ਹੁਣ ਲੱਦਾਖ਼ ਵਿੱਚ ਭਾਰਤੀ ਤੇ ਚੀਨੀ ਜਵਾਨਾਂ ’ਚ ਧੱਕਾ-ਮੁੱਕੀ


ਪੇਈਚਿੰਗ - ਚੀਨੀ ਫ਼ੌਜੀਆਂ ਵੱਲੋਂ ਬੀਤੇ ਦਿਨ ਲੱਦਾਖ਼ ਵਿੱਚ ਪੈਂਗੌਂਗ ਝੀਲ ਦੇ ਕੰਢੇ ਉਤੇ ਦੋ ਥਾਈਂ ਭਾਰਤੀ ਇਲਾਕੇ ਵਿੱਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਨੂੰ ਭਾਰਤੀ ਸਰਹੱਦੀ ਰਾਖਿਆਂ ਵੱਲੋਂ ਨਾਕਾਮ ਕਰ ਦੇਣ ਤੇ ਇਸ ਮੌਕੇ ਦੋਵਾਂ ਧਿਰਾਂ ਦੀ ਹੋਈ ਝੜਪ ਤੋਂ ਬਾਅਦ ਅੱਜ ਲੇਹ ਦੇ ਚੁਸੂਲ ਸੈਕਟਰ ਵਿੱਚ ਦੋਵਾਂ ਫ਼ੌਜਾਂ ਦੇ ਸਰਹੱਦੀ ਅਧਿਕਾਰੀਆਂ ਦੀ ਮੀਟਿੰਗ (ਬੀਪੀਐਮ) ਹੋਈ। ਸਰਕਾਰੀ ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਸਰਹੱਦ ਉਤੇ ਅਮਨ ਬਣਾਈ ਰੱਖਣ ਲਈ ਵਿਚਾਰਾਂ ਕੀਤੀਆਂ ਗਈਆਂ। ਦੂਜੇ ਪਾਸੇ ਚੀਨੀ ਵਿਦੇਸ਼ ਮੰਤਰਾਲੇ ਨੇ ਅਜਿਹੀ ਘਟਨਾ ਦੀ ਜਾਣਕਾਰੀ ਹੋਣ ਤੋਂ ਨਾਂਹ ਕੀਤੀ ਹੈ। ਰੱਖਿਆ ਮੰਤਰੀ ਅਰੁਣ ਜੇਤਲੀ ਨੇ ਵੀ ਇਸ ਬਾਰੇ ਟਿੱਪਣੀ ਤੋਂ ਨਾਂਹ ਕਰ ਦਿੱਤੀ।
ਜਾਣਕਾਰੀ ਮੁਤਾਬਕ ਬੀਤੇ ਦਿਨ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਜਵਾਨਾਂ ਨੇ ਫਿੰਗਰ ਫੋਰ ਤੇ ਫਿੰਗਰ ਫਾਈਵ ਤੋਂ ਸਵੇਰੇ 6 ਤੋਂ 9 ਵਜੇ ਦੌਰਾਨ ਦੋ ਵਾਰ ਭਾਰਤੀ ਇਲਾਕੇ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਮੁਸਤੈਦ ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਆਈਟੀਬੀਪੀ ਜਵਾਨਾਂ ਨੇ ਮਨੁੱਖੀ ਲੜੀ ਬਣਾ ਕੇ ਰਾਹ ਰੋਕੇ ਜਾਣ ’ਤੇ ਚੀਨੀ ਫ਼ੌਜੀਆਂ ਨੇ ਉਨ੍ਹਾਂ ’ਤੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਸ ਦਾ ਭਾਰਤੀ ਜਵਾਨਾਂ ਨੇ ਵੀ ਢੁਕਵਾਂ ਜਵਾਬ ਦਿੱਤਾ। ਇਸ ਕਾਰਨ ਦੋਵੇਂ ਪਾਸਿਆਂ ਦੇ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਤੋਂ ਬਾਅਦ ਰਵਾਇਤੀ ਬੈਨਰ ਡਰਿੱਲ ਰਾਹੀਂ ਸਥਿਤੀ ਨੂੰ ਕਾਬੂ ਵਿੱਚ ਕੀਤਾ ਗਿਆ। ਬੈਨਰ ਡਰਿੱਲ ਰਾਹੀਂ ਦੋਵਾਂ ਧਿਰਾਂ ਦੇ ਦਸਤੇ ਬੈਨਰ ਦਿਖਾ ਕੇ ਪਿੱਛੇ ਹਟਣ ਤੇ ਆਪਣੀਆਂ ਪਹਿਲੀਆਂ ਪੁਜ਼ੀਸ਼ਨਾਂ ’ਤੇ ਜਾਣ ਦਾ ਐਲਾਨ ਕਰਦੇ ਹਨ।
ਇਸ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਰੱਖਿਆ ਮੰਤਰੀ  ਅਰੁਣ ਜੇਤਲੀ ਨੇ ਕਿਹਾ, ‘‘ਇਹ ਅਜਿਹਾ ਵਿਸ਼ਾ ਨਹੀਂ ਹੈ, ਜਿਸ ’ਤੇ ਸਰਕਾਰ ਕੋਈ ਟਿੱਪਣੀ ਕਰੇ।’’ ਸੂਤਰਾਂ ਮੁਤਾਬਕ ਬੀਪੀਐਮ ਪਹਿਲਾਂ ਹੀ ਮਿਥੀ ਹੋਈ ਸੀ ਤੇ ਇਸ ਵਿੱਚ ਸਰਹੱਦ ’ਤੇ ਅਮਨ ਬਣਾਈ ਰੱਖਣ ਸਮੇਤ ਹੋਰ ਮੁੱਦੇ ਵਿਚਾਰੇ ਗਏ। ਮੀਟਿੰਗ ਵਿੱਚ ਦੋਵੇਂ ਧਿਰਾਂ ਦੇ ਬ੍ਰਿਗੇਡੀਅਰ ਰੈਂਕ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਪੇਈਚਿੰਗ ਵਿੱਚ ਚੀਨੀ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਨਾਂਹ ਕਰ ਦਿੱਤੀ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ, ‘‘ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਮੈਂ ਇੰਨਾ ਹੀ ਆਖ ਸਕਦੀ ਹਾਂ ਕਿ ਚੀਨੀ ਦਸਤੇ ਹਮੇਸ਼ਾ ਭਾਰਤ-ਚੀਨ ਸਰਹੱਦ ਉਤੇ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹਨ।’’ ਉਨ੍ਹਾਂ ਕਿਹਾ, ‘‘ਅਸੀਂ ਹਮੇਸ਼ਾ ਅਸਲ ਕੰਟਰੋਲ ਲਕੀਰ (ਐਲਏਸੀ) ਦੇ ਚੀਨੀ ਪਾਸੇ ਉਤੇ ਹੀ ਗਸ਼ਤ ਕਰਦੇ ਹਾਂ। ਅਸੀਂ ਭਾਰਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਐਲਏਸੀ ਤੇ ਸਬੰਧਤ ਸਮਝੌਤਿਆਂ ਦਾ ਸਤਿਕਾਰ ਕਰੇ।’’ ਚੀਨ ਦਾ ਪਹਿਲਾਂ ਵੀ ਅਜਿਹੀਆਂ ਘਟਨਾਵਾਂ ’ਤੇ ਇਹੋ ਜਵਾਬ ਹੁੰਦਾ ਹੈ। ਗ਼ੌਰਤਲਬ ਹੈ ਕਿ ਸਿੱਕਿਮ ਸਰਹੱਦ ਉਤੇ ਡੋਕਲਾਮ ਵਿਖੇ ਵੀ ਦੋਵਾਂ ਫ਼ੌਜਾਂ ਦਰਮਿਆਨ ਜਾਰੀ ਰੇੜਕਾ ਤੀਜੇ ਮਹੀਨੇ ਵਿੱਚ ਦਾਖ਼ਲ ਹੋ ਚੁੱਕਾ ਹੈ। -ਪੀਟੀਆਈ
ਅਮਰੀਕਾ ਵੱਲੋਂ ਦੋਵੇਂ ਧਿਰਾਂ ਨੂੰ ਜ਼ਬਤ ਦੀ ਸਲਾਹ
ਵਾਸ਼ਿੰਗਟਨ - ਇਸ ਦੌਰਾਨ ਅਮਰੀਕਾ ਨੇ ਭਾਰਤ ਅਤੇ ਚੀਨ ਨੂੰ ਜ਼ਬਤ ਅਤੇ ਸਰਹੱਦ ਉਤੇ ਅਮਨ ਬਣਾਈ ਰੱਖਣ ਦੀ ਸਲਾਹ ਦਿੱਤੀ ਹੈ। ਵਾਈਟ ਹਾਊਸ ਦੇ ਇਕ ਤਰਜਮਾਨ ਨੇ ਦੋਵਾਂ ਮੁਲਕਾਂ ਦਰਮਿਆਨ ਜਾਰੀ ਸਰਹੱਦੀ ਤਣਾਅ ’ਤੇ ਚਿੰਤਾ ਜ਼ਾਹਰ ਕੀਤੀ ਹੈ।
 

 

 

fbbg-image

Latest News
Magazine Archive