ। ਭੀੜ ਵੱਲੋਂ ਆਨੰਦ ਵਿਹਾਰ ਰੇਲਵੇ ਸਟੇਸ਼ਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਰੀਵਾ ਐਕਸਪ੍ਰੈਸ ਗੱਡੀ ਦੇ ਦੋ ਡੱਬਿਆਂ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਗਈ। ਪੁਲੀਸ ਵੱਲੋਂ ਸਟੇਸ਼ਨ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਗੱਡੀ ਖਾਲੀ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦਿੱਲੀ ਪੁਲੀਸ ਨੇ ਸ਼ਹਿਰ ਵਿੱਚੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਅਨਿਲ ਬੈਜਲ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਬਾਹਰੀ ਦਿੱਲੀ ਵਿੱਚ ਵਾਧੂ ਪੁਲੀਸ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਦਿੱਲੀ ਵਿੱਚ ਭਾਜਪਾ ਦਫ਼ਤਰਾਂ ਸਮੇਤ ਹੋਰ ਅਹਿਮ ਟਿਕਾਣਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੀਆਈਐਸਐਫ਼ ਨੇ ਮੈਟਰੇ ਸਟੇਸ਼ਨਾਂ ’ਤੇ ਚੌਕਸੀ ਵਧਾ ਦਿੱਤੀ ਹੈ। ਕਥਿਤ ਡੇਰਾ ਪ੍ਰੇਮੀਆਂ ਵੱਲੋਂ ਹਿੰਸਾ ਦੀ ਸ਼ੁਰੂਆਤ ਲੋਨੀ ਹੱਦ ਨੇੜੇ ਬੱਸ ਨੂੰ ਅੱਗ ਲਾ ਕੇ ਕੀਤੀ ਗਈ। ਗਾਜ਼ੀਆਬਾਦ ਦੇ ਲੋਨੀ ਦੇ ਗੋਲ ਚੱਕਰ ਨੇੜੇ ਡੇਰਾ ਸਮਰਥਕਾਂ ਨੇ ਡੀਟੀਸੀ ਦੀ ਬਿਨਾਂ ਸਵਾਰੀਆਂ ਵਾਲੀ ਬੱਸ ਨੂੰ ਨਿਸ਼ਾਨਾ ਬਣਾਇਆ। ਅੱਗ ਬੁਝਾਊ ਦਸਤੇ ਨੇ ਅੱਗ ਉਪਰ ਕਾਬੂ ਪਾਇਆ। ਖ਼ਿਆਲਾ ਤੇ ਜੀਟੀਬੀ ਨਗਰ ਵਿੱਚ ਵੀ ਡੇਰਾ ਸਮਰਥਕ ਭੜਕ ਗਏ। ਮੰਗੋਲਪੁਰੀ ਇਲਾਕੇ ਵਿੱਚ ਵੀ ਸੱਤ ਥਾਵਾਂ ’ਤੇ ਭੀੜ ਵੱਲੋਂ ਤੋੜ-ਫੋੜ ਕਰਨ ਦੀਆਂ ਖ਼ਬਰਾਂ ਹਨ। ਅਹਿਤਿਆਤ ਵਜੋਂ ਦਿੱਲੀ ਦੇ ਹਰਿਆਣਾ ਨਾਲ ਲੱਗਦੇ ਇਲਾਕਿਆਂ ਵਿੱਚ ਚੌਕਸੀ ਵਧਾਈ ਗਈ ਹੈ ਅਤੇ ਦਿੱਲੀ ਨੂੰ ਆਉਣ ਵਾਲੇ ਵਾਹਨਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।

 

 

fbbg-image

Latest News
Magazine Archive