ਬਰਤਾਨੀਆ ਸਰਕਾਰ ਊਧਮ ਸਿੰਘ ਦਾ ਸਾਮਾਨ ਦੇਣ ਤੋਂ ਇਨਕਾਰੀ


ਸੁਨਾਮ - ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਸੁਨਾਮ ਦੇ ਸ਼ਹੀਦ ਊਧਮ ਸਿੰਘ ਨੂੰ 77 ਸਾਲ ਪਹਿਲਾਂ ਅੱਜ ਹੀ ਦੇ ਦਿਨ ਫ਼ਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ। ਉਸ ਦੀ ਗਿ੍ਰਫ਼ਤਾਰੀ ਮੌਕੇ ਅਤੇ  ਪੁਲੀਸ ਵੱਲੋਂ ਬਾਅਦ ’ਚ ਉਸ ਦੀ ਰਿਹਾਇਸ਼ ਤੋਂ ਜੋ ਸਾਮਾਨ ਬਰਾਮਦ ਕੀਤਾ ਗਿਆ ਸੀ, ਉਹ ਸਾਰਾ ਸਾਮਾਨ ਬਰਤਾਨਵੀ ਸਰਕਾਰ ਨੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸੁਨਾਮ ਦੇ ਆਰਟੀਆਈ ਕਾਰਕੁਨ ਅਤੇ ਸਮਾਜ ਸੇਵੀ ਜਤਿੰਦਰ ਜੈਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਪੁੱਛਿਆ ਗਿਆ ਸੀ ਕਿ ਲੰਡਨ ਵਿੱਚ ਸ਼ਹੀਦ ਊਧਮ ਸਿੰਘ ਦੇ ਸਾਮਾਨ ਵਿੱਚ ਕੀ ਕੁਝਪਿਆ ਹੈ ਅਤੇ ਇਸ ਨੂੰ ਵਾਪਸ ਲਿਆਉਣ ਲਈ ਸਰਕਾਰ ਨੇ ਕੀ ਯਤਨ ਕੀਤੇ ਹਨ। ਆਰਟੀਆਈ ਕਾਰਕੁਨ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਪੱਤਰਾਂ  ਦੀਆਂ ਨਕਲਾਂ ਦੀ ਵੀ ਮੰਗ ਕੀਤੀ ਸੀ ਜੋ ਵਿਦੇਸ਼ ਮੰਤਰਾਲੇ ਵੱਲੋਂ ਸ਼ਹੀਦ ਊਧਮ ਸਿੰਘ ਦਾ ਸਾਮਾਨ ਮੰਗਵਾਉਣ ਲਈ ਬਰਤਾਨੀਆ ਸਰਕਾਰ ਨੂੰ ਲਿਖੇ ਗਏ ਸਨ। ਸ੍ਰੀ ਜੈਨ ਨੇ ਦੱਸਿਆ ਕਿ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਇਹ ਮਿਲਿਆ ਹੈ ਕਿ,  ‘ਯੂਕੇ ਦੀ ਸਰਕਾਰ ਨੇ ਮੰਨਿਆ ਹੈ ਕਿ ਊਧਮ ਸਿੰਘ ਦੀ ਰਿਵਾਲਵਰ, ਕੋਬਲਰ ਚਾਕੂ, ਡਾਇਰੀ ਤੇ ਹੋਰ ਸਾਮਾਨ ਜਿਸ ਵਿੱਚ ਗੋਲਾ ਬਾਰੂਦ ਸ਼ਾਮਲ ਹੈ, ਇੰਗਲੈਂਡ ਦੀ  ਮੈਟਰੋਪੋਲਿਟਨ ਪੁਲੀਸ ਕੋਲ ਹਨ। ਊਧਮ ਸਿੰਘ ਖ਼ਿਲਾਫ਼ ਚਲਾਏ ਕੇਸ ਦੀ ਪ੍ਰਾਪਰਟੀ ਦੇ ਰੂਪ ਵਿੱਚ ਇਹ ਸਾਰਾ ਸਾਮਾਨ ਸਾਂਭ ਕੇ ਰੱਖਿਆ ਹੋਇਆ ਹੈ। ਇਸ ਲਈ ਇਸ ਨੂੰ ਵਾਪਿਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਯੂਕੇ ਸਰਕਾਰ ਦੀਆਂ ਨੀਤੀਆਂ ਅਨੁਸਾਰ ਅਜਿਹੇ ਮਾਮਲੇ ਵਿੱਚ ਵਰਤੇ ਸਾਮਾਨ ਨੂੰ ਸਾਂਭ ਕੇ ਰੱਖਣਾ ਜ਼ਰੂਰੀ ਹੁੰਦਾ ਹੈ।’ ਜਦਕਿ ਸ਼ਹੀਦ ਦੇ ਸਾਮਾਨ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਲਿਖੇ ਪੱਤਰਾਂ ਦੀਆਂ ਕਾਪੀਆਂ ਦੇਣ ਤੋਂ ਵਿਦੇਸ਼ ਮੰਤਰਾਲੇ ਨੇ ਜਵਾਬ ਦੇ ਦਿੱਤਾ ਹੈ।
ਆਰਟੀਆਈ ਕਾਰਕੁਨ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਪ੍ਰਤੀ ਰਾਜ ਸਰਕਾਰ ਦੀ ਪੋਲ ਉਦੋਂ ਖੁੱਲ੍ਹੀ ਜਦੋਂ ਉਨ੍ਹਾਂ ਵੱਲੋਂ ਵਿਦੇਸ਼ ਮੰਤਰਾਲੇ ਤੋਂ ਇਹ ਸੂਚਨਾ ਮੰਗੀ ਗਈ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦਾ ਸਾਮਾਨ ਵਾਪਸ ਮੰਗਵਾਉਣ ਲਈ ਕਿੰਨੇ ਕੁ ਪੱਤਰ ਲਿਖੇ ਹਨ। ਇਸ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰਾਲੇ ਨੇ ਖੁਲਾਸਾ ਕੀਤਾ ਕਿ ਸਾਲ 2004  ਵਿੱਚ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਸ਼ਹੀਦ ਦੇ ਸਾਮਾਨ ਨੂੰ ਯੂਕੇ ਸਰਕਾਰ ਤੋਂ ਵਾਪਿਸ ਮੰਗਵਾਉਣ ਲਈ ਬੇਨਤੀ ਕੀਤੀ ਸੀ। ਆਰਟੀਆਈ ਕਾਰਕੁਨ ਅਤੇ ਸਮਾਜ ਸੇਵੀ ਜੈਨ ਨੇ ਕਿਹਾ ਕਿ ਇਸ ਤੋਂ ਸਾਫ਼ ਹੋ ਗਿਆ ਹੈ ਕਿ ਆਏ ਸਾਲ 31 ਜੁਲਾਈ ਨੂੰ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਰਾਜ ਪੱਧਰੀ ਸਮਾਗਮ ਦੌਰਾਨ ਸਰਕਾਰਾਂ ਵੱਲੋਂ ਸ਼ਹੀਦ ਊਧਮ ਸਿੰਘ ਦੀਆਂ ਵਸਤਾਂ ਨੂੰ ਵਾਪਸ ਲਿਆਉਣ ਦੇ ਸਿਰਫ਼ ਦਮਗਜ਼ੇ ਮਾਰੇ ਜਾਂਦੇ ਹਨ ਅਸਲ ਵਿੱਚ ਹਕੀਕਤ ਕੁਝ ਹੋਰ ਹੀ ਹੈ।
ਜ਼ਿਕਰਯੋਗ ਹੈ ਕਿ ਊਧਮ ਸਿੰਘ ਨੂੰ ਕੈਕੰਸਟਨ ਹਾਲ ਵਿੱਚ  ਮਾਈਕਲ ਉਡਵਾਈਰ ਨੂੰ ਗੋਲੀ ਮਾਰਨ ਮਗਰੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ਼੍ਰਿਫ਼ਤਾਰੀ ਦੇ ਦਿੱਤੀ ਸੀ।

 

 

fbbg-image

Latest News
Magazine Archive