ਮਦਰੱਸਿਆਂ ਨੂੰ ਆਜ਼ਾਦੀ ਦਿਹਾੜਾ ਮਨਾਉਣ ਦਾ ਫ਼ੁਰਮਾਨ


ਲਖਨਊ - ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਰਾਜ ਵਿਚਲੇ ਸਾਰੇ ਮਦਰੱਸਿਆਂ (ਇਸਲਾਮਿਕ ਸਕੂਲਾਂ) ਨੂੰ ਆਜ਼ਾਦੀ ਦਿਹਾੜਾ ਮਨਾਉਣ ਦਾ ਫ਼ੁਰਮਾਨ ਸੁਣਾਉਂਦਿਆਂ, ਇਨ੍ਹਾਂ ਦੀ ਵੀਡੀਓਗ੍ਰਾਫ਼ੀ ਕਰਨ ਲਈ ਵੀ ਕਿਹਾ ਹੈ। ਸਰਕਾਰੀ ਸਰਕੁਲਰ ਮੁਤਾਬਕ 15 ਅਗਸਤ ਨੂੰ ਹੋਣ ਵਾਲੇ ਇਨ੍ਹਾਂ ਸਮਾਗਮਾਂ ਦੌਰਾਨ ਜਿੱਥੇ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ, ਉਥੇ ਰਾਸ਼ਟਰੀ ਗੀਤ ਗਾਉਣ ਤੋਂ ਇਲਾਵਾ ਅਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਰਾਜ ਦੇ ਘੱਟਗਿਣਤੀਆਂ ਦੀ ਭਲਾਈ ਬਾਰੇ ਮੰਤਰੀ ਲਕਸ਼ਮੀ ਨਰਾਇਣ ਚੌਧਰੀ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਪ੍ਰੇਰਨਾ ਮਿਲੇਗੀ ਬਲਕਿ ਉਨ੍ਹਾਂ ਨੂੰ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਬਾਰੇ ਵੀ ਪਤਾ ਲੱਗੇਗਾ। ਚੌਧਰੀ ਨੇ ਕਿਹਾ ਕਿ ਜਦੋਂ ਕੌਮੀ ਤਿਓਹਾਰਾਂ ਦੀ ਗੱਲ ਤੁਰਦੀ ਹੈ ਤਾਂ ਪੂਰਾ ਮੁਲਕ ਇਨ੍ਹਾਂ ਨੂੰ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਮਦਰੱਸਿਆਂ ਨੂੰ ਕੌਮੀ ਤਿਓਹਾਰਾਂ ਵਿੱਚ ਸ਼ਿਰਕਤ ਕਰਨ ਤੋਂ ਖੁ਼ਦ ਨੂੰ ਨਹੀਂ ਰੋਕਿਆ ਜਾਣਾ ਚਾਹੀਦਾ। ਯਾਦ ਰਹੇ ਕਿ ਯੂਪੀ ਵਿੱਚ ਇਸ ਵੇਲੇ 8 ਹਜ਼ਾਰ ਦੇ ਕਰੀਬ ਮਦਰੱਸੇ ਹਨ, ਜੋ ਸਰਕਾਰੀ ਅਦਾਰੇ ਯੂਪੀ ਮਦਰੱਸਾ ਸ਼ਿਕਸ਼ਾ ਪ੍ਰੀਸ਼ਦ ਵੱਲੋਂ ਮਾਨਤਾ ਪ੍ਰਾਪਤ ਹਨ। ਚੌਧਰੀ ਨੇ ਕਿਹਾ ਆਜ਼ਾਦੀ ਦਿਹਾੜੇ ਮੌਕੇ ਮਦਰੱਸਿਆਂ ਵਿੱਚ ਹੋਣ ਵਾਲੇ ਸਮਾਗਮਾਂ ਦੀ ਵੀਡੀਓਗ੍ਰਾਫ਼ੀ ਤੇ ਫ਼ੋਟੋਗ੍ਰਾਫ਼ੀ ਦੋਵੇਂ ਕੀਤੇ ਜਾਣਗੇ ਤਾਂ ਕਿ ਚੰਗੇ ਪ੍ਰੋਗਰਾਮਾਂ ਨੂੰ  ਹੱਲਾਸ਼ੇਰੀ ਦੇ ਕੇ ਇਨ੍ਹਾਂ ਨੂੰ ਭਵਿੱਖ ’ਚ ਮੁੜ ਦੁਹਰਾਇਆ ਜਾ ਸਕੇ। ਮਦਰੱਸਿਆਂ ਲਈ ਜਾਰੀ ਹੁਕਮਾਂ ਦੀ ਲੋੜ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ,‘ਮਦਰੱਸੇ ਸਰਕਾਰ ਕੋਲੋਂ ਫ਼ੰਡ ਲੈਂਦੇ ਹਨ, ਲਿਹਾਜ਼ਾ ਉਨ੍ਹਾਂ ਨੂੰ ਆਜ਼ਾਦੀ ਦਿਹਾੜੇ ਸਮੇਤ ਹੋਰ ਕੌਮੀ ਤਿਓਹਾਰ ਮਨਾਉਣੇ ਚਾਹੀਦੇ ਹਨ।’ ਆਪਣੇ ਸਿਆਸੀ ਵਿਰੋਧੀਆਂ ’ਤੇ ਚੁਟਕੀ ਲੈਂਦਿਆਂ ਮੰਤਰੀ ਨੇ ਕਿਹਾ,‘ਜਿਹੜੇ ਲੋਕਾਂ ਨੂੰ ਸਰਕਾਰ ਦੀ ਨੀਅਤ ਵਿੱਚ ਖੋਟ ਨਜ਼ਰ ਆਉਂਦਾ ਹੈ ਤੇ ਜਿਹੜੇ ਉਸ ’ਤੇ ਤੁਹਮਤਾਂ ਲਾਉਂਦੇ ਹਨ, ਮੈਨੂੰ ਉਨ੍ਹਾਂ ਦੇ ਭਾਰਤੀ ਹੋਣ ’ਤੇ ਸ਼ੱਕ ਹੈ।’
‘ਵੰਦੇ ਮਾਤਰਮ’ ਸਕੂਲਾਂ ’ਚ ਲਾਜ਼ਮੀ ਹੋਵੇ: ਪੁਰੋਹਿਤ
ਮੁੰਬਈ - ਮਹਾਰਾਸ਼ਟਰ ਅਸੈਂਬਲੀ ’ਚ ਭਾਜਪਾ ਦੇ ਚੀਫ਼ ਵ੍ਹਿਪ ਰਾਜ ਪੁਰੋਹਿਤ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਮੁਲਕ ਦੇ ਸਾਰੇ ਸਕੂਲਾਂ ’ਚ ਕੌਮੀ ਗੀਤ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਕਰੇ। ਚੇਤੇ ਰਹੇ ਕਿ ਮਹਾਰਾਸ਼ਟਰ ਸਰਕਾਰ ’ਚ ਭਾਈਵਾਲ ਸ਼ਿਵ ਸੈਨਾ ਦੀ ਅਗਵਾਈ ਵਾਲੀ ਮੁੰਬਈ ਦੀ ਮਿਉਂਸਿਪਲ ਕਾਰਪੋਰੇਸ਼ਨ ਨੇ ਬੀਤੇ ਦਿਨ ਨਿਗਮ ਅਧੀਨ ਚਲਦੇ ਸਕੂਲਾਂ ’ਚ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਕਰ ਦਿੱਤਾ ਸੀ। ਪੁਰੋਹਿਤ ਨੇ ਅੱਜ ਅਸੈਂਬਲੀ ’ਚ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।

 

 

fbbg-image

Latest News
Magazine Archive