ਹਾਕੀ: ਯੂਰੋਪ ਦੌਰੇ ਲਈ ਮਹਿਲਾ ਟੀਮ ਦੀ ਕਮਾਨ ਰਾਣੀ ਹੱਥ


ਨਵੀਂ ਦਿੱਲੀ - ਪੰਜ ਸਤੰਬਰ ਤੋਂ ਸ਼ੁਰੂ ਹੋ ਰਹੇ ਭਾਰਤੀ ਮਹਿਲਾ ਹਾਕੀ ਟੀਮ ਦੇ ਯੂਰੋਪ ਦੌਰੇ ਲਈ 18 ਮੈਂਬਰੀ ਟੀਮ ਦੀ ਅਗਵਾਈ ਫਾਰਵਰਡ ਖਿਡਾਰਨ ਰਾਣੀ ਕਰੇਗੀ ਤੇ ਗੋਲਕੀਪਰ ਸਵਿਤਾ ਉਪ ਕਪਤਾਨ ਹੋਵੇਗੀ।
ਟੀਮ ਤਜਰਬੇਕਾਰ ਅਤੇ ਨੌਜਵਾਨ ਖਿਡਾਰੀਆਂ ਦਾ ਮਿਸ਼ਰਨ ਹੈ, ਜਿਸ ਵਿੱਚ ਡਿਫੈਂਸ ਲਈ ਦੀਪ ਗ੍ਰੇਸ ਇੱਕਾ, ਸੁਨੀਤਾ ਲਾਕੜਾ, ਗੁਰਜੀਤ ਕੌਰ, ਨਵਦੀਪ ਕੌਰ ਅਤੇ ਰਸ਼ਿਮਤਾ ਮਿੰਜ ਸ਼ਾਮਲ ਹਨ। ਸਵਿਤਾ ਅਤੇ ਰਜਨੀ ਈ ਗੋਲਕੀਪਰ ਹੋਣਗੀਆਂ ਜਦਕਿ ਮਿਡ-ਫੀਲਡ ਦੀ ਜ਼ਿੰਮੇਵਾਰੀ ਨਮਿਤਾ ਟੋਪੋ, ਨਿੱਕੀ ਪ੍ਰਧਾਨ, ਮੋਨਿਕਾ, ਕ੍ਰਿਸ਼ਮਾ ਯਾਦਵ, ਲਿਲਿਮਾ ਮਿੰਜ ਅਤੇ ਨੇਹਾ ਗੋਇਲ ਦੀ ਹੋਵੇਗੀ। ਫਾਰਵਰਡ ਖਿਡਾਰੀਆਂ ਵਿੱਚ ਰਾਣੀ, ਪੂਨਮ ਰਾਣੀ, ਵੰਦਨਾ ਕਟਾਰੀਆ, ਰੀਨਾ ਕੇ ਅਤੇ ਲਾਲਰੇਮਿਸਯਾਮੀ ਸ਼ਾਮਲ ਹਨ।
ਵਿਸ਼ਵ ਹਾਕੀ ਲੀਗ ਸੈਮੀ ਫਾਈਨਲ ਵਿੱਚ ਭਾਰਤੀ ਮਹਿਲਾ ਟੀਮ ਕੁਆਰਟਰ ਫਾਈਨਲ ਵਿੱਚ ਇੰਗਲੈਂਡ ਤੋਂ ਹਾਰਨ ਤੋਂ ਬਾਅਦ ਅੱਠਵੇਂ ਸਥਾਨ ’ਤੇ ਰਹੀ। ਸਾਲ ਦੀ ਸ਼ੁਰੂਆਤ ਵਿੱਚ ਟੀਮ ਨੇ ਬੇਲਾਰੂਸ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਜਿੱਤੀ ਅਤੇ ਕੈਨੇਡਾ ਵਿੱਚ ਵਿਸ਼ਵ ਹਾਕੀ ਲੀਗ ਦੇ ਦੂਜੇ ਗੇੜ ਵਿੱਚ ਪੋਡੀਅਮ ’ਤੇ ਰਹੀ। ਇਸ ਤੋਂ ਬਾਅਦ ਭਾਰਤੀ ਟੀਮ ਨਿਊਜ਼ੀਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਹਾਰ ਗਈ ਸੀ। ਰਾਣੀ ਨੇ ਕਿਹਾ, ‘ਮੈਂ ਇਹ ਨਹੀਂ ਕਹਿੰਦੀ ਕਿ ਸਾਡੇ ਪ੍ਰਦਰਸ਼ਨ ਵਿੱਚ ਗਿਰਾਵਟ ਆਈ ਹੈ। ਨਿਊਜ਼ੀਲੈਂਡ ਖ਼ਿਲਾਫ਼ ਸਾਡਾ ਪ੍ਰਦਰਸ਼ਨ ਮਾੜਾ ਨਹੀਂ ਸੀ। ਅਸੀਂ ਆਪਣੀਆਂ ਗ਼ਲਤੀਆਂ ’ਤੇ ਮਿਹਨਤ ਕੀਤੀ ਹੈ ਅਤੇ ਸੁਧਾਰ ਦੀ ਕੋਸ਼ਿਸ਼ ਕਰਾਂਗੇ। ਸਾਡੇ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਲਾਜ਼ਮੀ ਹੈ ਤੇ ਉਸ ਲਈ ਅਸੀਂ ਮਿਹਨਤ ਕਰ ਰਹੇ ਹਾਂ।’

 

 

fbbg-image

Latest News
Magazine Archive