ਭਾਰਤ ਤੋਂ ਮਿਲਿਆ ਤਜਰਬਾ ਕੰਮ ਆਵੇਗਾ: ਸਮਿੱਥ


ਢਾਕਾ - ਆਸਟਰੇਲੀਆ ਦੇ ਕਪਤਾਨ ਸਟੀਵਨ ਸਮਿੱਥ ਦਾ ਕਹਿਣਾ ਹੈ ਕਿ ਇਸ ਸਾਲ ਦੇ ਸ਼ੁਰੂ ’ਚ ਭਾਰਤ ’ਚ ਖੇਡਣ ਨਾਲ ਉਸ ਦੀ ਟੀਮ ਨੂੰ ਕਾਫੀ ਤਜਰਬਾ ਮਿਲਿਆ ਹੈ ਅਤੇ ਇਹ ਤਜਰਬਾ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਟੈਸਟ ਲੜੀ ’ਚ ਮਿਲਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਕੰਮ ਆਵੇਗਾ।
ਆਸਟਰੇਲੀਆ ਦੀ ਟੀਮ ਮੇਜ਼ਬਾਨ ਬੰਗਲਾਦੇਸ਼ ਖ਼ਿਲਾਫ਼ 27 ਅਗਸਤ ਤੋਂ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਲੜੀ ਖੇਡਣ ਲਈ ਬੀਤੇ ਦਿਨ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਢਾਕਾ ਪਹੁੰਚੀ। ਸਮਿੱਥ ਨੇ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘ਮੈਨੂੰ ਲਗਦਾ ਹੈ ਕਿ ਬੰਗਲਾਦੇਸ਼ ਨੇ ਹਾਲ ਹੀ ’ਚ ਬਹੁਤ ਚੰਗੀ ਕ੍ਰਿਕਟ ਖੇਡੀ ਹੈ ਤੇ ਉਨ੍ਹਾਂ ਇੱਥੇ ਇੱਕ ਮੈਚ ਵੀ ਜਿੱਤਿਆ ਹੈ। ਇਸ ਲਈ ਸਾਡੇ ਲਈ ਇਹ ਵੱਡੀ ਚੁਣੌਤੀ ਹੈ। ਮੈਨੂੰ ਆਸ ਹੈ ਕਿ ਅਸੀਂ ਇਸ ਸਾਲ ਭਾਰਤ ’ਚ ਜੋ ਕੁਝ ਵੀ ਸਿੱਖਿਆ ਹੈ ਉਹ ਤਜਰਬਾ ਇੱਥੇ ਕੰਮ ਆਵੇਗਾ।’ ਆਸਟਰੇਲੀਆ ਦੀ ਟੀਮ ਇਸ ਸਾਲ ਫਰਵਰੀ ’ਚ ਜਦੋਂ ਭਾਰਤ ਆਈ ਸੀ ਤਾਂ ਉਸ ਨੂੰ ਚਾਰ ਮੈਚਾਂ ਦੀ ਟੈਸਟ ਲੜੀ ’ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸੀਰੀਜ਼ ’ਚ ਸਮਿੱਥ ਨੇ 499 ਦੌੜਾਂ ਬਣਾਈਆਂ ਸਨ। ਆਸਟਰੇਲੀਆ ਦੀ ਟੀਮ 11 ਸਾਲ ਮਗਰੋਂ ਬੰਗਲਾਦੇਸ਼ ਦੇ ਦੌਰੇ ’ਤੇ ਆਈ ਹੈ। ਇਸ ਤੋਂ ਪਹਿਲਾਂ ਉਹ 2006 ’ਚ ਰਿੱਕੀ ਪੌਂਟਿੰਗ ਦੀ ਅਗਵਾਈ ’ਚ ਬੰਗਲਾਦੇਸ਼ ਆਈ ਸੀ। ਸਮਿੱਥ ਨੇ ਕਿਹਾ ਕਿ ਟੈਸਟ ਸੀਰੀਜ਼ ਦੌਰਾਨ ਇੱਥੋਂ ਦੇ ਹਾਲਾਤ ਇੱਕ ਵੱਡੀ ਚੁਣੌਤੀ ਹੋਣਗੇ। ਇੱਥੋਂ ਦੀ ਵਿਕਟ ਵੀ ਘਰੇਲੂ ਵਿਕਟ ਤੋਂ ਵੱਖਰੀ ਹੁੰਦੀ ਹੈ। ਆਸਟਰੇਲੀਆ ਟੀਮ 22 ਤੇ 23 ਅਗਸਤ ਨੂੰ ਇੱਕ ਅਭਿਆਸ ਮੈਚ ਖੇਡੇਗੀ। ਮਹਿਮਾਨ ਟੀਮ ਨੂੰ ਇਸ ਮਗਰੋਂ 27 ਅਗਸਤ ਨੂੰ ਢਾਕੇ ਦੇ ਸ਼ੇਰ-ਏ-ਬੰਗਲਾ ਸਟੇਡੀਅਮ ’ਚ ਪਹਿਲਾ ਤੇ ਫਿਰ ਚਾਰ ਸਤੰਬਰ ਨੂੰ ਚਟਗਾਓਂ ’ਚ ਦੂਜਾ ਮੈਚ ਖੇਡਣਾ ਹੈ।
ਨਾਸਿਰ ਹੁਸੈਨ ਦੀ ਬੰਗਲਾਦੇਸ਼ੀ ਟੀਮ ’ਚ ਵਾਪਸੀ
ਢਾਕਾ - ਬੰਗਲਾਦੇਸ਼ ਦੇ ਆਲਰਾਊਂਡਰ ਨਾਸਿਰ ਹੁਸੈਨ ਨੂੰ ਆਸਟੇਰਲੀਆ ਖ਼ਿਲਾਫ਼ ਇਸ ਮਹੀਨੇ ਦੇ ਅਖੀਰ ’ਚ ਸ਼ੁਰੂ ਹੋ ਰਹੀ ਦੋ ਟੈਸਟ ਮੈਚਾਂ ਦੀ ਲੜੀ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਓਪਨਰ ਮੋਮਿਨੁਲ ਹੱਕ ਨੂੰ 2013 ਮਗਰੋਂ ਪਹਿਲੀ ਵਾਰ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਆਸਟਰੇਲੀਆ ਖ਼ਿਲਾਫ਼ 27 ਅਗਸਤ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਲਈ ਟੀਮ ਦਾ ਐਲਾਨ ਕੀਤਾ ਗਿਆ ਹੈ। ਮੱਧਮ ਗਤੀ ਦੇ ਤੇਜ਼ ਗੇਂਦਬਾਜ਼ ਸ਼ੈਫੁਲ ਇਸਲਾਮ ਦੀ ਵੀ ਟੀਮ ’ਚ ਵਾਪਸੀ ਹੋਈ ਹੈ। ਸੀਨੀਅਰ ਬੱਲੇਬਾਜ਼ ਮਹਿਮੂਦੁੱਲ੍ਹਾ ਨੂੰ ਵੀ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਮੋਮਿਨੁਲ ਦੀ ਥਾ ਇਮਰੂਲ ਕਾਏਸ ਨੂੰ ਟੀਮ ’ ਥਾਂ ਦਿੱਤੀ ਗਈ ਹੈ।

 
Latest News
Magazine Archive