ਮੋਦੀ ਨੇ ਧਾਰਾ 370 ’ਤੇ ਹਮਾਇਤ ਦਿੱਤੀ: ਮਹਿਬੂਬਾ ਮੁਫ਼ਤੀ


ਨਵੀਂ ਦਿੱਲੀ - ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਾਅਵਾ ਕੀਤਾ ਕਿ ਸ੍ਰੀ ਮੋਦੀ ਨੇ ਪੀਡੀਪੀ-ਭਾਜਪਾ ਗਠਜੋੜ ਦੇ ਏਜੰਡੇ ਨੂੰ ਹਮਾਇਤ ਦਾ 100 ਫ਼ੀਸਦੀ ਭਰੋਸਾ ਦਿੱਤਾ ਹੈ ਜਿਸ ’ਚ ਕਿਹਾ ਗਿਆ ਹੈ ਕਿ ਧਾਰਾ 370 ਤਹਿਤ ਸੂਬੇ ਦੇ ਵਿਸ਼ੇਸ਼ ਦਰਜੇ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਜਾ ਸਕਦੀ। ਉਂਜ ਉਨ੍ਹਾਂ ਸਿੱਧਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨੇ ਸੂਬੇ ਦੇ ਸੰਵਿਧਾਨਕ ਦਰਜੇ ਨੂੰ ਬਹਾਲ ਰੱਖਣ ਲਈ ਕੋਈ ਭਰੋਸਾ ਦਿੱਤਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਮਹਿਬੂਬਾ ਮੁਫ਼ਤੀ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਇਨ੍ਹਾਂ ਰਿਪੋਰਟਾਂ ਤੋਂ ਬਾਅਦ ਕੀਤੀ ਗਈ ਕਿ ਜੰਮੂ ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਦਰਜੇ ਸਬੰਧੀ ਸੰਵਿਧਾਨਕ ਧਾਰਾਵਾਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਗਠਜੋੜ ਦੇ ਏਜੰਡੇ ਦੀ ਬੁਨਿਆਦ ਧਾਰਾ 370 ’ਤੇ ਟਿਕੀ ਹੋਈ ਹੈ ਅਤੇ ਦੋਵੇਂ ਪਾਰਟੀਆਂ (ਪੀਡੀਪੀ-ਭਾਜਪਾ) ਇਸ ਖ਼ਿਲਾਫ਼ ਨਹੀਂ ਜਾ ਸਕਦੀਆਂ। ਜਦੋਂ ਇਸ ਮੁੱਦੇ ’ਤੇ ਵਾਰ ਵਾਰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਨੇ ਗਠਜੋੜ ਦੇ ਏਜੰਡੇ ਲਈ 100 ਫ਼ੀਸਦੀ ਪੂਰਾ ਭਰੋਸਾ ਦਿੱਤਾ ਹੈ।’’ ਉਨ੍ਹਾਂ ਮੁਤਾਬਕ ਸ੍ਰੀ ਮੋਦੀ ਨੇ ਬੈਠਕ ਦੌਰਾਨ ਉਠਾਏ ਗਏ ਮੁੱਦਿਆਂ ’ਤੇ ਹਾਂਪੱਖੀ ਹੁੰਗਾਰਾ ਭਰਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਜ਼ਖ਼ਮਾਂ ’ਤੇ ਹੁਣ ਜਦੋਂ ਮੱਲ੍ਹਮ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਧਾਰਾ 35ਏ ’ਤੇ ਬਹਿਸ ਨਾਲ ਲੋਕਾਂ ’ਚ ਗਲਤ ਪ੍ਰਭਾਵ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਪਛਾਣ ਦਾਅ ’ਤੇ ਹੈ ਅਤੇ ਕੇਂਦਰ ਨੂੰ ਸੁਨੇਹਾ ਦੇਣਾ ਚਾਹੀਦਾ ਹੈ ਕਿ ਸੂਬੇ ਦਾ ਵਿਸ਼ੇਸ਼ ਦਰਜਾ ਬਹਾਲ ਰੱਖਿਆ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸੂਬੇ ਦੇ ਹਾਲਾਤ ਤੋਂ ਵੀ ਜਾਣੂ ਕਰਵਾਇਆ ਅਤੇ ਕਿਹਾ ਕਿ ਜੰਮੂ ਕਸ਼ਮੀਰ ਦੇ ਹਾਲਾਤ ਹੌਲੀ ਹੌਲੀ ਸੁਧਰ ਰਹੇ ਹਨ।

 

 

fbbg-image

Latest News
Magazine Archive