ਕੋਹਲੀ ਸੈਨਾ ਦੀ ਸ੍ਰੀਲੰਕਾ ’ਤੇ ਵਿਰਾਟ ਜਿੱਤ


ਦੂਜੈ ਟੈਸਟ ਮੈਚ ’ਚ ਪਾਰੀ ਤੇ 53 ਦੌੜਾਂ ਨਾਲ ਦਿੱਤੀ ਮਾਤ; ਟੈਸਟ ਕ੍ਰਿਕਟ ਲੜੀ ’ਚ 2-0 ਦੀ ਜੇਤੂ ਲੀਡ
ਕੋਲੰਬੋ - ਰਵਿੰਦਰ ਜਡੇਜਾ ਦੀ ਫਿਰਕੀ ਦੇ ਜਾਦੂ ਨਾਲ ਭਾਰਤ ਨੇ ਸਲਾਮੀ ਬੱਲੇਬਾਜ਼ ਦਿਮੁਥ ਕਰੁਣਾਰਤਨੇ ਦੇ ਜੁਝਾਰੂ ਸੈਂਕੜੇ ਦੇ ਬਾਵਜੂਦ ਦੂਜੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਹੀ ਦਿਨ ਚਾਹ ਤੋਂ ਪਹਿਲਾਂ ਸ੍ਰੀਲੰਕਾ ਨੂੰ ਪਾਰੀ ਤੇ 53 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 2-0 ਨਾਲ ਜੇਤੂ ਲੀਡ ਬਣਾ ਲਈ ਹੈ। ਦੁਨੀਆਂ ਦੀ ਨੰਬਰ ਇੱਕ ਟੀਮ ਭਾਰਤ ਨੇ ਲਗਾਤਾਰ ਅੱਠਵੀਂ ਲੜੀ ਜਿੱਤੀ ਹੈ ਅਤੇ 2014-15 ’ਚ ਆਸਟਰੇਲੀਆ ’ਚ ਚਾਰ ਟੈਸਟ ਮੈਚਾਂ ਦੀ ਲੜੀ 2-0 ਨਾਲ ਗੁਆਉਣ ਮਗਰੋਂ ਟੀਮ ਇੰਡੀਆ ਨੇ ਕੋਈ ਵੀ ਟੈਸਟ ਲੜੀ ਨਹੀਂ ਗੁਆਈ ਹੈ। ਵਿਰਾਟ ਕੋਹਲੀ ਦੀ ਕਪਤਾਨੀ ’ਚ ਭਾਰਤ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਹੈ।
ਇੱਕ ਸਮੇਂ ਕਰੁਣਾਰਤਨੇ (141) ਦੀ ਪਾਰੀ ਦੀ ਬਦੌਲਤ ਸ੍ਰੀਲੰਕਾ ਦੀ ਟੀਮ ਚਾਰ ਵਿਕਟਾਂ ’ਤੇ 310 ਦੌੜਾਂ ਬਣਾ ਕੇ ਚੰਗੀ ਸਥਿਤੀ ’ਚ ਦਿਖਾਈ ਦੇ ਰਹੀ ਸੀ, ਪਰ ਟੈਸਟ ਕ੍ਰਿਕਟ ’ਚ ਨੌਵੀਂ ਵਾਰ ਪਾਰੀ ’ਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਜਡੇਜਾ (152 ਦੌੜਾਂ ’ਤੇ ਪੰਜ ਵਿਕਟਾਂ) ਦੀ ਸਪਿੰਨ ਗੇਂਦਬਾਜ਼ੀ ਸਾਹਮਣੇ ਮੇਜ਼ਬਾਨ ਟੀਮ ਨੇ ਆਪਣੀਆਂ ਆਖਰੀ ਛੇ ਵਿਕਟਾਂ 76 ਦੌੜਾਂ ਅੰਦਰ ਹੀ ਗੁਆ ਦਿੱਤੀਆਂ ਅਤੇ ਫਾਲੋਆਨ ਖੇਡ ਰਹੀ ਪੂਰੀ ਟੀਮ 116.5 ਓਵਰਾਂ ’ਚ 386 ਦੌੜਾਂ ਬਣਾ ਕੇ ਆਊਟ ਹੋ ਗਈ। ਕਰੁਣਾਰਤਨੇ ਨੇ ਕੁਸ਼ਾਲ ਮੈਂਡਿਸ (110) ਨਾਲ ਕੱਲ ਦੂਜੀ ਵਿਕਟ ਦੀ 191 ਦੌੜਾਂ ਦੀ ਭਾਈਵਾਲੀ ਕਰਨ ਮਗਰੋਂ ਅੱਜ ਮਲਿੰਦਾ ਪੁਸ਼ਪਕੁਮਾਰ (16) ਨਾਲ ਤੀਜੀ ਵਿਕਟ ਲਈ 40 ਅਤੇ ਏਂਜਲੋ ਮੈਥਿਊਜ਼ ਨਾਲ ਪੰਜਵੀਂ ਵਿਕਟ ਲਈ 69 ਦੌੜਾਂ ਜੋੜੀਆਂ, ਪਰ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਜਡੇਜਾ ਤੋਂ ਇਲਾਵਾ ਹਾਰਦਿਕ ਪਾਂਡਿਆ (31 ਦੌੜਾਂ ’ਤੇ ਦੋ ਵਿਕਟਾਂ) ਅਤੇ ਰਵੀਚੰਦਰਨ ਅਸ਼ਵਿਨ (132 ਦੌੜਾਂ ’ਤੇ ਦੋ ਵਿਕਟਾਂ) ਨੇ ਵੀ ਦੋ-ਦੋ ਵਿਕਟਾਂ ਹਾਸਲ ਕੀਤੀਆਂ।
ਭਾਰਤ ਨੇ ਪਹਿਲੀ ਪਾਰੀ ਨੌਂ ਵਿਕਟਾਂ ’ਤੇ 622 ਦੌੜਾਂ ਬਣਾ ਕੇ ਸਮਾਪਤ ਐਲਾਨ ਦਿੱਤੀ ਸੀ ਜਿਸ ਦੇ ਜਵਾਬ ਵਿੱਚ ਸ੍ਰੀਲੰਕਾ ਦੀ ਟੀਮ 183 ਦੌੜਾਂ ਹੀ ਬਣਾ ਸਕੀ ਸੀ ਤੇ ਉਸ ਫਾਲੋਆਨ ਲਈ ਮਜਬੂਰ ਹੋਣਾ ਪਿਆ। ਲੜੀ ਦਾ ਤੀਜਾ ਤੇ ਆਖਰੀ ਟੈਸਟ ਮੈਚ 12 ਅਗਸਤ ਨੂੰ ਕੈਂਡੀ ਦੇ ਪੱਲੇਕਲ ਕੌਮਾਂਤਰੀ ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾਵੇਗਾ।
ਤੀਜੇ ਟੈਸਟ ਮੈਚ ਤੋਂ ਜਡੇਜਾ ਬਾਹਰ
ਦੁਬਈ - ਕੌਮਾਂਤਰੀ ਕ੍ਰਿਕਟ ਕੌਂਸਲ ਨੇ ਵਿਸ਼ਵ ਦੇ ਨੰਬਰ ਇੱਕ ਟੈਸਟ ਗੇਂਦਬਾਜ਼ ਭਾਰਤ ਦੇ ਰਵਿੰਦਰ ਜਡੇਜਾ ਨੂੰ ਆਈਸੀਸੀ ਦੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਸ੍ਰੀਲੰਕਾ ਖ਼ਿਲਾਫ਼ ਪੱਲੇਕਲ ’ਚ ਤੀਜੇ ਤੇ ਆਖਰੀ ਟੈਸਟ ਮੈਚ ਲਈ ਮੁਅੱਤਲ ਕਰ ਦਿੱਤਾ ਹੈ। ਆਈਸੀਸੀ ਨੇ ਦੱਸਿਆ ਕਿ ਜਡੇਜਾ ਨੂੰ ਸ੍ਰੀਲੰਕਾ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਸ਼ਨਿਚਰਵਾਰ ਨੂੰ ਗਲਤ ਢੰਗ ਨਾਲ ਥ੍ਰੋਅ ਸੁੱਟਣ ਦਾ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ’ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਵੀ ਲਾਇਆ ਗਿਆ ਹੈ ਅਤ ਤਿੰਨ ਅਯੋਗਤਾ ਅੰਕ ਵੀ ਉਸ ਦੇ ਖਾਤੇ ’ਚ ਜੋੜ ਦਿੱਤੇ ਗਏ ਹਨ।
 

 

 

fbbg-image

Latest News
Magazine Archive