ਭਾਜਪਾ ਨੇ ਅਨਸਾਰੀ ਵਾਲੀ ਖਿਝ ਨਾਇਡੂ ਦੇ ਸਵਾਗਤ ਮੌਕੇ ਲਾਹੀ


ਨਵੀਂ ਦਿੱਲੀ - ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਦੇ ‘ਘੱਟਗਿਣਤੀਆਂ ਵਿੱਚ ਅਸੁਰੱਖਿਆ’ ਅਤੇ ‘ਆਲੋਚਨਾ ਬਿਨਾਂ ਜਮਹੂਰੀਅਤ ਦੇ ਤਾਨਾਸ਼ਾਹੀ ਬਣਨ’ ਸਬੰਧੀ ਬਿਆਨਾਂ ਤੋਂ ਬੁਰੀ ਤਰ੍ਹਾਂ ਵੱਟ ਖਾਧੀ ਭਾਜਪਾ ਦੀ ਖਿੱਝ ਅੱਜ ਉਨ੍ਹਾਂ ਦੇ ਉਤਰਅਧਿਕਾਰੀ ਐਮ.ਵੈਂਕਈਆ ਨਾਇਡੂ ਦੇ ਰਾਜ ਸਭਾ ਦੇ ਚੇਅਰਮੈਨ ਵਜੋਂ ਸਵਾਗਤ ਮੌਕੇ ਸਾਹਮਣੇ ਆਈ।
ਭਾਜਪਾ ਵੱਲੋਂ ਘੱਟੋ-ਘੱਟ ਦੋ ਵਾਰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਨਾਂ ਸ੍ਰੀ ਨਾਇਡੂ ਦੇ ਨਾਲ ਕਾਫ਼ੀ ਚਾਅ ਨਾਲ ਲੈ ਕੇ ਇਹ ਜਚਾਉਣ ਕੋਸ਼ਿਸ਼ ਕੀਤੀ ਗਈ ਕਿ ਉਹ ਵੀ ਕਾਂਗਰਸੀ ਪਿਛੋਕੜ ਦੇ ਬਾਵਜੂਦ ਮੌਜੂਦਾ ਨਿਜ਼ਾਮ ਬਾਰੇ ਕੋਈ ਤਲਖ਼ ਟਿੱਪਣੀ ਕੀਤੇ ਬਿਨਾਂ ਅਹੁਦੇ ਤੋਂ ਲਾਂਭੇ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਜਪਾ ਆਗੂਆਂ ਦੇ ਸਾਦਗੀ ਵਾਲੇ ਪਿਛੋਕੜ ਤੇ ਕਾਂਗਰਸੀਆਂ ਦੀ ਅਮੀਰੀ ’ਤੇ ਤਨਜ਼ ਕੀਤਾ। ਇਸ ਤੋਂ ਪਹਿਲਾਂ ਸ੍ਰੀ ਨਾਇਡੂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਉਪ ਰਾਸ਼ਟਰਪਤੀ ਵਜੋਂ ਅਹੁਦੇ ਤੇ ਰਾਜ਼ਦਾਰੀ ਦਾ ਹਲਫ਼ ਦਿਵਾਇਆ। ਸ੍ਰੀ ਅਨਸਾਰੀ ਨੇ ਬੀਤੇ ਦਿਨ ਆਪਣੀ ਵਿਦਾਇਗੀ ਦੌਰਾਨ ਸਾਬਕਾ ਉਪ ਰਾਸ਼ਟਰਪਤੀ ਡਾ. ਐਸ. ਰਾਧਾਕ੍ਰਿਸ਼ਨਨ ਦੇ ਹਵਾਲੇ ਨਾਲ ‘ਲੋਕਤੰਤਰ ਦੇ ਤਾਨਾਸ਼ਾਹੀ ਬਣ’ ਦਾ ਜ਼ਿਕਰ ਕੀਤਾ ਸੀ। ਇਸ ਦੇ ਜਵਾਬ ਵਿੱਚ ਉਨ੍ਹਾਂ ਦਾ ਨਾਂ ਲਏ ਬਿਨਾਂ ਰਾਜ ਸਭਾ ਦੇ ਆਗੂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ: ‘‘ਡਾ. ਰਾਧਾਕ੍ਰਿਸ਼ਨਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੰਸਦ ਵਿੱਚ ਸਰਕਾਰ ਦੀ ਤਾਨਾਸ਼ਾਹੀ ਨਹੀਂ ਚੱਲ ਸਕਦੀ… ਪਰ ੲਿਥੇ ਵੈੱਲ (ਚੇਅਰਮੈਨ ਦੇ ਆਸਣ ਦੇ ਅੱਗੇ ਵਾਲੀ ਥਾਂ, ਜਿਥੇ ਵਿਰੋਧੀ ਮੈਂਬਰ ਨਾਅਰੇਬਾਜ਼ੀ ਕਰਦੇ ਹਨ) ਦੀ ਤਾਨਾਸ਼ਾਹੀ ਵੀ ਨਹੀਂ ਹੋ ਸਕਦੀ।’’ ਵਿਰੋਧੀ ਧਿਰ ਵੱਲੋਂ ਸ੍ਰੀ ਨਾੲਿਡੂ ਨੂੰ ਕੀਤੀ ਬੇਨਤੀ ਕਿ ਉਹ ਵੀ ਸ੍ਰੀ ਅਨਸਾਰੀ ਵਾਂਗ ਹੰਗਾਮੇ ਦੌਰਾਨ ਬਿਲ ਪਾਸ ਕੀਤੇ ਜਾਣ ਦੀ ੲਿਜਾਜ਼ਤ ਨਾ ਦੇਣ, ਬਾਰੇ ਬੋਲਦਿਆਂ ਸ੍ਰੀ ਜੇਤਲੀ ਨੇ ਕਿਹਾ ੲਿਸ ਸਿਧਾਂਤ ਦਾ ਜ਼ਿਆਦਾਤਰ ਪਾਲਣ 2014 ਤੋਂ ਬਾਅਦ (ਭਾਜਪਾ ਦੀ ਅਗਵਾਈ ਵਾਲੀ ਐਨਡੀਏ ਹਕੂਮਤ ਦੌਰਾਨ) ਕੀਤਾ ਗਿਆ ਹੈ, ਪਹਿਲਾਂ ਨਹੀਂ।
ਸ੍ਰੀ ਮੋਦੀ ਨੇ ਕਾਂਗਰਸ ’ਤੇ ਤਨਜ਼ ਕੱਸਦਿਆਂ ਭਾਜਪਾ ਆਗੂਆਂ ਦੇ ਸਾਦਗੀ ਭਰੇ ਪਿਛੋਕਡ਼ ਦੀ ਗੱਲ ਕੀਤੀ। ਇਸ ਦੇ ਜਵਾਬ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਖ਼ੁਸ਼ਹਾਲ ਪਿਛੋਕਡ਼ ਵਾਲੇ ਕਾਂਗਰਸੀਆਂ ਜਿਵੇਂ ਮੋਤੀ ਲਾਲ ਨਹਿਰੂ ਤੇ ਜਵਾਹਰ ਲਾਲ ਨਹਿਰੂ ਆਦਿ ਦੇ ਆਜ਼ਾਦੀ ਲਹਿਰ ਵਿੱਚ ਯੋਗਦਾਨ ਦਾ ਜ਼ਿਕਰ ਕੀਤਾ।

 

 

fbbg-image

Latest News
Magazine Archive