ਕੈਪਟਨ ਦੀ ਬੇੜੀ ਵਿੱਚ ਵੱਟੇ ਪਾ ਸਕਦਾ ਹੈ ਅਫ਼ਸਰਾਂ ਦਾ ‘ਕਲੇਸ਼’


ਚੰਡੀਗੜ੍ਹ - ਪੰਜਾਬ ਦੀ ਅਫ਼ਸਰਸ਼ਾਹੀ ਵਿਚਲਾ ‘ਕਲੇਸ਼’ ਕੈਪਟਨ ਸਰਕਾਰ ਲਈ ਵੱਡੀ ਸਿਰਦਰਦੀ ਬਣਦਾ ਜਾ ਰਿਹਾ ਹੈ। ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਅਦਾਲਤ ਵਿੱਚ ਦਿੱਤੀ ਚੁਣੌਤੀ ਨੂੰ ਅਫ਼ਸਰਾਂ ਵਿਚਲੇ ਕਲੇਸ਼ ਨਾਲ ਜੋੜ ਕੇ ਹੀ ਦੇਖਿਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਜ ਦੇ ਇੱਕ ਸੀਨੀਅਰ ਆਈਏਐਸ ਅਧਿਕਾਰੀ ਜਿਸ ਦਾ ਪਿਛੋਕੜ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ, ਨੇ ਕੁਝ ਸੇਵਾ ਮੁਕਤ ਤੇ ਨੌਕਰੀਯਾਫ਼ਤਾ ਅਧਿਕਾਰੀਆਂ ਦੀ ‘ਗੁੱਝੀ ਹਮਾਇਤ’ ਨਾਲ ਮੁੱਖ ਮੰਤਰੀ ਦਫ਼ਤਰ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਅਤੇ ਸਰਕਾਰ ਵਿਚਲੇ ਕੁਝ ਚਰਚਿਤ ‘ਸਲਾਹਕਾਰਾਂ’ ਦੀ ਸਰਗਰਮ ਭੂਮਿਕਾ ਦੱਸੀ ਜਾ ਰਹੀ ਹੈ। ਇਸ ਮੁਹਿੰਮ ਨਾਲ ਮੁੱਖ ਮੰਤਰੀ ਦਫ਼ਤਰ ਦਾ ਕੰਮ ਵੀ ਪ੍ਰਭਾਵਿਤ ਹੋਣ ਲੱਗਿਆ ਹੈ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੁਰੇਸ਼ ਕੁਮਾਰ ਨਾਲ ਜੁੜੇ ਮਾਮਲੇ ਨੂੰ ਸ਼ਾਂਤ ਕਰਨ ਲਈ ਦੋ ਮੰਤਰੀਆਂ ਬ੍ਰਹਮ ਮਹਿੰਦਰਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀਆਂ ਸੇਵਾਵਾਂ ਲਈਆਂ ਹਨ। ਅਫ਼ਸਰਾਂ ਦੇ ਆਪਸੀ ‘ਕਲੇਸ਼’ ਸਬੰਧੀ ਮੁੱਖ ਮੰਤਰੀ ਨੇ ਬਾਅਦ ਦੁਪਹਿਰ ਕੁਝ ਚੋਣਵੇਂ ਅਫ਼ਸਰਾਂ ਨਾਲ ਚਰਚਾ ਵੀ ਕੀਤੀ। ਇੱਕ ਮੰਤਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਤਾਜ਼ਾ ਘਟਨਾਕ੍ਰਮ ਕੈਪਟਨ ਸਰਕਾਰ ਨੂੰ ਅਸਥਿਰ ਕਰਨ ਦੀ ਚਾਲ ਵੀ ਹੋ ਸਕਦਾ ਹੈ ਕਿਉਂਕਿ ਕੌਮੀ ਪੱਧਰ ’ਤੇ ਭਾਜਪਾ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਅਸਥਿਰ ਕਰਨ ਦਾ ਕੰਮ ਹੋ ਰਿਹਾ ਹੈ।
ਇਸ ਮਸਲੇ ਦਾ ਅਸਰ ਭਲਕੇ ਹੋਣ ਵਾਲੀ ਕੈਬਨਿਟ ਦੀ ਮੀਟਿੰਗ ’ਚ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਕੁਝ ਮੰਤਰੀਆਂ ਵੱਲੋਂ ਮੀਟਿੰਗ ਦੌਰਾਨ ਇਹ ਮਾਮਲਾ ਉਠਾਏ ਜਾਣ ਦੇ ਆਸਾਰ ਹਨ। ਸਰਕਾਰੀ ਸੂਤਰਾਂ ਮੁਤਾਬਕ ਅਫ਼ਸਰਾਂ ਦੇ ਇੱਕ ਧੜੇ ਵੱਲੋਂ ਸਰਕਾਰ ਵਿਰੁੱਧ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕੁਝ ਅਫ਼ਸਰਾਂ ਦੀਆਂ ਗਤੀਵਿਧੀਆਂ ਬਾਰੇ ਦੋ ਕੁ ਮਹੀਨੇ ਪਹਿਲਾਂ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਸਰਕਾਰ ਖ਼ਿਲਾਫ਼ ਸਰਗਰਮ ਧਿਰਾਂ ਇਹ ਮੰਨ ਕੇ ਚੱਲ ਰਹੀਆਂ ਹਨ ਕਿ ਆਮ ਲੋਕਾਂ ਵਿੱਚ ਕੈਪਟਨ ਸਰਕਾਰ ਦਾ ਅਕਸ ਬਹੁਤਾ ਚੰਗਾ ਨਹੀਂ ਹੈ। ਜ਼ਿਕਰਯੋਗ ਹੈ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਵੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

 

 

fbbg-image

Latest News
Magazine Archive