ਟੈੱਸਟ ਦਰਜਾਬੰਦੀ: ਧਵਨ ਤੇ ਰਾਹੁਲ ਨੂੰ ਕਰੀਅਰ ਦੇ ਸਿਖ਼ਰਲੇ ਸਥਾਨ


ਦੁਬਈ - ਸ੍ਰੀਲੰਕਾ ਖ਼ਿਲਾਫ਼ ਤੀਜੇ ਟੈੱਸਟ ਵਿੱਚ ਅਹਿਮ ਭਾਈਵਾਲੀ ਕਰ ਕੇ ਭਾਰਤ ਦੀ ਪਾਰੀ ਅਤੇ 171 ਦੌੜਾਂ ਦੀ ਜਿੱਤ ਸਦਕਾ ਮੇਜ਼ਬਾਨ ਟੀਮ ਤੋਂ 3-0 ਨਾਲ ਲੜੀ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਲਾਮੀ ਬੱਲੇਬਾਜ਼ਾਂ ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਨੇ ਆਈਸੀਸੀ ਟੈਸਟ ਦਰਜਾਬੰਦੀ ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਕਰੀਅਰ ਦੀ ਸਰਬੋਤਮ ਰੈਂਕਿੰਗ ਹਾਸਲ ਕਰ ਲਈ ਹੈ।
ਸ੍ਰੀਲੰਕਾ ਖ਼ਿਲਾਫ਼ ਟੈੱਸਟ ਲੜੀ ਦੇ ਆਖਰੀ ਮੈਚ ਵਿੱਚ 119 ਦੌੜਾਂ ਨਾਲ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਧਵਨ 10 ਸਥਾਨਾਂ ਦੇ ਫਾਇਦੇ ਨਾਲ 28ਵੇਂ ਸਥਾਨ ’ਤੇ ਪੁੱਜ ਗਿਆ ਹੈ। ਦਿੱਲੀ ਦੇ ਇਸ ਬੱਲੇਬਾਜ਼ ਨੇ ਤਿੰਨ ਟੈੱਸਟ ਮੈਚਾਂ ਦੀ ਲੜੀ ਵਿੱਚ ਦੋ ਸੈਂਕੜਿਆ ਦੀ ਮਦਦ ਨਾਲ 358 ਦੌੜਾਂ ਬਣਾਈਆਂ ਤੇ ਉਹ ਮੈਨ ਆਫ਼ ਦਿ ਸੀਰੀਜ਼ ਚੁਣਿਆ ਗਿਆ।
ਧਵਨ ਨਾਲ ਪਹਿਲੀ ਵਿਕਟ ਲਈ 188 ਦੌੜਾਂ ਦੀ ਭਾਈਵਾਲੀ ਵਿੱਚ 85 ਦੌੜਾਂ ਦਾ ਯੋਗਦਾਨ ਪਾਉਣ ਵਾਲੇ ਰਾਹੁਲ ਨੇ ਦੋ ਸਥਾਨਾਂ ਦੇ ਫਾਇਦੇ ਨਾਲ ਆਪਣੇ ਕਰੀਅਰ ਦੀ ਸਰਬੋਤਮ ਨੌਵੀਂ ਰੈਂਕਿੰਗ ਦੀ ਬਰਾਬਰੀ ਕੀਤੀ ਹੈ। ਰਾਹੁਲ ਨੇ ਇਸ ਸਾਲ ਜੁਲਾਈ ਵਿੱਚ ਪਹਿਲੀ ਵਾਰ ਕਰੀਅਰ ਦੀ ਸਰਬੋਤਮ ਨੌਵੀਂ ਰੈਂਕਿੰਗ ਹਾਸਲ ਕੀਤੀ ਸੀ। ਉਸ ਦੇ ਮੌਜੂਦਾ 761 ਰੇਟਿੰਗ ਅੰਕ ਹਾਲਾਂਕਿ ਉਸ ਦੇ ਕਰੀਅਰ ਦੇ ਸਰਬੋਤਮ ਅੰਕ ਹਨ।
ਹਰਫਨਮੌਲਾ ਹਾਰਦਿਕ ਪਾਂਡਿਆ 96 ਗੇਂਦਾਂ ਵਿੱਚ 108 ਦੌੜਾਂ ਦੀ ਪਾਰੀ ਦੀ ਬਦੌਲਤ 45 ਸਥਾਨਾਂ ਦੀ ਲੰਮੀ ਛਾਲ ਨਾਲ ਬੱਲੇਬਾਜ਼ਾਂ ਦੀ ਸੂਚੀ ਵਿੱਚ ਕਰੀਅਰ ਦੀ ਸਰਬੋਤਮ 68ਵੀਂ ਰੈਂਕਿੰਗ ’ਤੇ ਪੁੱਜ ਗਿਆ ਹੈ। ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਮੁਹੰਮਦ ਸ਼ਮੀ ਇੱਕ ਸਥਾਨ ਦੇ ਫਾਇਦੇ ਨਾਲ 19ਵੇਂ ਜਦਕਿ ਉਸ ਦਾ ਸਾਥੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਵੀ ਇੱਕ ਸਥਾਨ ਦੇ ਲਾਹੇ ਨਾਲ ਕਰੀਅਰ ਦੀ ਸਰਬੋਤਮ 21ਵੀਂ ਰੈਂਕਿੰਗ ’ਤੇ ਹੈ। ਕੁਲਦੀਪ ਯਾਦਵ 29 ਸਥਾਨਾਂ ਦੇ ਫਾਇਦੇ ਨਾਲ 58ਵੇਂ ਸਥਾਨ ’ਤੇ ਪੁੱਜ ਗਿਆ ਹੈ।

 

 

fbbg-image

Latest News
Magazine Archive